ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home ਵਿਚਾਰ ਲੇਖ ਦਾਜ ਵਿਰੋਧੀ ਮਹ...

    ਦਾਜ ਵਿਰੋਧੀ ਮਹਿਲਾ ਕਾਨੂੰਨ, ਵਰਦਾਨ ਜਾਂ ਸਰਾਪ!

    ਦਾਜ ਵਿਰੋਧੀ ਮਹਿਲਾ ਕਾਨੂੰਨ, ਵਰਦਾਨ ਜਾਂ ਸਰਾਪ!

    ਸਾਡੇ ਸਮਾਜ ’ਚ ਦਾਜ ਦਾ ਕੋਹੜ ਰੂਪੀ ਕੀੜਾ, ਹਰੇਕ ਧਰਮ, ਜਾਤੀ ਤੇ ਖੇਤਰ ਦੇ ਧੁਰ ਅੰਦਰ ਤੱਕ ਸਦੀਆਂ ਤੋਂ ਪਨਪ ਰਿਹਾ ਹੈ। ਅੱਜ ਵੀ ਜ਼ਿਆਦਾਤਰ ਵਿਆਹ ਰੂਪੀ ਲੁਕਵਿਆਂ ਸੌਦਿਆਂ ਦੇ ਖੁੱਲੇ੍ਹ ਭੇਦ, ਜੱਗ-ਜਾਹਿਰ ਹੀ ਹੁੰਦੇ ਨੇ। ਮੁੰਡੇ ਵਾਲਿਆਂ ਦੀਆਂ ਇੱਛਾਵਾਂ ਤੇ ਲੋਭ ਤੇ ਨਾਲ ਹੀ ਕੁੜੀ ਵਾਲਿਆਂ ਵਿੱਚ ਵੀ ਦਿਖਾਵੇ ਦੀ ਵਧਦੀ ਪ੍ਰਵਿਰਤੀ ਨੇ ਬਿਮਾਰੀ ਨੂੰ ਮਹਾਂਮਾਰੀ ਬਣਾਉਣ ’ਚ ਪੂਰਾ ਯੋਗਦਾਨ ਪਾਇਆ ਹੈ।

    ਸਾਡੇ ਦੇਸ਼ ’ਚ ਵਾਧੂ ਜਮੀਨ ਜਾਂ ਕਾਰੋਬਾਰ, ਪਿਓ ਦੇ ਪੈਸੇ ਤੇ ਪ੍ਰਾਪਰਟੀ, ਸਰਕਾਰੀ ਨੌਕਰੀ ਜਾਂ ਰੁਤਬਾ ਹੀ, ਮੁੰਡੇ ਤੇ ਕੁੜੀ ਦੀ ਚੋਣ ਦਾ ਪ੍ਰਾਇਮਰੀ ਪੈਮਾਨਾ ਏ, ਮੁੰਡੇ-ਕੁੜੀ ਦੀ ਯੋਗਤਾ, ਕਾਬਲੀਅਤ, ਚਰਿੱਤਰ, ਪਸੰਦ, ਕੋਈ ਸਰੀਰਕ ਜਾਂ ਮਾਨਸਿਕ ਕਮੀ, ਜਾਂ ਮੁੰਡੇ-ਕੁੜੀ ਦੇ ਮੇਲ ਸਬੰਧੀ ਗੱਲਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਹੀ ਕੀਤਾ ਜਾਂਦਾ ਹੈ। ਬਾਕੀ ਅੱਜ-ਕੱਲ੍ਹ ਇੱਕ ਹੋਰ ਨਵੀਂ ਤਰ੍ਹਾਂ ਦੇ ਹਾਈਬ੍ਰਿਡ ਦਾਜ ਵਿਰੋਧੀ ਹੋਂਦ ’ਚ ਆਏ ਨੇ, ਇਹ ਜਿਆਦਾਤਰ ਸਰਕਾਰੀ ਨੌਕਰੀ ਲੱਗੇ ਹੁੰਦੇ ਨੇ ਇਹਨਾਂ ਦਾ ਕਹਿਣਾ ਹੁੰਦਾ ਏ, ਅਸੀਂ ਦਾਜ ਦਾ ਇੱਕ ਰੁਪਈਆ ਨ੍ਹੀਂ ਲੈਣਾ, ਬੱਸ ਕੁੜੀ ਪੱਕੀ ਸਰਕਾਰੀ ਨੌਕਰੀ ਆਲੀ ਚਾਹੀਦੀ ਏ।

