ਆਓ! ਜਾਣੀਏ ਅਲੋਪ ਹੁੰਦੇ ਜਾਨਵਰ ‘ਗੋਹ’ ਬਾਰੇ

Goh

ਆਓ! ਜਾਣੀਏ ਅਲੋਪ ਹੁੰਦੇ ਜਾਨਵਰ ‘ਗੋਹ’ ਬਾਰੇ

ਇੰਡੀਅਨ ਮਾਨੀਟਰ ਲਿਜ਼ਰਡ ਜਿਸਨੂੰ ਅਸੀਂ ਆਮ ਲੋਕ  ਗੋਹੇਰਾ, ਗੋਇਰਾ, ਗੋਹ ਅਤੇ ਚੰਨਣ ਗਹੀਰਾ ਵਰਗੇ ਬਹੁਤ ਸਾਰੇ ਨਾਵਾਂ ਨਾਲ ਜਾਣਦੇ ਹਾਂ। ਇਹ ਜੀਵ ਇੱਕ ਵਿਸ਼ਾਲ ਕਿਰਲੀ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਿਸ ਨੂੰ ਮਾਨੀਟਰ ਲਿਜ਼ਰਡ ਕਿਹਾ ਜਾਂਦਾ ਹੈ
ਇਨ੍ਹਾਂ ਕਿਰਲੀਆਂ ਦੀਆਂ ਲਗਭਗ 70 ਕਿਸਮਾਂ ਹਨ ਜੋ ਕਿ ਅਫਰੀਕਾ, ਦੱਖਣੀ ਏਸ਼ੀਆ ਅਤੇ ਆਸਟਰੇਲੀਆ ਵਿੱਚ ਪਾਈਆਂ ਜਾਂਦੀਆਂ ਹਨ। ਇਸ ਦੀਆਂ ਚਾਰ ਕਿਸਮਾਂ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ: ਬੰਗਾਲ ਮਾਨੀਟਰ ਲੀਜ਼ਰਡ, ਯੈਲੋ ਮਾਨੀਨਟਰ ਲੀਜ਼ਰਡ, ਨਾਈਲ ਮਾਨੀਟਰ ਲੀਜ਼ਰਡ  ਅਤੇ ਡੇਜ਼ਰਟ ਮਾਨੀਟਰ ਲੀਜ਼ਰਡ।

‘Goh’ | ਮਾਸੂਮ ਅਤੇ ਬੇਹੱਦ ਸ਼ਰਮਾਕਲ ਡਰਪੋਕ ਜਾਨਵਰ

ਸਭ ਤੋਂ ਆਮ ਵੇਖੀ ਜਾ ਰਹੀ ਨਸਲ ਬੰਗਾਲ ਮਾਨੀਟਰ ਲੀਜ਼ਰਡ ਹੈ।  ਇੱਕ ਪੂਰੇ ਬਾਲਗ ਨੂੰ ਗੋਹ ਕਿਹਾ ਜਾਂਦਾ ਹੈ ਅਤੇ ਛੋਟੇ ਬੱਚੇ ਨੂੰ ਚੰਨਣ ਗਹੀਰਾ। ਇਹ ਇੱਕ ਜ਼ਹਿਰ ਮੁਕਤ, ਡਰਪੋਕ ਤੇ ਸ਼ਾਂਤ ਜੀਵ ਹੈ। ਦਰਅਸਲ ਭਾਰਤ ਵਿਚ ਕੋਈ ਵੀ ਗੋਹ ਜ਼ਹਿਰੀਲੀ ਨਹੀਂ ਹੈ। ਇਸ ਵਿੱਚ ਸਿਰਫ ਬੈਕਟੀਰੀਆ ਹੁੰਦਾ ਹੈ ਜੋ ਕਿ ਇਨਸਾਨੀ ਚਮੜੀ ਲਈ ਨੁਕਸਾਨਦੇਹ ਹੋ ਸਕਦਾ ਹੈ ਭਾਵ ਕੋਈ ਚਮੜੀ ਰੋਗ ਲੱਗ ਸਕਦਾ ਹੈ। ਪਰ ਇਸਦੇ ਕੱਟਣ ਨਾਲ ਕਦੇ ਵੀ ਮੌਤ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਦੁਰਘਟਨਾ ਨਹੀਂ ਹੁੰਦੀ।  ਇਹ ਮਾਸੂਮ ਅਤੇ ਬੇਹੱਦ ਸ਼ਰਮਾਕਲ ਡਰਪੋਕ ਜਾਨਵਰ ਹੈ ਅਤੇ ਇਸ ਦੇ ਮੂੰਹ ਵਿੱਚ ਦੰਦ ਵੀ ਨਹੀਂ ਹਨ। ਇਹ ਸਿੱਧਾ ਆਪਣਾ ਸ਼ਿਕਾਰ ਨਿਗਲ ਲੈਂਦਾ ਹੈ ਹਾਂ, ਮੂੰਹ ਦੇ ਪਿਛਲੇ ਹਿੱਸੇ ਵਿੱਚ ਦੰਦ ਵਰਗੀ ਬਾਰੀਕ ਬਣਤਰ ਹੈ ਜੋ ਵੱਡੇ ਸ਼ਿਕਾਰ ਨੂੰ ਨਿਗਲਣ ਵਿੱਚ ਸਹਾਇਤਾ ਕਰਦੀ ਹੈ। ਅੱਜ ਇਹ ਚਾਰੇ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ‘ਤੇ ਹਨ।  ਕਾਰਨ! ਉਹੀ… ਮਨੁੱਖ ਦਾ ਲਾਲਚ ਅਤੇ ਵਹਿਮ-ਭਰਮ।

