ਕੀ ਤੁਸੀਂ ਕੋਰੋਨਾ ਯੋਧਿਆਂ ‘ਚ ਅਜੇ ਸ਼ਾਮਿਲ ਨਹੀਂ!
ਕੋਰੋਨਾ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਨਜ਼ਰ ਆ ਰਿਹਾ ਹੈ, ਕੋਰੋਨਾ ਮਹਾਂਮਾਰੀ ਵਿੱਚ ਸ਼ਾਇਦ ਹੀ ਕੋਈ ਐਸਾ ਹੋਵੇ ਜਿਸ ਨੂੰ ਪ੍ਰਭਾਵ ਨਾ ਪਿਆ ਹੋਵੇ ਜਾਂ Àੁਸਦੀ ਰੋਜ਼ਾਨਾ ਜ਼ਿੰਦਗੀ ‘ਤੇ ਇਸ ਭਿਆਨਕ ਵਾਇਰਸ ਦਾ ਕੋਈ ਅਸਰ ਨਾ ਹੋਇਆ ਹੋਵੇ। ਇਸ ਕੋਵਿਡ-19 ਨੇ ਹਰ ਪੱਖ, ਭਾਵੇਂ ਉਹ ਸਮਾਜਿਕ ਹੋਵੇ ਜਾਂ ਆਰਥਿਕ, ਨੂੰ ਗੁੱਝੀ ਸੱਟ ਮਾਰੀ ਹੈ, ਇਸ ਮਹਾਂਮਾਰੀ ਦੀ ਰੋਕਥਾਮ ਅਤੇ ਨਿਯੰਤਰਣ ਲਈ ਸਰਕਾਰਾਂ ਵੀ ਦਿਨ-ਰਾਤ ਕੰਮ ਕਰ ਰਹੀਆਂ ਹਨ। ਇਹ ਠੀਕ ਹੈ ਕਿ ਇਸ ਬਿਮਾਰੀ ਤੋਂ ਬਚਾਅ ਲਈ ਸੁਚੇਤ ਰਹਿਣ ਅਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਘਰ-ਘਰ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਕੋਰੋਨਾ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਫਰੰਟ ਲਾਈਨ ਵਰਕਰ ਮੈਡੀਕਲ, ਪੈਰਾ-ਮੈਡੀਕਲ ਸਟਾਫ, ਪੁਲਿਸ ਕਰਮਚਾਰੀ, ਪੱਤਰਕਾਰ ਅਤੇ ਸਫਾਈ ਸੇਵਕ ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਮੂੰਹ ਤੇ ਨੱਕ ਕਿਸੇ ਕੱਪੜੇ ਜਾਂ ਮਾਸਕ ਨਾਲ ਢੱਕ ਕੇ ਰੱਖਣ ਦਾ ਸੰਦੇਸ਼ ਦੇ ਰਹੇ ਹਨ, ਪਰ ਅਜੇ ਵੀ ਸਾਡੇ ਵੱਲੋਂ ਲਾਪਰਵਾਹੀ ਵਰਤਣਾ ਸ਼ਰਮਨਾਕ ਗੱਲ ਹੈ
ਬਚਪਨ ਤੋਂ ਅਸੀਂ ਸੁਣਦੇ ਅਤੇ ਕਹਿੰਦੇ ਆ ਰਹੇ ਹਾਂ ਕਿ ਏਕਤਾ ਵਿੱਚ ਬਲ ਹੈ ਸਾਡੇ ਦੇਸ਼ ‘ਤੇ ਜੇ ਕੋਈ ਮੁਸੀਬਤ ਆਈ ਤਾਂ ਅਸੀਂ ਇੱਕ ਹੋ ਕੇ ਮੁਕਾਬਲਾ ਕਰਾਂਗੇ, ਪਰ ਅਜੇ ਜ਼ਿਆਦਾਤਰ ਲੋਕਾਂ ਨੂੰ ਇਹ ਮਹਾਂਮਾਰੀ ਕੋਈ ਵੱਡੀ ਮੁਸੀਬਤ ਨਹੀਂ ਲੱਗ ਰਹੀ ਜੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਣਗਹਿਲੀਆਂ ਕਰਕੇ ਕਰੋੜਾਂ ਰੁਪਏ ਚਲਾਣ ਭਰ ਚੁੱਕੇ ਹਨ ਪਰ ਸਰਕਾਰਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਜਦਕਿ ਅੱਜ ਲੋੜ ਹੈ ਗੰਭੀਰਤਾ ਦਿਖਾਉਣ ਦੀ, ਜਾਗਰੂਕ ਹੋਣ ਦੀ ਤੇ ਦੂਸਰਿਆਂ ਨੂੰ ਸੁਚੇਤ ਕਰਨ ਦੀ ਤਾਂ ਜੋ ਇਸ ਕੋਵਿਡ-19 ਦੀ ਚੇਨ ਨੂੰ ਤੋੜਿਆ ਜਾ ਸਕੇ, ਇਹ ਬਿਮਾਰੀ ਇੱਕ ਛੂਤ ਦੀ ਬਿਮਾਰੀ ਹੈ ਜੋ ਲਾਗ ਨਾਲ ਅੱਗੇ ਫੈਲਦੀ ਹੈ। ਇਸ ਲਈ ਘਰੋਂ ਕੋਈ ਜਰੂਰੀ ਕੰਮ ਹੋਣ ‘ਤੇ ਹੀ ਬਾਹਰ ਜਾਓ ਤੇ ਬਾਹਰ ਜਾਣ ਲੱਗਿਆਂ ਸਾਵਧਾਨੀਆਂ ਵਰਤਣਾ ਨਾ ਭੁੱਲੋ।
ਦੇਸ਼ਾਂ-ਵਿਦੇਸ਼ਾਂ ਤੋਂ ਇਹ ਵਾਇਰਸ ਪਿੰਡ, ਸ਼ਹਿਰ ਅਤੇ ਸਾਡੇ ਮੁਹੱਲਿਆਂ ਤੱਕ ਤਾਂ ਪਹੁੰਚ ਗਿਆ ਹੈ ਤੇ ਹੁਣ ਕਿਤੇ ਇਹ ਵਾਇਰਸ ਸਾਡੇ ਘਰ ਦਸਤਕ ਨਾ ਦੇ ਦੇਵੇ, ਇਸ ਤੋਂ ਪਹਿਲਾਂ ਹੀ ਸਿਆਣਪ ਵਰਤਦਿਆਂ ਜਾਰੀ ਅਡਵਾਇਜ਼ਰੀਆਂ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ ਲਵੋ। ਕੋਰੋਨਾ ਦੀ ਜੰਗ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਉੱਤਰੇ ਉਨ੍ਹਾਂ ਯੋਧਿਆਂ ਦਾ ਸਾਥ ਦਿਓ ਅਤੇ ਅੱਜ ਹੀ ਆਪਣੇ-ਆਪ ਨੂੰ ਵੀ ਇਸ ਜੰਗ ਵਿੱਚ ਸ਼ਾਮਲ ਕਰਕੇ ਕੋਰੋਨਾ ਯੋਧਾ ਬਣ ਕੇ ਇੱਕਜੁਟਤਾ ਦਾ ਸਬੂਤ ਦਿਓ।
- ਬੀ.ਈ.ਈ. ਮੀਡੀਆ ਇੰਚਾਰਜ ਕੋਵਿਡ-19,
- ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
- ਮੋ. 98146-56257
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