    ਸੌਦੇ ਵਰਗੀਆਂ ਹੋਈਆਂ ਇਹਨਾਂ ਸ਼ਾਦੀਆਂ ਤੋਂ ਬਾਅਦ, ਅਕਸਰ ਈ ਦੋਵੇਂ ਧਿਰਾਂ ’ਚ ਆਹ ਸੋਚ ਰਹਿ ਹੀ ਜਾਂਦੀ ਏ, ਜਿਵੇਂ ਉਸ ਨੂੰ ਠੱਗ ਲਿਆ ਗਿਆ ਹੋਵੇ। ਕੁੜੀ ਦਾ ਪਿਓ ਆਮ ਈ, ਵੱਡੇ ਘਰ ’ਚ ਕੁੜੀ ਵਿਆਹੁਣ ਦੀ ਇੱਛਾ ’ਚ ਹੱਦੋਂ ਵੱਧ ਖਰਚ ਕਰ, ਲਗਭਗ ਕੰਗਾਲ ਈ ਹੋ ਜਾਂਦਾ ਏ। ਇੰਨੇ ਤਾਮ-ਝਾਮ ਤੇ ਰੱਜਵਾਂ ਖਰਚ ਕਰਕੇ ਵਿਆਹ ਕਰਨ ਤੋਂ ਬਾਅਦ, ਅਕਸਰ ਈ ਮੁੰਡੇ ਦੇ ਨਸ਼ੇੜੀ ਜਾਂ ਚਰਿੱਤਰਹੀਣ ਹੋਣ ਤੇ ਜਾਂ ਘਟੀਆ ਪਰਿਵਾਰ ਕਾਰਨ, ਬਹੁਤ ਸਾਰੀਆਂ, ਬੇਕਸੂਰ, ਸਿਆਣੀਆਂ ਤੇ ਕਾਬਲ ਭੈਣਾਂ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ।

    ਉੁਪਰੋਂ ਇਹਨਾਂ ਦੇ ਸ਼ਰੀਫ ਮਾਪੇ, ਘਰ ਵੱਸਦਾ ਰੱਖਣ ਲਈ, ਇਹਨਾਂ ਨੂੰ ਈ ਜ਼ੁਲਮ ਸਹਿਣ ਦੀ ਹੀ ਤਾਕੀਦ ਕਰਦੇ ਰਹਿੰਦੇ ਨੇ, ਹਾਲਾਂਕਿ ਇਨ੍ਹਾਂ ਵਿੱਚੋਂ ਕੁੱਝ ਕੁ ਤਾਂ ਵਿਦਰੋਹ ਕਰਕੇ ਦਾਜ ਕਾਨੂੰਨਾਂ ਰਾਹੀਂ, ਆਪਣੇ ਰਸਤੇ ਆਪ ਬਣਾਉਣ ’ਚ ਸਫਲ ਵੀ ਹੁੰਦੀਆਂ ਨੇ ਪਰ ਜਿਆਦਾਤਰ ਭੈਣਾਂ, ਉਹੀ ਨਰਕ ਰੂਪੀ ਜਿੰਦਗੀ, ਚੁੱਪਚਾਪ ਬਿਤਾ ਦਿੰਦੀਆਂ ਨੇ ਅਸਲ ’ਚ ਤਾਂ ਦਾਜ ਦਾ ਸਖਤ ਕਾਨੂੰਨ ਇਨ੍ਹਾਂ ਮਜ਼ਲੂਮ ਤੇ ਅਬਲਾ ਭੈਣਾਂ ਦੇ ਕਲਿਆਣ ਲਈ ਹੀ ਬਣਿਆ ਸੀ ਪਰ ਕੀ ਅਸਲ ਵਿਚ, ਇਸ ਕਾਨੂੰਨ ਦਾ ਸਹੀ ਉਪਯੋਗ ਹੋ ਰਿਹਾ ਏ? ਤੁਸੀਂ ਹੈਰਾਨ ਰਹਿ ਜਾਵੋਗੇ ਕਿ 75 ਫੀਸਦੀ ਤੋਂ ਵੱਧ ਦਾਜ ਦੇ ਕੇਸ ਝੂਠੇ ਪਾਏ ਜਾਂਦੇ ਹਨ। ਸਾਡੇ ਦੇਸ਼ ਵਿੱਚ ਕਿਸੇ ਵੀ ਰਾਜ ਜਾਂ ਧਰਮ ਵਿੱਚ ਔਰਤ ਨੂੰ ਦਾਜ ਲਈ ਤੰਗ ਕਰਨ ਲਈ ਕਾਨੂੰਨ ਦੀ ਧਾਰਾ 498ਏ ਦਾ ਸਖਤ ਕਾਨੂੰਨ ਹੈ, ਜਿਸ ਰਾਹੀਂ ਇੱਕ ਵਿਆਹੁਤਾ ਔਰਤ ਕਦੇ ਵੀ, ਆਪਣੇ ਸਹੁਰਿਆਂ ਦੇ ਪੂਰੇ ਪਰਿਵਾਰ ’ਤੇ ਇਸ ਕਾਨੂੰਨ ਰਾਹੀਂ ਸ਼ਿਕੰਜ਼ਾ ਕੱਸ ਸਕਦੀ ਹੈ।

    ਆਮ ਤੌਰ ਤੇ ਛੋਟੀਆਂ-ਮੋਟੀਆਂ ਗੱਲਾਂ ’ਤੇ ਜਾਂ ਮਾਂ-ਬਾਪ ਤੋਂ ਅਲੱਗ ਹੋ ਕੇ ਰਹਿਣ ਹਿੱਤ, ਜਿੱਥੇ ਕਈ ਔਰਤਾਂ ਇਸ ਕਾਨੂੰਨ ਨੂੰ ਹਥਿਆਰ ਬਣਾ ਲੈਂਦੀਆਂ ਨੇ, ਉੱਥੇ ਹੀ ਕਈ ਕੇਸਾਂ ’ਚ ਚਰਿੱਤਰਹੀਣਤਾ ਜਾਂ ਪੁਰਾਣੇ ਪਿਆਰ ਦੀ ਚਾਹਤ ’ਚ ਬੇਕਸੂਰ ਸਹੁਰਿਆਂ ਦੇ ਪੂਰੇ ਪਰਿਵਾਰ ਨੂੰ, ਇੱਥੋਂ ਤੱਕ ਕਿ ਬਜ਼ੁਰਗਾਂ ਤੇ ਔਰਤਾਂ ਨੂੰ ਵੀ ਜੇਲ੍ਹਾਂ ’ਚ ਡੱਕ ਦਿੱਤਾ ਜਾਂਦਾ ਹੈ, ਜੋ ਨਮੋਸ਼ੀ ਕਾਰਨ ਜਿੰਦਾ ਲਾਸ਼ ਈ ਬਣ ਜਾਂਦੇ ਨੇ। ਤੁਸੀਂ ਹੈਰਾਨ ਹੋ ਜਾਵੋਗੇ ਕਿ ਆਪਣੇ ਦੇਸ਼ ’ਚ ਹਰ ਸਾਲ ਅਣਗਿਣਤ ਬੇਕਸੂਰ ਮਰਦ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਝੂਠੇ ਦਾਜ ਤੇ ਘਰੇਲੂ ਹਿੰਸਾ ਕੇਸਾਂ ਰਾਹੀਂ, ਡਿਪ੍ਰੈਸ਼ਨ ’ਚ ਆ ਕੇ ਖੁਦਕੁਸ਼ੀ ਕਰ ਜਾਂਦੇ ਹਨ।

    ਹਾਲਾਂਕਿ ਇਨ੍ਹਾਂ ਕਾਨੂੰਨਾਂ ਨੂੰ ਮਹਿਲਾ ਕਾਨੂੰਨ ਕਿਹਾ ਜਾਂਦਾ ਏ ਪਰ ਸੱਸ, ਨਨਾਣ ਜਾਂ ਸਹੁਰੇ ਪਰਿਵਾਰ ਦੀਆਂ ਹੋਰ ਔਰਤਾਂ, ਜਿਨ੍ਹਾਂ ’ਤੇ ਪਰਚਾ ਕਰ ਜੇਲ੍ਹ ’ਚ ਡੱਕ ਦਿੱਤਾ ਜਾਂਦਾ ਏ, ਕੀ ਉਹ ਔਰਤਾਂ ਨਹੀਂ ਹਨ? ਬਾਕੀ ਝੂਠੇ ਕੇਸਾਂ ਦੀ ਵਧਦੀ ਗਿਣਤੀ ਕਾਰਨ ਕਾਨੂੰਨ ’ਚ ਕੁਝ ਸੁਧਾਰ ਕਰਦੇ ਹੋਏ, ਹੁਣ ਜਾਂਚ ਅਧਿਕਾਰੀ ਸਿੱਧੀ ਗ੍ਰਿਫਤਾਰੀ ਤਾਂ ਨਹੀਂ ਕਰ ਸਕਦੇ ਪਰ ਇਸ ਦਾ ਇੱਕ ਹੋਰ ਸ਼ਰਮਨਾਕ ਤੋੜ ਵੀ ਕੱਢ ਲਿਆ ਗਿਆ ਏ, ਬਜ਼ੁਰਗ ਪਿਓ ਸਮਾਨ ਸਹੁਰੇ ਜਾਂ ਭਰਾਵਾਂ ਵਰਗੇ ਦਿਓਰ ’ਤੇ ਦੁਰਾਚਾਰ (376) ਤੇ ਪਤੀ ’ਤੇ 377 ਦੇ ਝੂਠੇ ਗੰਦੇ ਕੇਸ ਪਾਏ ਜਾਂਦੇ ਨੇ ਤਾਂ ਜੋ ਉਹਨਾਂ ਦੀ ਜਮਾਨਤ ਨਾ ਹੋ ਸਕੇ, ਬਾਕੀ ਜੇ ਸਹੁਰੇ ਪਰਿਵਾਰ ’ਚ ਪਤੀ, ਦਿਓਰ ਜਾਂ ਸਹੁਰਾ ਸਰਕਾਰੀ ਮੁਲਾਜ਼ਮ ਹੋਣ ਤਾਂ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਏ।

    ਸਹੁਰੇ ਪਰਿਵਾਰ ਦੀ ਇੱਜ਼ਤ, ਰੁਤਬਾ, ਸ਼ਰਾਫਤ ਤੇ ਪੈਸਾ, ਥਾਣੇ ਵਿੱਚ ਹੁੰਦੀਆਂ ਪੰਚਾਇਤਾਂ ’ਤੇ, ਕਚਹਿਰੀਆਂ ’ਚ ਪੈਂਦੀਆਂ ਤਰੀਕਾਂ ਰਾਹੀਂ, ਲੋਕਾਂ ਦੇ ਮੁਸ਼ਕੜੇ ਹਾਸੇ ’ਚ, ਜਲਾਲਤ ਦੇ ਸਮੁੰਦਰ ’ਚ ਡੁੱਬ ਜਾਂਦੀ ਏ। ਪੂਰਾ ਪਰਿਵਾਰ ਆਪਣੇ-ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ, ਪਰਿਵਾਰ ਦੇ ਕਈ ਮੈਂਬਰ, ਇਜੱਤ, ਕਈ ਕੀਮਤੀ ਸਾਲ ਤੇ ਅਥਾਹ ਧੰਨ ਵਾਰਨ ਪਿੱਛੋਂ ਜੇਕਰ ਕੇਸ ਜਿੱਤ ਵੀ ਜਾਂਦਾ ਏ ਤਾਂ ਉਸਨੂੰ ਮਿਲਦਾ ਏ ਸਿਰਫ ਤਲਾਕ, ਤੇ ਉਸ ਲਈ ਵੀ ਕੀਮਤ ਚੁਕਾਉਣੀ ਪੈਂਦੀ ਏ, ਜਦਕਿ ਝੂਠਾ ਕੇਸ ਕਰ ਪੂਰੇ ਪਰਿਵਾਰ ਨੂੰ ਬਰਬਾਦ ਕਰਨ ਵਾਲੀ ਔਰਤ ਦੇ ਖਿਲਾਫ ਕੋਈ ਖਾਸ ਕਾਰਵਾਈ ਜਾਂ ਵੱਡਾ ਕੇਸ ਨਹੀਂ ਬਣਦਾ।

    ਭਾਵੁਕ ਕਰਨ ਵਾਲੀ ਗੱਲ ਏ ਕਿ, ਜਿਹੜੇ ਬੇਕਸੂਰ ਲੋਕ ਇਹਨਾਂ ਕੇਸਾਂ ’ਚ ਫਸਦੇ ਨੇ, ਉਹ ਵਾਰ-ਤਿਉਹਾਰ ’ਤੇ ਜਸ਼ਨ ਮਨਾਉਣਾ ਤਾਂ ਦੂਰ, ਕਿਸੇ ਵੀ ਜਨਤਕ ਪ੍ਰੋਗਰਾਮ ਤੱਕ ਜਾਣ ਤੋਂ ਗੁਰੇਜ਼ ਕਰਦੇ, ਇਕੱਲੇ ਪੈ ਜਾਂਦੇ ਨੇ, ਪਰ ਕੀ ਇਸ ਸਭ ਤੋਂ ਬਾਅਦ ਝੂਠਾ ਕੇਸ ਕਰਨ ਵਾਲੀ ਨੂੰਹ ਖੁਸ਼ ਹੁੰਦੀ ਏ, ਜੀ ਨਹੀਂ, ਬਰਬਾਦੀ ਤੇ ਬਦਨਾਮੀ ਦੋਾਂਂ ਧਿਰਾਂ ਦਾ ਬਰਾਬਰ ਸ਼ਿੰਗਾਰ ਬਣਦੀ ਏ।