Goh

‘Goh’ | ਗੋਹ ਦਾ ਬੇਸ਼ਕੀਮਤੀ ਚਮੜਾ

ਗੋਹ ਦਾ ਬੇਸ਼ਕੀਮਤੀ ਚਮੜਾ ਅਤੇ ਇਸ ਦੇ ਮਾਸ ਤੋਂ ਬਿਮਾਰੀਆਂ ਦਾ ਇਲਾਜ ਅਤੇ ਇਸਦੇ ਖੂਨ ਅਤੇ ਹੱਡੀਆਂ ਤੋਂ ਮਰਦਾਨਾ ਤਾਕਤ ਦੀ ਦਵਾਈ ਆਦਿ ਬਣਾਉਣਾ, ਇਹ ਸਭ ਤਾਂ ਸਮਝ ਵਿੱਚ ਆਉਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਵੱਧ ਕੀ ਵਿਕਦਾ ਹੈ? ਇਸ ਮੰਦਭਾਗੇ ਪ੍ਰਾਣੀ ਦਾ ਲਿੰਗ। ਜੀ ਹਾਂ! ਤੁਸੀਂ ਇਸ ਨੂੰ ਸਹੀ ਪੜ੍ਹਿਆ, ਇੱਕ ਬਹੁਤ ਵੱਡਾ ਅੰਧਵਿਸ਼ਵਾਸ ਇਹ ਹੈ ਕਿ ਨਰ ਗੋਹ ਦੇ ਲਿੰਗ ਨੂੰ ਸੁਕਾ ਕੇ ਅਤੇ ਚਾਂਦੀ ਦੇ ਡੱਬੇ ਵਿਚ ਰੱਖਣ ਨਾਲ ਘਰ ‘ਚ ਧਨ-ਦੌਲਤ ਚ ਵਾਧਾ ਹੁੰਦਾ ਹੈ। ਕੁਝ ਜੋਗੀ ਇਸ ਦੇ ਲਿੰਗ ਨੂੰ  ਇਕ ਕਾਮੁਕ ਜਣਨ ਦਰੱਖਤ ਦੀ ਜੜ ਦੱਸਦਿਆਂ ਹੱਥਾ ਜੋੜੀ ਨਾਂਅ ਨਾਲ ਵੇਚਦੇ ਹਨ ਅਤੇ ਇਹ  ਕਰੋੜਾਂ ਦੀ ਤਸਕਰੀ ਜਨਤਕ ਤੌਰ ‘ਤੇ ਚੱਲਦੀ ਹੈ। ਅਤੇ ਸਭ ਤੋਂ ਘਿਨੌਣਾ ਵਹਿਮ ਇਹ ਹੈ ਕਿ ਗੋਹ ਦੇ ਲਿੰਗ ਨੂੰ ਕੱਟਦੇ ਸਮੇਂ ਗੋਹ ਦਾ ਜਿਉਂਦਾ ਹੋਣਾ ਚਾਹੀਦਾ ਹੈ।

