ਫਰੀਦਕੋਟ ਲੋਕ ਸਭਾ ਹਲਕੇ ਤੋਂ ਕਰਮਜੀਤ ਅਨਮੋਲ ਅਜ਼ਮਾਉਣਗੇ ਸਿਆਸੀ ਕਿਸਮਤ | Political Stage
ਫਰੀਦਕੋਟ (ਸੁਖਜੀਤ ਮਾਨ)। ਪੰਜਾਬ ਦੀ ਸਿਆਸਤ ’ਚ ਆ ਕੇ ਸਿਆਸੀ ਕਿਸਮਤ ਅਜ਼ਮਾਉਣ ਵਾਲੇ ਕਲਾਕਾਰਾਂ ਦੀ ਸੂਚੀ ’ਚ ਇੱਕ ਹੋਰ ਨਾਂਅ ਜੁੜ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਫਿਲਮੀ ਅਦਾਕਾਰ ਤੇ ਕਲਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ’ਚ ਕਾਫੀ ਕਲਾਕਾਰ ਸਿਆਸੀ ਮੈਦਾਨ ’ਚ ਕੁੱਦੇ ਹਨ, ਜਿਨ੍ਹਾਂ ’ਚੋਂ ਕਈਆਂ ਨੂੰ ਸਿਆਸਤ ਰਾਸ ਆਈ ਹੈ ਤੇ ਕਈ ਪਹਿਲੀ ਵਾਰ ਹੀ ਮਿਲੀ ਹਾਰ ਤੋਂ ਬਾਅਦ ਪਾਸਾ ਵੱਟ ਗਏ। (Political Stage)
ਪੰਜਾਬ ਦੀ ਸਿਆਸਤ ’ਚ ਕਲਾਕਾਰਾਂ ਤੇ ਅਦਾਕਾਰਾਂ ਦਾ ਦਾਖਲਾ ਬਲਵੰਤ ਸਿੰਘ ਰਾਮੂਵਾਲੀਆ ਨੇ ਕਰਵਾਇਆ ਸੀ। ਉਨ੍ਹਾਂ ਵੱਲੋਂ ਬਣਾਈ ਗਈ ‘ਲੋਕ ਭਲਾਈ ਪਾਰਟੀ’ ’ਚ ਸੱਭਿਆਚਾਰਕ ਵਿੰਗ ਦਾ ਗਠਨ ਕਰਕੇ ਕਲਾਕਾਰਾਂ ਨੂੰ ਮੈਂਬਰ ਬਣਾਇਆ ਗਿਆ ਸੀ। ਕਲਾਕਾਰੀ ਤੋਂ ਸਿਆਸਤ ’ਚ ਆਉਣ ਵਾਲਿਆਂ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੁਹੰਮਦ ਸਦੀਕ, ਹੰਸ ਰਾਜ ਹੰਸ, ਅਨਮੋਲ ਗਗਨ ਮਾਨ, ਜੱਸੀ ਜਸਰਾਜ, ਬਲਕਾਰ ਸਿੱਧੂ, ਮਰਹੂਮ ਵਿਨੋਦ ਖੰਨਾ, ਮਰਹੂਮ ਕੁਲਦੀਪ ਮਾਣਕ, ਮਰਹੂਮ ਸਿੱਧੂ ਮੂਸੇ ਵਾਲਾ, ਗੁਰਪ੍ਰੀਤ ਘੁੱਗੀ, ਸਤਵਿੰਦਰ ਬਿੱਟੀ ਮੁੱਖ ਹਨ ਜਦੋਂਕਿ ਮਿਸ ਪੂਜਾ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ ਸੀ ਪਰ ਉਹ ਜ਼ਿਆਦਾ ਸਰਗਰਮ ਨਹੀਂ ਦਿਖਾਈ ਦਿੱਤੇ। (Political Stage)
ਸਤਵਿੰਦਰ ਬਿੱਟੀ ਦੀਆਂ ਸਿਆਸੀ ਸਰਗਰਮੀਆਂ ਵੀ ਹੁਣ ਨਜ਼ਰ ਨਹੀਂ ਆਉਂਦੀਆਂ। ਇਨ੍ਹਾਂ ਕਲਾਕਾਰਾਂ ’ਚੋਂ ਸਿਆਸੀ ਪਿੜ ’ਚ ਆ ਕੇ ਜੋ ਸਫਲ ਹੋਏ ਹਨ ਉਨ੍ਹਾਂ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ, ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ, ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਪ੍ਰਮੁੱਖ ਹਨ। ਬਾਕੀ ਕਲਾਕਾਰਾਂ ’ਚੋਂ ਕਈਆਂ ਨੂੰ ਚੋਣਾਂ ’ਚ ਹਾਰ ਦਾ ਮੂੰਹ ਦੇਖਣਾ ਪਿਆ ਤੇ ਕਈਆਂ ਨੂੰ ਟਿਕਟ ਨਹੀਂ ਮਿਲੀ। ਮਰਹੂਮ ਕੁਲਦੀਪ ਮਾਣਕ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜੀ ਸੀ ਪਰ ਉਹ ਜਿੱਤ ਨਹੀਂ ਸਕੇ ਸੀ।
Political Stage
