ਪਿੰਡ ਵਾਸੀਆਂ ਨੇ ਕੀਤੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
(ਗੁਰਤੇਜ ਜੋਸ਼ੀ) ਮਲੇਰਕੋਟਲਾ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਅਨੇਕਾਂ ਉਪਰਾਲੇ ਕੀਤੇ ਗਏ ਪਰ ਅਜੇ ਤਕ ਨਾ ਤਾਂ ਪੰਜਾਬ ਅੰਦਰੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਹੋਇਆ ਹੈ ਅਤੇ ਨਾ ਹੀ ਪੰਜਾਬ ਦੇ ਗੱਭਰੂ ਇਸ ਦੀ ਭੇਂਟ ਚੜ੍ਹਨ ਤੋਂ ਬਚ ਰਹੇ ਹਨ। ਤਾਜ਼ਾ ਮਾਮਲਾ ਪਿੰਡ ਬਾਗੜੀਆਂ ਦਾ ਹੈ ਜਿਥੋਂ ਦਾ ਰਹਿਣ ਵਾਲਾ ਛੱਬੀ ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਿਆ। ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਕੋਲ ਵੈਣ ਪਾਉਂਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਪੁੱਤਰ ਚਿੱਟਾ ਲਗਾਉਣ ਦਾ ਆਦੀ ਹੋ ਚੁੱਕਿਆ ਸੀ ਜਿਸ ਦੀ ਆਦਤ ਨੂੰ ਸੁਧਾਰਨ ਲਈ ਦਵਾਈ ਵੀ ਸ਼ੁਰੂ ਕੀਤੀ ਹੋਈ ਸੀ ਪਰ ਅੱਜ ਅਚਾਨਕ ਉਸ ਨੇ ਫਿਰ ਤੋਂ ਚਿੱਟੇ ਦਾ ਟੀਕਾ ਲਗਾ ਲਿਆ ਜਿਸ ਦੀ ਓਵਰਡੋਜ਼ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਿੰਡ ਦੇ ਲੋਕਾਂ ਨੇ ਮੌਕੇ ਤੋਂ ਮਿਲੀ ਸਰਿੰਜ ਦਿਖਾਉਂਦੇ ਹੋਏ ਦੱਸਿਆ ਕਿ ਸਾਡੇ ਪਿੰਡ ਵਿਚ ਨਸ਼ਾ ਆਮ ਮਿਲਦਾ ਹੈ ਜਿਸ ਪ੍ਰਤੀ ਅਸੀਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੱਕ ਅਨੇਕਾਂ ਦਰਖਾਸ਼ਤਾਂ ਦੇ ਕੇ ਨਸ਼ੇ ਦੇ ਖਾਤਮੇ ਦੀ ਮੰਗ ਕਰ ਚੁੱਕੇ ਹਾਂ ਪਰ ਅਜੇ ਤੱਕ ਨਸ਼ਾ ਬਿਲਕੁੱਲ ਵੀ ਨਹੀਂ ਰੁਕਿਆ। ਪਿੰਡ ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਮੰਗ ਕੀਤੀ ਕਿ ਉਹ ਖੁਦ ਆ ਕੇ ਪਿੰਡ ਦੇ ਹਾਲਾਤਾਂ ਨੂੰ ਦੇਖਣ ਅਤੇ ਸਾਡੇ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਉਣ ਲਈ ਸਖ਼ਤ ਕਦਮ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਕੋਹੜ ਤੋਂ ਬਚ ਸਕਣ। ਜਦੋਂ ਇਸ ਸਬੰਧੀ ਮੌਕੇ ’ਤੇ ਪਹੁੰਚੇ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਤੋਂ ਜਾਣਨਾ ਚਾਹਿਆ ਤਾਂ ਉਨ੍ਹਾਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