    ਮੇਰਾ ਨਿੱਜੀ ਤੌਰ ’ਤੇ ਮੰਨਣਾ ਏ ਕਿ, ਜੇਕਰ ਕੋਈ ਵੀ ਇਨਸਾਨ ਜਾਂ ਪੂਰਾ ਪਰਿਵਾਰ, ਇੱਕ ਅਬਲਾ ਔਰਤ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦਾ ਏ ਤਾਂ ਉਸਨੂੰ ਉਮਰਕੈਦ ਤੋਂ ਘੱਟ ਸਜਾ ਹੋਣੀ ਈ ਨਹੀਂ ਚਾਹੀਦੀ, ਪਰ ਜੇਕਰ ਕੋਈ ਔਰਤ ਇਸ ਕਾਨੂੰਨ ਦੀ ਦੁਰਵਰਤੋਂ ਕਰਦਿਆਂ ਝੂਠਾ ਪਰਚਾ ਦਰਜ ਕਰਵਾਉਂਦੀ ਏ ਤਾਂ ਉਸਨੂੰ ਵੀ ਸਖਤ ਤੋਂ ਸਖਤ ਸਜਾ ਦੇਣ ਦਾ ਕਾਨੂੰਨ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਹਰੇਕ ਮਰਦ ਜਾਲਮ ਨ੍ਹੀਂ ਹੁੰਦਾ ਤੇ ਔਰਤ ਹਮੇਸ਼ਾ ਅਬਲਾ ਨਹੀਂ ਹੁੰਦੀ। ਅਸਲ ’ਚ ਜਿਆਦਾਤਰ ਦਾਜ ਕੇਸਾਂ ਦੀ ਮੰਜਿਲ ਤਲਾਕ ਈ ਹੁੰਦਾ ਏ, ਪਰ ਆਪਣੇ ਦੇਸ਼ ਵਿੱਚ ਤਲਾਕ ਲੈਣ ਲਈ ਕੋਈ ਸੁਖਾਲਾ ਤਰੀਕਾ ਨਹੀਂ ਹੈ।

    ਹਰੇਕ ਪਤੀ-ਪਤਨੀ ਨੂੰ ਤੇ ਪੂਰੇ ਪਰਿਵਾਰ ਨੂੰ, ਜਿੱਥੋਂ ਤੱਕ ਸੰਭਵ ਹੋਵੇ, ਰਿਸ਼ਤਾ ਬਚਾਉਣ ਲਈ, ਹਰ ਤਰ੍ਹਾਂ ਦੇ ਸਮਝੌਤੇ ਕਰਦਿਆਂ, ਪੂਰੀ ਵਾਹ ਲਾ ਦੇਣੀ ਚਾਹੀਦੀ ਹੈ, ਪਰ ਜੇਕਰ ਨਾਲ ਰਹਿਣਾ ਸੰਭਵ ਈ ਨਹੀਂ ਏ ਤਾਂ, ਦਾਜ ਦੇ ਝੂਠੇ ਕੇਸ ਕਰ ਦੋਵਾਂ ਧਿਰਾਂ ਦੀ ਸਾਲਾਂਬੱਧੀ ਬਰਬਾਦੀ ਨਾਲੋਂ, ਸਹਿਮਤੀ ਨਾਲ ਤਲਾਕ ਲੈ ਲੈਣਾ ਈ, ਸਭ ਤੋਂ ਵਧੀਆ ਉਪਾਅ ਏ।
    ਹਿੰਦੀ ਅਧਿਆਪਕ,
    ਖੂਈ ਖੇੜਾ, ਫਾਜ਼ਿਲਕਾ
    ਮੋ. 98727-05078
    ਅਸ਼ੋਕ ਸੋਨੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