ਮਰਹੂਮ ਸਿੱਧੂ ਮੂਸੇ ਵਾਲਾ ਨੂੰ ਕਾਂਗਰਸ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਈ ਸੀ ਪਰ ਉਹ ਵੀ ਸਫਲ ਨਾ ਹੋ ਸਕੇ। ਫਿਲਮੀ ਅਦਾਕਾਰ ਸੰਨੀ ਦਿਓਲ ਨੂੰ ਭਾਜਪਾ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਸੀ ਤੇ ਉਹ ਚੋਣ ਜਿੱਤਣ ’ਚ ਸਫਲ ਰਹੇ ਸੀ। ਸੰਨੀ ਦਿਓਲ ਦੀ ਹਲਕੇ ’ਚੋਂ ਰਹੀ ਲੰਬੀ ਗੈਰ ਹਾਜ਼ਰੀ ਕਾਰਨ ਉਨ੍ਹਾਂ ਨੂੰ ਮੁੜ ਉਮੀਦਵਾਰ ਬਣਾਉਣ ਦੀਆਂ ਸੰਭਾਵਨਾਵਾਂ ਵੀ ਘੱਟ ਜਾਪ ਰਹੀਆਂ ਹਨ। ਸੰਨੀ ਦਿਓਲ ਤੋਂ ਪਹਿਲਾਂ ਮਰਹੂਮ ਫਿਲਮੀ ਅਦਾਕਾਰ ਵਿਨੋਦ ਖੰਨਾ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਦੇ ਰਹੇ ਹਨ, ਜਿੰਨ੍ਹਾਂ ਨੇ ਚਾਰ ਵਾਰ ਜਿੱਤ ਹਾਸਿਲ ਕੀਤੀ ਸੀ।
ਪੰਜਾਬ ਤੋਂ ਬਾਹਰ ‘ਹੰਸ’ ਦੀ ਸਿਆਸੀ ਉਡਾਰੀ ਰਹੀ ਸਫਲ
ਗਾਇਕ ਹੰਸ ਰਾਜ ਹੰਸ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਾਲ 2002 ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਮੂਲੀਅਤ ਕਰਕੇ ਕੀਤੀ ਸੀ। ਸਾਲ 2009 ’ਚ ਅਕਾਲੀ ਦਲ ਨੇ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਸੀ ਪਰ ਉਹ ਜਿੱਤ ਨਹੀਂ ਸਕੇ ਸੀ। ਕਈ ਸਾਲ ਬਾਅਦ ਉਹ ਕਾਂਗਰਸ ’ਚ ਸ਼ਾਮਲ ਹੋ ਗਏ ਸੀ ਪਰ ਕਾਂਗਰਸ ਨੇ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ। ਇਸ ਮਗਰੋਂ ਹੰਸ ਨੇ ਭਾਜਪਾ ਦਾ ਪੱਲਾ ਫੜ ਲਿਆ। ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਦੇ ਨੌਰਥ ਵੈਸਟ ਹਲਕੇ ਤੋਂ ਲੋਕ ਸਭਾ ਚੋਣ ਲੜਾਈ ਤਾਂ ਉਹ ਜਿੱਤ ਗਏ। ਇਸ ਵਾਰ ਭਾਜਪਾ ਨੇ ਦਿੱਲੀ ਦੇ ਉਕਤ ਹਲਕੇ ਤੋਂ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ। ਸਿਆਸੀ ਮਾਹਿਰਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਭਾਜਪਾ ਹੰਸ ਰਾਜ ਹੰਸ ਨੂੰ ਜਲੰਧਰ ਹਲਕੇ ਤੋਂ ਚੋਣ ਲੜਾ ਸਕਦੀ ਹੈ।
ਸਦੀਕ ਨੂੰ ਮੁੜ ਮਿਲੀ ਟਿਕਟ ਤਾਂ ਆਹਮੋ-ਸਾਹਮਣੇ ਹੋਣਗੇ ਦੋ ਕਲਾਕਾਰ
ਲੋਕ ਸਭਾ ਹਲਕਾ ਫਰੀਦਕੋਟ ਤੋਂ ਸਾਲ 2019 ਦੀਆਂ ਚੋਣਾਂ ’ਚ ਕਾਂਗਰਸ ਦੀ ਟਿਕਟ ’ਤੇ ਕੌਮਾਂਤਰੀ ਕਲਾਕਾਰ ਮੁਹੰਮਦ ਸਦੀਕ ਨੇ ਚੋਣ ਜਿੱਤੀ ਸੀ। ਇਸ ਵਾਰ ਦੀਆਂ ਚੋਣਾਂ ’ਚ ਵੀ ਜੇਕਰ ਕਾਂਗਰਸ ਨੇ ਮੁਹੰਮਦ ਸਦੀਕ ਨੂੰ ਮੁੜ ਫਰੀਦਕੋਟ ਤੋਂ ਚੋਣ ਮੈਦਾਨ ’ਚ ਉਤਾਰਿਆ ਤਾਂ ਉਨ੍ਹਾਂ ਸਮੇਤ ਦੋ ਕਲਾਕਾਰ ਕਰਮਜੀਤ ਅਨਮੋਲ ਤੇ ਮੁਹੰਮਦ ਸਦੀਕ ਆਹਮੋ-ਸਾਹਮਣੇ ਹੋਣਗੇ।
Also Read : ਪੀਐਮ ਮੋਦੀ ਨੇ ਸ਼ੁਰੂ ਕੀਤੀ ‘ਮੇਰਾ ਭਾਰਤ, ਮੇਰਾ ਪਰਿਵਾਰ’ ਮੁਹਿੰਮ, ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਵੀਡੀਓ