ਕਿਹਾ, ਕੇਜਰੀਵਾਲ ਵੱਲੋਂ ਐਸਸੀ ਸਮਾਜ ਲਈ ਕੀਤੇ ਉਪਰਾਲਿਆਂ ਨੂੰ ਘਰ-ਘਰ ਪਹੁੰਚਾਵੇਗਾ ਐਸਸੀ ਵਿੰਗ
(ਸਤਪਾਲ ਥਿੰਦ) ਫਿਰੋਜ਼ਪੁਰ । ਸੰਵਿਧਾਨ ਵਿੱਚ ਦਰਜ ਸਮਾਨਤਾ ਦੇ ਅਧਿਕਾਰ ਅਤੇ ਬਾਬਾ ਸਾਹਿਬ ਦੇ ਸੁਫ਼ਨਿਆਂ ਨੂੰ ਸਿਰਫ ਅਰਵਿੰਦ ਕੇਜਰੀਵਾਲ ਹੀ ਪੂਰਾ ਕਰ ਸਕਦੇ ਹਨ। ਅੱਜ ਤੱਕ ਰਿਵਾਇਤੀ ਪਾਰਟੀਆਂ ਨੇ ਦਲਿਤ ਸਮਾਜ ਨੂੰ ਸਿਰਫ ਸੱਤਾ ਹਾਸਲ ਕਰਨ ਤੱਕ ਹੀ ਸੀਮਤ ਰੱਖਿਆ ਹੈ ਜਦਕਿ ਉਨ੍ਹਾਂ ਦੇ ਵਿਕਾਸ ਅਤੇ ਤਰੱਕੀ ਲਈ ਖਾਨਾਪੂਰਤੀ ਤੋਂ ਵੱਧ ਕੁਝ ਨਹੀਂ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜਿਲ੍ਹਾ ਪ੍ਰਧਾਨ ਐਸਸੀ ਵਿੰਗ ਫਿਰੋਜ਼ਪੁਰ ਐਡਵੋਕੇਟ ਰਜਨੀਸ਼ ਦਹੀਆ ਵੱਲੋਂ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਵੱਲੋਂ 4 ਤੋਂ ਐਸਸੀ ਸਨਮਾਨ ਸਭਾ ਮੁਹਿੰਮ ਦੀ ਸ਼ੁਰੂਆਤ
ਆਮ ਆਦਮੀ ਪਾਰਟੀ ਵੱਲੋਂ 04 ਅਕਤੂਬਰ ਤੋਂ ਐਸਸੀ ਸਨਮਾਨ ਸਭਾ ਮੁਹਿੰਮ ਦੀ ਸ਼ੁਰੂਆਤ ਸਬੰਧੀ ਰੱਖੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜਨੀਸ ਦਹੀਯਾ ਨੇ ਦੱਸਿਆ ਕਿ ਪੂਰੇ ਸੂਬੇ ਵਿਚ ਮੁਹਿੰਮ ਤਹਿਤ ਪਾਰਟੀ ਦੇ ਆਗੂ, ਵਲੰਟੀਅਰ ਜ਼ਿਲ੍ਹੇ ਦੇ ਹਰ ਪਿੰਡੇ, ਮੁਹੱਲੇ, ਵਾਰਡ ਵਿੱਚ ਘਰ -ਘਰ ਜਾ ਕੇ ਲੋਕਾਂ ਨੂੰ ਬਾਬਾ ਸਾਹਿਬ ਦੇ ਸੁਫਨੇ ਬਾਰੇ ਦੱਸਣਗੇ ਅਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਬਾਬਾ ਸਾਹਿਬ ਦੇ ਸੁਫਨਿਆਂ ਨੂੰ ਕਿਵੇਂ ਪੂਰਾ ਕੀਤਾ ਹੈ।
ਪਾਰਟੀ ਵੱਲੋਂ ਜਾਰੀ ਬਾਬਾ ਸਾਹਿਬ ਨੂੰ ਸਮਰਪਿਤ ਕਲੈਂਡਰ ਨੂੰ ਜਾਰੀ ਕਰਦਿਆਂ ਰਜਨੀਸ਼ ਦਹੀਆ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੁਫਨਾ ਸੀ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਦੇ ਅਧਿਕਾਰ ਮਿਲਣ, ਸਾਰਿਆਂ ਨੂੰ ਚੰਗੀ ਸਿੱਖਿਆ, ਸਿਹਤ, ਰੁਜਗਾਰ ਅਤੇ ਨਿਆਂ ਮਿਲੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਮਾਜ ਦੇ ਸਾਰੇ ਲੋਕ ਪੜ੍ਹ-ਲਿਖ ਨਹੀਂ ਜਾਂਦੇ ਅਤੇ ਚੰਗੀ ਸਿਹਤ ਸਹੂਲਤ ਪ੍ਰਾਪਤ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਰੁਜਗਾਰ ਦੇ ਬਰਾਬਰ ਮੌਕੇ ਨਹੀਂ ਮਿਲਦੇ, ਉਦੋਂ ਤੱਕ ਬਾਬਾ ਸਾਹਿਬ ਦਾ ਸੁਫਨਾ ਪੂਰਾ ਨਹੀਂ ਹੋਵੇਗਾ। ਆਜਾਦੀ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਕੰਮ ਨਹੀਂ ਕੀਤਾ। ਐਡਵੋਕੇਟ ਦਹੀਆ ਨੇ ਦੱਸਿਆ ਕਿ ਦਿੱਲੀ ਵਿੱਚ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਦੇ ਅਧੀਨ ਗਰੀਬ ਅਤੇ ਅਨੁਸੂਚਿਤ ਸਮਾਜ ਦੇ ਬੱਚਿਆਂ ਨੂੰ ਮੁਫ਼ਤ ਵਿੱਚ ਕੋਚਿੰਗ ਦਿੱਤੀ ਜਾਂਦੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਵਿਕਾਸ ਮਾਡਲ ਲਾਗੂ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