ਵਿਰੋਧੀ ਪਾਰਟੀਆਂ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਰਹਿਣਗੀਆਂ ਦੂਰ
- 19 ਪਾਰਟੀਆਂ ਨਹੀਂ ਆਉਣਗੀਆਂ ਉਦਘਾਟਨ ’ਚ, ਲੋਕਤੰਤਰ ’ਤੇ ਹਮਲੇ ਦੇ ਲਾਏ ਦੋਸ਼ | Parliament Controversy
ਨਵੀਂ ਦਿੱਲੀ (ਏਜੰਸੀ)। ਸੰਸਦ ਦੇ ਨਵੇਂ ਭਵਨ ਦੇ ਉਦਘਾਟਨ (Parliament Controversy) ’ਤੇ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕੁੱਲ 40 ਪਾਰਟੀਆਂ ’ਚੋਂ ਕਾਂਗਰਸ ਸਮੇਤ 20 ਵਿਰੋਧੀ ਪਾਰਟੀਆਂ ਨੇ ਇਸ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਉੱਧਰ ਭਾਜਪਾ ਸਮੇਤ 17 ਪਾਰਟੀਆਂ ਨੇ ਸਰਕਾਰ ਦੇ ਸੱਦੇ ਨੂੰ ਮਨਜ਼ੂਰ ਕਰ ਲਿਆ ਹੈ। ਇਸ ਦਰਮਿਆਨ ਸੁਪਰੀਮ ਕੋਰਟ ’ਚ ਰਾਸ਼ਟਰਪਤੀ ਤੋਂ ਸੰਸਦ ਭਵਨ ਦਾ ਉਦਘਾਟਨ ਕਰਵਾਉਣ ਦਾ ਨਿਰਦੇਸ਼ ਦੇਣ ਵਾਲੀ ਅਰਜ਼ੀ ਲਾਈ ਗਈ ਹੈ। ਅਰਜ਼ੀਕਰਤਾ ਦਾ ਕਹਿਣਾ ਹੈ ਕਿ ਲੋਕਸਭਾ ਸਕੱਤਰੇਤ ਨੇ ਰਾਸ਼ਟਰਪਤੀ ਨੂੰ ਉਦਘਾਟਨ ਲਈ ਸੰਦਾ ਨਾ ਦੇ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ।
ਕਾਂਗਰਸ ਅਤੇ ਟੀਐਮਸੀ ਸਮੇਤ 19 ਵਿਰੋਧੀ ਪਾਰਟੀਆਂ ਨੇ ਬੁੱਧਵਾਰ (24 ਮਈ) ਨੂੰ ਨਵੀਂ ਸੰਸਦ ਭਵਨ (Parliament Controversy) ਦੇ ਉਦਘਾਟਨ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਤੰਤਰ ਦੀ ਭਾਵਨਾ ਨੂੰ ਸੰਸਦ ਵਿੱਚੋਂ ਕੱਢ ਦਿੱਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇਸ ਤੋਂ ਦੂਰ ਰੱਖਣਾ ਲੋਕਤੰਤਰ ’ਤੇ ਸਿੱਧਾ ਹਮਲਾ ਹੈ। ਵਿਰੋਧੀ ਧਿਰ ਦੇ ਇਸ ਕਦਮ ਨੂੰ ਮੰਦਭਾਗਾ ਦੱਸਦੇ ਹੋਏ ਸਰਕਾਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਹਰ ਮਾਮਲੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ।
New Parliament Building
ਸ਼ਾਹ ਨੇ ਕਿਹਾ, ਇਸ ਨਾਲ ਰਾਜਨੀਤੀ ਨਾ ਮਿਲਾਓ। ਨਵੇਂ ਭਾਰਤ ਨੂੰ ਪੁਰਾਣੀਆਂ ਪਰੰਪਰਾਵਾਂ ਨਾਲ ਜੋੜਨ ਦੀ ਵੱਡੀ ਭਾਵਨਾਤਮਕ ਪ੍ਰਕਿਰਿਆ ਹੈ। ਇਸ ਨੂੰ ਸਿਰਫ਼ ਇਸ ਸੀਮਤ ਅਰਥ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ। ਰਾਜਨੀਤੀ ਆਪਣੇ ਤਰੀਕੇ ਨਾਲ ਚਲਦੀ ਹੈ। ਹਰ ਕੋਈ ਆਪਣੀ ਸੋਚਣ ਦੀ ਸਮਰੱਥਾ ਅਨੁਸਾਰ ਪ੍ਰਤੀਕਿਰਿਆ ਕਰਦਾ ਹੈ ਅਤੇ ਕੰਮ ਕਰਦਾ ਹੈ।
ਕੇਂਦਰ ਸਰਕਾਰ ਦੀ ਦਲੀਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਵਿਰੋਧੀ ਪਾਰਟੀਆਂ ਦੇ ਐਲਾਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਨੂੰ ਆਪਣੇ ਸਟੈਂਡ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਜੋਸ਼ੀ ਨੇ ਕਿਹਾ ਕਿ ਬਾਈਕਾਟ ਕਰਨਾ ਅਤੇ ਗੈਰ ਮੁੱਦੇ ਨੂੰ ਮੁੱਦਾ ਬਣਾਉਣਾ ਸਭ ਤੋਂ ਮੰਦਭਾਗਾ ਹੈ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਸਮਾਗਮ ਵਿੱਚ ਸ਼ਾਮਲ ਹੋਣ। ਜੋਸ਼ੀ ਨੇ ਕਿਹਾ ਕਿ ਲੋਕ ਸਭਾ ਸਪੀਕਰ ਸੰਸਦ ਦੇ ਨਿਗਰਾਨ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੰਸਦ ਭਵਨ ਦੇ ਉਦਘਾਟਨ ਲਈ ਸੱਦਾ ਦਿੱਤਾ।
ਇਹ ਪਾਰਟੀਆਂ ਹੋਣਗੀਆਂ ਸਮਾਗਮ ’ਚ ਸ਼ਾਮਲ | Parliament Controversy
ਸਾਬਕਾ ਕੇਂਦਰੀ ਮੰਤਰੀ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਦੀ ਵਾਈਐਸਆਰ ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਸੰਸਦ ਭਵਨ ਦੇ ਉਦਘਾਟਨ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗੀ।
ਇਹ ਸਰਾਸਰ ‘ਸੰਵਿਧਾਨ ਦਾ ਮਜ਼ਾਕ’ : ਭਗਵੰਤ ਮਾਨ
ਚੰਡੀਗੜ। ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਵਿੱਚ ਦੇਸ਼ ਦੇ ਰਾਸ਼ਟਰਪਤੀ ਨੂੰ ਸੱਦਾ ਨਾ ਦੇ ਕੇ ਇਸ ਵੱਕਾਰੀ ਅਹੁਦੇ ਦਾ ਅਪਮਾਨ ਕਰਨ ਲਈ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹ 28 ਮਈ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਸੰਸਦ ਦਾ ਨਵਾਂ ਇਜਲਾਸ ਬੁਲਾਇਆ ਜਾਂਦਾ ਹੈ ਤਾਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਹਰ ਸੰਸਦ ਮੈਂਬਰ ਨੂੰ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਨਵੀਂ ਸੰਸਦ ਦੇ ਉਦਘਾਟਨ ਮੌਕੇ ਹੋਣ ਵਾਲੇ ਸਮਾਗਮ ਵਿੱਚ ਸਰਕਾਰ ਦੇ ਸੰਵਿਧਾਨਕ ਮੁਖੀ ਨੂੰ ਸੱਦਾ ਤੱਕ ਵੀ ਨਹੀਂ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਇਹ ਸਰਾਸਰ ‘ਸੰਵਿਧਾਨ ਦਾ ਮਜ਼ਾਕ’ ਹੈ ਜੋ ਕਿ ਪੂਰੀ ਤਰ੍ਹਾਂ ਗੈਰ-ਵਾਜਬ ਹੈ।
ਇਹ ਵੀ ਪੜ੍ਹੋ : ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਦਾ ਬਾਈਕਾਟ, ਭਗਵੰਤ ਮਾਨ ਨੇ ਕੀਤਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਡਾ: ਬੀਆਰ ਅੰਬੇਦਕਰ ਵਰਗੇ ਦੂਰਅੰਦੇਸੀ ਨੇਤਾ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ, ਜਿਨ੍ਹਾਂ ਨੇ ਜਮਹੂਰੀਅਤ ਦੇ ਸਫਲਤਾਪੂਰਵਕ ਅਮਲ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਕਦਰਾਂ-ਕੀਮਤਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਡੂੰਘੀ ਸਾਜ਼ਿਸ਼ ਤਹਿਤ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਅਜਿਹੀਆਂ ਕੋਝੀਆਂ ਚਾਲਾਂ ਖੇਡ ਕੇ ਸੰਵਿਧਾਨ ਦੇ ਨਿਰਮਾਤਾਵਾਂ ਦਾ ਘੋਰ ਨਿਰਾਦਰ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਾਸੀ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣਗੇ।
