ਕੌਮਾਂਤਰੀ ਕਬੱਡੀ ਟੂਰਨਾਮੈਂਟ ਲਈ ਸਮੁੱਚੇ ਪ੍ਰਬੰਧ ਮੁਕੰਮਲ : ਖੇਡ ਮੰਤਰੀ

Arrangements , International, Kabaddi Tournament,Sports Minister

ਅੱਠ ਵਿਦੇਸ਼ੀ ਟੀਮਾਂ ‘ਚੋਂ ਅਸਟਰੇਲੀਆ ਦੀ ਟੀਮ ਪਹੁੰਚੀ ਤੇ ਬਾਕੀ ਟੀਮਾਂ ਛੇਤੀ ਪਹੁੰਚਣ ਦੀ ਪ੍ਰਗਟਾਈ ਉਮੀਦ

ਸੱਚ ਕਹੂੰ ਨਿਊਜ਼/ਚੰਡੀਗੜ੍ਹ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਦਾ ਉਦਘਾਟਨ 1 ਦਸੰਬਰ ਨੂੰ ਕੀਤਾ ਜਾਵੇਗਾ ਇਸ ਟੂਰਨਮੈਂਟ ‘ਚੋਂ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਨਗਦ ਇਨਾਮ, ਦੂਜੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15 ਲੱਖ ਤੇ 10 ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਜਾਣਕਾਰੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ
ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਸਬੰਧੀ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਟੂਰਨਾਮੈਂਟ ਦੀ ਸ਼ੁਰੂਆਤ 1 ਦਸੰਬਰ ਨੂੰ 1:00 ਵਜੇ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗੀ, ਜਿਸ ਦਾ ਉਦਘਾਟਨ ਉਨ੍ਹਾਂ (ਖੇਡ ਮੰਤਰੀ) ਵੱਲੋਂ ਅਤੇ ਸਮਾਪਤੀ ਸਮਾਰੋਹ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ, ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਜੇਤੂ ਖਿਡਾਰੀਆਂ ਨੂੰ ਬਾਅਦ ਦੁਪਹਿਰ 3:00 ਵਜੇ ਇਨਾਮ ਵੰਡਣਗੇ ਖੇਡ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 9 ਵੱਖ-ਵੱਖ ਦੇਸ਼ਾਂ ਦੇ 160 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ ।

ਮੇਜ਼ਬਾਨ ਭਾਰਤ ਤੋਂ ਇਲਾਵਾ 8 ਦੇਸ਼ਾਂ ਦੀਆਂ ਟੀਮਾਂ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ ਇਨ੍ਹਾਂ ‘ਚ ਯੂਐੱਸਏ, ਆਸਟਰੇਲੀਆ, ਪਾਕਿਸਤਾਨ, ਇੰਗਲੈਂਡ, ਕੈਨੇਡਾ, ਸ੍ਰੀਲੰਕਾ, ਕੀਨੀਆ ਤੇ ਨਿਊਜ਼ੀਲੈਂਡ ਸ਼ਾਮਲ ਹਨ ਇਨ੍ਹਾਂ ‘ਚੋਂ ਅਸਟਰੇਲੀਆ ਦੀ ਟੀਮ ਪਹੁੰਚ ਚੁਕੀ ਹੈ, ਜਦਕਿ ਬਾਕੀ ਟੀਮਾਂ ਛੇਤੀ ਹੀ ਪਹੁੰਚ ਜਾਣਗੀਆਂ ਇਸ ਮੌਕੇ  ਅਡੀਸ਼ਨਲ ਚੀਫ ਸਕੱਤਰ ਖੇਡਾਂ ਸੰਜੇ ਕੁਮਾਰ, ਡਾਇਰੈਕਟਰ ਖੇਡਾਂ ਸੰਜੇ ਪੋਪਲੀ, ਡਿਪਟੀ ਡਾਇਰੈਕਟਰ ਸਪੋਰਟਸ ਕਰਤਾਰ ਸਿੰਘ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਢੂਖੇੜਾ ਤੋਂ ਇਲਾਵਾ ਕਾਂਗਰਸ ਦੇ ਬੁਲਾਰੇ ਰਿੰਪਲ ਮਿੱਡਾ ਵੀ ਹਾਜ਼ਰ ਸਨ।

ਇਨ੍ਹਾਂ ਥਾਵਾਂ ‘ਤੇ ਹੋਣਗੇ ਮੈਚ

ਖੇਡ ਮੰਤਰੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਪਹਿਲੇ ਦਿਨ ਚਾਰ ਮੁਕਾਬਲੇ ਹੋਣਗੇ, ਜਦਕਿ 3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ, 4 ਦਸੰਬਰ ਨੂੰ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ, 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ, 6 ਦਸੰਬਰ ਨੂੰ ਪੋਲੋ ਗਰਾਊਂਡ ਪਟਿਆਲਾ, 8 ਦਸੰਬਰ ਨੂੰ ਸੈਮੀਫਾਈਨਲ ਮੁਕਾਬਲੇ ਚਰਨ ਗੰਗਾ ਸਟੇਡੀਅਮ  ਸ੍ਰੀ ਅਨੰਦਪੁਰ ਸਾਹਿਬ ਤੇ 10 ਦਸੰਬਰ ਨੂੰ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ ਪਹਿਲੇ ਦਿਨ ਚਾਰ ਮੁਕਾਬਲੇ ਹੋਣਗੇ ਜਦਕਿ ਬਾਕੀ ਦਿਨ ਦੋ-ਦੋ ਮੁਕਾਬਲੇ ਖੇਡੇ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here