‘Goh’ | ਵਹਿਮ ਫੈਲਾਇਆ ਗਿਆ ਕਿ ਗੋਹ ਅਤੇ ਚੰਨਣ ਗਹੀਰਾ ਬਹੁਤ ਜ਼ਿਆਦਾ ਜ਼ਹਿਰੀਲੇ ਹਨ

ਇੱਕ ਸੋਚੀ-ਸਮਝੀ ਸਾਜਿਸ਼ ਤਹਿਤ ਇਹ ਵਹਿਮ ਫੈਲਾਇਆ ਗਿਆ ਕਿ ਗੋਹ ਅਤੇ ਚੰਨਣ ਗਹੀਰਾ ਬਹੁਤ ਜ਼ਿਆਦਾ ਜ਼ਹਿਰੀਲੇ ਹਨ। ਇਹ ਜੀਵ ਇੰਨਾ ਜ਼ਹਿਰੀਲਾ ਹੈ ਕਿ ਇਸਦੇ ਲੜਨ ਨਾਲ ਇਨਸਾਨ ਦੀ ਤੁਰੰਤ ਮੌਤ ਹੋ ਜਾਂਦੀ ਹੈ। ਲਗਭਗ ਸਾਰੇ ਪੇਂਡੂ ਤੇ ਅਗਿਆਨ ਲੋਕ ਸਪੇਰਿਆਂ ਅਤੇ ਜੰਗਲੀ ਜੀਵਾਂ ਦੇ ਕਾਤਲਾਂ ਦੇ ਫੈਲਾਏ ਇਨ੍ਹਾਂ ਵਹਿਮਾਂ-ਭਰਮਾਂ ਦੇ ਜਾਲ ਵਿੱਚ ਫਸ ਜਾਂਦੇ ਹਨ।  ਇੱਥੋਂ ਤੱਕ ਕਿ ਅਨਪੜ੍ਹ ਲੋਕ, ਜਿਨ੍ਹਾਂ ‘ਚ ਬਹੁਤੇ ਪੜ੍ਹੇ-ਲਿਖੇ ਵੀ ਹਨ, ਗੋਹ ਨੂੰ ਝੂਠੀਆਂ ਕਹਾਣੀਆਂ ਦੇ ਅਧਾਰ ‘ਤੇ ਖਲਨਾਇਕ ਸਾਬਤ ਕਰਦੇ ਹਨ।  ਬਾਕੀ ਰਹਿੰਦਾ ਕੰਮ ਗੋਹ ਦੀ ਦਿੱਖ, ਇਸਦੀ ਬਣਾਵਟ, ਚਾਲ-ਢਾਲ ਅਤੇ ਸੱਪ ਵਰਗੀ ਲੰਬੀ ਕਾਲੀ, ਨੀਲੀ ਜੀਭ ਪੂਰਾ ਕਰ ਦਿੰਦੀ ਹੈ। ਬੱਸ ਇਸੇ ਕਾਰਨ ਲੋਕਾਂ ਨੇ ਇਸ ਜੀਵ ਨੂੰ ਮਾਰ ਕੇ ਖਤਮ ਹੋਣ ਕੰਢੇ ਕਰ ਦਿੱਤਾ ਹੈ।

ਗੋਹ ਦੀ ਪੰਜਿਆਂ ਦੀ ਪਕੜ ਬਹੁਤ ਜਿਆਦਾ ਮਜਬੂਤ ਹੁੰਦੀ

ਕੁਝ ਪ੍ਰਚੱਲਿਤ ਦੰਦ ਕਥਾਵਾਂ ਅਨੁਸਾਰ ਗੋਹ ਨੂੰ ਪੁਰਾਣੇ ਸਮੇਂ ਵਿੱਚ ਚੋਰ, ਲੁਟੇਰੇ ਅਤੇ ਰਾਜਿਆਂ ਦੀ ਸੈਨਾ ਦੁਆਰਾ ਉੱਚੀਆਂ ਇਮਾਰਤਾਂ ਜਾਂ ਕਿਲ੍ਹੇ ਆਦਿ ‘ਤੇ ਚੜ੍ਹਨ ਲਈ ਵੀ ਵਰਤਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਇਸ ਜੀਵ ਦਾ ਆਕਾਰ ਵੀ ਬਹੁਤ ਵੱਡਾ ਹੁੰਦਾ ਸੀ। ਜਿਸ ਤਰ੍ਹਾਂ ਕਿ ਦੱਸਿਆ ਜਾਂਦਾ ਹੈ ਕਿ ਗੋਹ ਦੀ ਪੰਜਿਆਂ ਦੀ ਪਕੜ ਬਹੁਤ ਜਿਆਦਾ ਮਜਬੂਤ ਹੁੰਦੀ ਹੈ, ਜਿਸ ਜਗ੍ਹਾ ਇਹ ਆਪਣੇ ਪੰਜਿਆਂ ਨੂੰ ਕੱਸ ਕੇ ਜਕੜ ਲਵੇ ਤਾਂ ਫਿਰ ਇਸ ਨੂੰ ਉਸ ਜਗ੍ਹਾ ਤੋਂ ਪੁੱਟਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਹ ਚੋਰ ਲੁਟੇਰੇ ਜਾਂ ਸੈਨਿਕ ਇਸ ਦੀ ਪਿੱਠ ‘ਤੇ ਰੱਸੀ ਬੰਨ੍ਹ ਕੇ ਉਸ ਨੂੰ ਉੱਚੀ ਇਮਾਰਤ ਜਾਂ ਕਿਲ੍ਹੇ ਉੱਪਰ ਚੜ੍ਹਾ ਦਿੰਦੇ ਸਨ ਤਾਂ ਜਦੋਂ ਇਹ ਆਪਣੇ ਪੰਜਿਆਂ ਨੂੰ ਉਸ ਇਮਾਰਤ ਨਾਲ ਜਕੜ ਲੈਂਦੀ ਸੀ ਤਾਂ ਕੋਈ ਹਲਕਾ ਵਿਅਕਤੀ ਰੱਸੇ ਦੇ ਸਹਾਰੇ ਉੱਪਰ ਤੱਕ ਚੜ੍ਹ ਜਾਂਦਾ ਸੀ।

ਔਸਤਨ ਇੱਕ ਸਾਲ ਵਿਚ ਭਾਰਤ ਵਿਚ ਪੰਜ ਲੱਖ ਗੋਹ ਮਾਰੇ ਜਾਂਦੇ ਹਨ

ਦੁਨੀਆ ਭਰ ‘ਚ ਘੜੀਆਂ ਦੇ ਹੱਥ ਪਟੇ ਦਾ ਕਾਰੋਬਾਰ ਸਾਲਾਨਾ 2500 ਕਰੋੜ ਹੈ, ਜਿਸ ਵਿਚੋਂ 90 ਪ੍ਰਤੀਸ਼ਤ ਗੋਹਾਂ ਅਤੇ ਕਿਰਲੀਆਂ ਦੇ ਚਮੜੇ ਤੋਂ ਬਣਿਆ ਹੈ। ਅੱਧੇ ਤੋਂ ਵੱਧ ਡਰੰਮ ਅਤੇ ਢੋਲ ਦਾ ਚਮੜਾ ਵੀ ਗੋਹ ਦੇ ਮਾਸ ਤੋਂ ਬਣਦਾ ਹੈ। ਔਸਤਨ ਇੱਕ ਸਾਲ ਵਿਚ ਭਾਰਤ ਵਿਚ ਪੰਜ ਲੱਖ ਗੋਹ ਮਾਰੇ ਜਾਂਦੇ ਹਨ। ਇਨਸਾਨ ਦੇ ਅੰਧਵਿਸ਼ਵਾਸ ਦਾ ਸ਼ਿਕਾਰ ਇੱਕ ਮਾਸੂਮ ਜੀਵ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਆਪਣੀ ਜਿੰਦਗੀ ਦੇ ਬਦਲੇ ਵਿੱਚ, ਇਹ ਜਾਨਵਰ ਲੱਖਾਂ ਕਰੋੜ ਰੁਪਏ ਦੇ ਅਨਾਜ ਦੀ ਬੱਚਤ ਕਰਦੇ ਹਨ। ਲੱਖਾਂ ਟਨ ਕੀੜੇ-ਮਕੌੜੇ ਅਤੇ ਅਨੇਕਾਂ ਜਾਨਵਰਾਂ ਨੂੰ ਖਾ ਕੇ ਇਹ ਫਸਲਾਂ ਨੂੰ ਬਚਾਉਂਦੇ ਹਨ। ਆਓ! ਇਸ ਬੇਗੁਨਾਹ ਤੇ ਨਿਰਦੋਸ਼ ਪ੍ਰਾਣੀ ਪਰ ਕਿਸਾਨ ਭਰਾਵਾਂ ਦੇ ਦੋਸਤ ਜੀਵ ਨੂੰ ਬਚਾਈਏ ਜੋ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਜੀਵ ਬਾਰੇ ਜਨਤਾ ਅਤੇ ਕਿਸਾਨਾਂ ਨੂੰ ਸੱਚਾਈ ਤੋਂ ਜਾਣੂ ਕਰਵਾਉਣ ਦੀ ਲੋੜ ਹੈ।
ਗੁਰਵਿੰਦਰ ਸ਼ਰਮਾ, ਬਠਿੰਡਾ
ਮੋ. 95018-11001

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.