ਐਸਆਈਟੀ ਨੂੰ ਭੇਜੇ 182 ਸਵਾਲਾਂ ਦੇ ਜਵਾਬ, ਸਾਰਾ ਰਿਕਾਰਡ ਵੀ ਕਰਵਾਇਆ ਮੁਹੱਈਆ

ਜਿਹੜਾ ਕੁਝ ਪੁੱਛਿਆ, ਜਿਹੜਾ ਮੰਗਿਆ, ਹਰ ਚੀਜ਼ ਭੇਜ ਦਿੱਤੀ ਗਈ ਐ, ਅਸੀਂ ਸੱਚੇ ਨਹੀਂ ਕੋਈ ਡਰ : ਐਡਵੋਕੇਟ ਬਰਾੜ

  • ਡਾ. ਪ੍ਰਿਥਵੀ ਰਾਜ ਨੈਨ ਵੱਲੋਂ ਦਸਤਖ਼ਤ ਕਰਦੇ ਹੋਏ ਵਕੀਲਾਂ ਦੇ ਹੱਥ ਭੇਜਿਆ ਗਿਆ ਰਿਕਾਰਡ
  • ਲੁਧਿਆਣਾ ਵਿਖੇ ਐਸਆਈਟੀ ਮੁਖੀ ਐਸ.ਪੀ.ਐਸ. ਪਰਮਾਰ ਦੇ ਦਫ਼ਤਰ ਨੂੰ ਸੌਂਪਿਆ ਗਿਆ ਰਿਕਾਰਡ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਡੇਰਾ ਸੱਚਾ ਸੌਦਾ ਦੇ ਸੀ. ਵਾਈਸ ਚੇਅਰਮੈਨ ਡਾ. ਪ੍ਰਿਥਵੀ ਰਾਜ ਨੈਨ ਵੱਲੋਂ ਲਿਖਿਤ ’ਚ 182 ਸਵਾਲਾਂ ਦੇ ਜਵਾਬ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ ਨੂੰ ਭੇਜ ਦਿੱਤੇ ਗਏ ਹਨ। ਸੋਮਵਾਰ ਨੂੰ ਇਨਾਂ ਸਵਾਲਾਂ ਦੇ ਜਵਾਬ ਨਾਲ ਹੀ ਉਹ ਰਿਕਾਰਡ ਵੀ ਭੇਜਿਆ ਗਿਆ ਹੈ, ਜਿਹੜਾ ਕਿ ਸਪੈਸ਼ਲ ਜਾਂਚ ਟੀਮ ਵੱਲੋਂ ਬੀਤੇ ਦਿਨੀਂ ਡੇਰਾ ਸੱਚਾ ਸੌਦਾ ਵਿਖੇ ਪੁੱਛਗਿੱਝ ਕਰਨ ਮੌਕੇ ਡਾ. ਪਿ੍ਰਥਵੀ ਰਾਜ ਨੈਨ ਤੋਂ ਮੰਗ ਕੀਤੀ ਗਈ ਸੀ। ਡਾ. ਪ੍ਰਿਥਵੀ ਰਾਜ ਨੈਨ ਵੱਲੋਂ ਆਪਣੇ ਦਸਤਖ਼ਤ ਹੇਠ ਇਹ ਸਾਰਾ ਰਿਕਾਰਡ ਆਪਣੇ ਵਕੀਲਾਂ ਰਾਹੀਂ ਲੁਧਿਆਣਾ ਵਿਖੇ ਐਸ.ਆਈ.ਟੀ. ਮੁਖੀ ਐਸ.ਪੀ.ਐਸ. ਪਰਮਾਰ ਨੂੰ ਭੇਜਿਆ ਗਿਆ ਹੈ।

ਡਾ. ਪ੍ਰਿਥਵੀ ਰਾਜ ਨੈਨ ਨੈਨ ਵੱਲੋਂ ਬੀਤੇ ਹਫ਼ਤੇ ਵੀ ਜਾਂਚ ਟੀਮ ਵੱਲੋਂ ਸਰਸਾ ਵਿਖੇ ਪੁੱਛੇ ਗਏ 75 ਸਵਾਲਾਂ ਦੇ ਜਵਾਬ ਦਿੱਤੇ ਗਏ ਸਨ ਤਾਂ ਇਨ੍ਹਾਂ 75 ਸਵਾਲਾਂ ਤੋਂ ਬਾਅਦ ਐਸ.ਆਈ.ਟੀ. ਨੇ 182 ਹੋਰ ਸਵਾਲਾਂ ਦੀ ਲਿਸਟ ਡਾ. ਨੈਨ ਨੂੰ ਦਿੱਤੀ ਗਈ ਸੀ। ਜਿਨ੍ਹਾਂ ਦੇ ਜੁਆਬ ਸਣੇ ਕੁਝ ਰਿਕਾਰਡ ਦੀ ਮੰਗ ਕੀਤੀ ਗਈ ਸੀ।

ਡਾ. ਪ੍ਰਿਥਵੀ ਰਾਜ ਨੈਨ ਦੇ ਐਡਵੋਕੇਟ ਕੇਵਲ ਬਰਾੜ ਨੇ ਦੱਸਿਆ ਕਿ ਐਸ.ਪੀ.ਐਸ. ਪਰਮਾਰ ਦੀ ਅਗਵਾਈ ਵਾਲੀ ਐਸ.ਆਈ.ਟੀ. ਪੰਜਾਬ ਵਿੱਚ ਹੋਈ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਜਾਂ ਫਿਰ ਸੰਸਥਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਮਾਮਲੇ ’ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਵਕਾਲਤ ਖ਼ੁਦ ਡੇਰਾ ਸੱਚਾ ਸੌਦਾ ਕਰਦਾ ਆਇਆ ਹੈ ਫਿਰ ਵੀ ਇਸ ਮਾਮਲੇ ’ਚ ਮਾਨਵਤਾ ਭਲਾਈ ਦੇ ਕੰਮਾਂ ’ਚ ਸਾਰਿਆਂ ਨਾਲੋਂ ਜ਼ਿਆਦਾ ਭਾਗ ਲੈਣ ਵਾਲੀ ਸੰਸਥਾ ਤੋਂ ਹੀ ਪੁੱਛਗਿੱਛ ਕਰਦੇ ਹੋਏ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਕੇਵਲ ਬਰਾੜ ਨੇ ਕਿਹਾ ਕਿ ਇਸ ਮਾਮਲੇ ’ਚ ਕੋਈ ਲੈਣ-ਦੇਣ ਨਾ ਹੋਣ ਦੇ ਬਾਵਜ਼ੂਦ ਐਸ.ਆਈ.ਟੀ. ਦਾ ਸਹਿਯੋਗ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਰਦੀ ਰਹੇਗੀ। ਉਨ੍ਹਾਂ ਕਿਹਾ 250 ਸਵਾਲਾਂ ਤੋਂ ਜਿਆਦਾ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਵੀ ਜੇਕਰ ਐਸ.ਆਈ.ਟੀ. ਨੂੰ ਕੋਈ ਸਵਾਲਾਂ ਦੇ ਜਵਾਬ ਚਾਹੀਦੇ ਹਨ ਤਾਂ ਵੀ ਇਸ ਸੰਸਥਾ ਵੱਲੋਂ ਸਹਿਯੋਗ ਕਰਦੇ ਹੋਏ ਹਰ ਜਵਾਬ ਦਿੱਤਾ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