ਇਹ ਪਾਰਟੀਆਂ ਨਹੀਂ ਆਉਣਗੀਆਂ ਉਦਘਾਟਨ ’ਚ | New Parliament Building
ਕਾਂਗਰਸ, ਤਿ੍ਰਣਮੂਲ ਕਾਂਗਰਸ, ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ), ਜਨਤਾ ਦਲ (ਯੂਨਾਈਟਿਡ), ਆਮ ਆਦਮੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ), ਮਾਰਕਸਵਾਦੀ ਕਮਿਊਨਿਸਟ ਪਾਰਟੀ, ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਭਾਰਤੀ ਕਮਿਊਨਿਸਟ ਪਾਰਟੀ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਝਾਰਖੰਡ ਮੁਕਤੀ ਮੋਰਚਾ, ਨੈਸ਼ਨਲ ਕਾਨਫਰੰਸ, ਕੇਰਲ ਕਾਂਗਰਸ (ਮਨੀ), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ, ਵਿਦੁਥਲਾਈ ਚਿਰੂਥੈਗਲ ਕਾਚੀ (ਵੀਸੀਕੇ), ਮਾਰੂਮਾਲਾਰਚੀ ਦ੍ਰਵਿੜ ਮੁਨੇਤਰ ਕੜਗਮ (ਐਮਡੀਐਮਕੇ) ਅਤੇ ਰਾਸ਼ਟਰੀ ਲੋਕ ਦਲ ਨੇ ਸਾਂਝੇ ਤੌਰ ’ਤੇ ਬਾਈਕਾਟ ਦਾ ਐਲਾਨ ਕੀਤਾ ਹੈ।
ਮੁਰਮੂ ਤੋਂ ਸੰਸਦ ਭਵਨ ਦਾ ਉਦਘਾਟਨ ਨਾ ਕਰਾਉਣਾ ਸਰਵਉੱਚ ਸੰਵਿਧਾਨਕ ਅਹੁਦੇ ਦਾ ਅਪਮਾਨ: ਰਾਹੁਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਦੀ ਨਵੀਂ ਬਣੀ ਇਮਾਰਤ ਦੇ ਉਦਘਾਟਨ ਪ੍ਰੋਗਰਾਮ ਨੂੰ ਲੈ ਕੇ ਚੱਲ ਰਹੀ ਸਿਆਸਤ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਨਵੀਂ ਇਮਾਰਤ ਦਾ ਉਦਘਾਟਨ ਨਾ ਕਰਾਉਣਾ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦਾ ਅਪਮਾਨ ਹੈ। ਗਾਂਧੀ ਨੇ ਟਵੀਟ ਕੀਤਾ, ‘ਰਾਸ਼ਟਰਪਤੀ ਤੋਂ ਸੰਸਦ ਦਾ ਉਦਘਾਟਨ ਨਾ ਕਰਾਉਣਾ ਅਤੇ ਨਾ ਹੀ ਉਨ੍ਹਾਂ ਨੂੰ ਸਮਾਗਮ ’ਚ ਸੱਦਾ ਦੇਣਾ- ਇਹ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦਾ ਅਪਮਾਨ ਹੈ। ਸੰਸਦ ਹੰਕਾਰ ਦੀਆਂ ਇੱਟਾਂ ਨਾਲ ਨਹੀਂ, ਸੰਵਿਧਾਨਕ ਕਦਰਾਂ-ਕੀਮਤਾਂ ਦੀ ਬਣੀ ਹੋਈ ਹੈ।’
ਇਸ ਨੂੰ ਰਾਜਨੀਤੀ ਨਾਲ ਨਾ ਜੋੜੋ: ਅਮਿਤ ਸ਼ਾਹ
ਬੁੱਧਵਾਰ ਨੂੰ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਨਵੀਂ ਸੰਸਦ ਦੀ ਇਮਾਰਤ 60,000 ਸ਼੍ਰਮ ਯੋਗੀਆਂ ਨੇ ਰਿਕਾਰਡ ਸਮੇਂ ਵਿੱਚ ਬਣਾਈ ਹੈ। ਇਸ ਲਈ ਪ੍ਰਧਾਨ ਮੰਤਰੀ ਮੋਦੀ ਇਸ ਮੌਕੇ ਸਾਰੇ ਸ਼੍ਰਮ ਯੋਗੀਆਂ ਦਾ ਸਨਮਾਨ ਵੀ ਕਰਨਗੇ। ਵਿਰੋਧੀ ਧਿਰ ਦੇ ਬਾਈਕਾਟ ’ਤੇ ਅਮਿਤ ਸ਼ਾਹ ਨੇ ਕਿਹਾ, ‘ਇਸ ਨੂੰ ਰਾਜਨੀਤੀ ਨਾਲ ਨਾ ਜੋੜੋ। ਸਿਆਸਤ ਤਾਂ ਚੱਲਦੀ ਰਹਿੰਦੀ ਹੈ। ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਇਸ ਪ੍ਰੋਗਰਾਮ ਵਿੱਚ ਹਿੱਸਾ ਲਵੇ।’