ਪ੍ਰਸ਼ਾਸਨ ਨੇ ਫੌਰੀ ਬਦਲੀ ਹੋਸਟਲ ਵਾਰਡਨ | Meritorious School
- ਸਕੂਲ ਚਲਾਉਣ ਲਈ ਨਵੇਂ ਨਿਯਮ ਕੀਤੇ ਲਾਗੂ | Meritorious School
- ਖਾਣੇ ਦੀ ਜਾਂਚ ਲਈ ਬੱਚਿਆਂ ਤੇ ਅਧਿਆਪਕਾਂ ਦੀ ਬਣਾਈ ਕਮੇਟੀ
ਸੰਗਰੂਰ (ਗੁਰਪ੍ਰੀਤ ਸਿੰਘ)। ਸੰਗਰੂਰ ਨੇੜਲੇ ਘਾਬਦਾਂ ਪਿੰਡ ਦਾ ਸਰਕਾਰੀ ਮੈਰੋਟੋਰੀਅਸ ਸਕੂਲ ਅੱਜ ਪੰਜ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਦੁਬਾਰਾ ਖੱੁਲ੍ਹਿਆ ਤਾਂ ਇੱਕ ਵਾਰ ਫੇਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਮੂਹਰੇ ਧਰਨਾ ਲਾ ਦਿੱਤਾ। ਮਾਪੇ ਦੋਸ਼ ਲਾ ਰਹੇ ਸਨ ਕਿ ਸਕੂਲ ਦੇ ਹੋਸਟਲ ਵਾਰਡਨ ਨੂੰ ਬਦਲੀ ਨਹੀਂ ਕੀਤਾ ਗਿਆ, ਜਦੋਂ ਕਿ ਬੱਚਿਆਂ ਨੇ ਖਰਾਬ ਖਾਣੇ ਦੀ ਸ਼ਿਕਾਇਤ ਵਾਰਡਨ ਨੂੰ ਹੀ ਕੀਤੀ ਸੀ ਮਾਪਿਆਂ ਤੇ ਬੱਚਿਆਂ ਦੇ ਦਬਾਅ ਅੱਗੇ ਪ੍ਰਸ਼ਾਸਨ ਵੱਲੋਂ ਤੁਰੰਤ ਹੋਸਟਲ ਵਾਰਡਨ ਬਦਲ ਕੇ ਆਰਜ਼ੀ ਵਾਰਡਨ ਲਾ ਦਿੱਤਾ ਗਿਆ। ਸਕੂਲ ਦੇ ਬਾਹਰ ਧਰਨੇ ਦੇ ਰਹੇ ਮਾਪਿਆਂ ਨੇ ਦੋਸ਼ ਲਾਇਆ ਕਿ 5 ਦਿਨ ਪਹਿਲਾਂ ਸਕੂਲ ਦੇ 100 ਤੋਂ ਜਿਆਦਾ ਬੱਚੇ ਖਰਾਬ ਖਾਣਾ ਖਾਣ ਕਾਰਨ ਬੁਰੀ ਤਰ੍ਹਾਂ ਬਿਮਾਰ ਹੋ ਗਏ ਸਨ। (Meritorious School)
ਉਨ੍ਹਾਂ ਆਖਿਆ ਕਿ ਬੱਚਿਆਂ ਵੱਲੋਂ ਸਪਲਾਈ ਕੀਤੇ ਜਾ ਰਹੇ ਖਰਾਬ ਖਾਣੇ ਦੀ ਸ਼ਿਕਾਇਤ ਸਕੂਲ ਦੇ ਹੋਸਟਲ ਵਾਰਡਨ ਨੂੰ ਸਭ ਤੋਂ ਪਹਿਲਾਂ ਦਿੱਤੀ ਸੀ ਪਰ ਪ੍ਰਸ਼ਾਸਨ ਵੱਲੋਂ ਵਾਰਡਨ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਸਿਰਫ ਮੈੱਸ ਦੇ ਠੇਕੇਦਾਰ ਅਤੇ ਮੈੱਸ ਦੇ ਮੈਨੇਜਰ ਦੇ ਖਿਲਾਫ਼ ਧਾਰਾ 307 ਅਧੀਨ ਪਰਚਾ ਦਰਜ਼ ਕਰਕੇ ਬੁੱਤਾ ਸਾਰ ਦਿੱਤਾ ਗਿਆ ਜਦੋਂ ਕਿ ਕਸੂਰਵਾਰ ਤਾਂ ਹੋਸਟਲ ਵਾਰਡਨ ਵੀ ਸਨ। ਮਾਪਿਆਂ ਨੇ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਆਰੰਭ ਕਰ ਦਿੱਤੀ।
Also Read : ਹੁਣ ਹਫ਼ਤੇ ’ਚ ਐਨੇ ਦਿਨ ਬੰਦ ਰਿਹਾ ਕਰਨਗੇ ਬੈਂਕ? ਸਰਕਾਰ ਨੇ ਦਿੱਤੀ ਜਾਣਕਾਰੀ!
ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਬੱਚੇ ਉਨਾ ਚਿਰ ਅੰਦਰ ਨਹੀਂ ਜਾਣਗੇ ਜਿੰਨਾ ਚਿਰ ਹੋਸਟਲ ਵਾਰਡਨ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਮਜ਼ਬੂਰਨ ਸੰਗਰੂਰ ਹਾਈਵੇ ਜਾਮ ਕਰਨ ਲਈ ਮਜ਼ਬੂਰ ਹੋਣਗੇ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸ਼ਾਂਤ ਕਰਨ ਲਈ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਵੱਲੋਂ ਦਿਵਾਏ ਭਰੋਸੇ ਤੋਂ ਬਾਅਦ ਮਾਪਿਆਂ ਨੇ ਰੋਸ ਪ੍ਰਦਰਸ਼ਨ ਬੰਦ ਕਰ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਨੇ ਦੱਸਿਆ ਕਿ ਬੱਚਿਆਂ ਅਤੇ ਮਾਪਿਆਂ ਦੀ ਮੰਗ ਅਨੁਸਾਰ ਹੋਸਟਲ ਵਾਰਡਨ ਨੂੰ ਬਦਲ ਕੇ ਆਰਜ਼ੀ ਹੋਸਟਲ ਵਾਰਡਨ ਲਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਕੂਲ ਹੁਣ ਪੂਰੀ ਤਰ੍ਹਾਂ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਦੇ ਅਧੀਨ ਹੈ ਅਤੇ ਉਨ੍ਹਾਂ ਅਨੁਸਾਰ ਸਾਰਾ ਕੰਮ ਹੋਵੇਗਾ।
ਸਕੂਲ ਨੂੰ ਚਲਾਉੁਣ ਲਾਗੂ ਕੀਤੇ ਨਵੇਂ ਨਿਯਮ
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਹੁਣ ਸਕੂਲ ਨੂੰ ਚਲਾਉਣ ਲਈ ਨਵੇਂ ਨਿਯਮ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਨਵੀਂ ਕਮੇਟੀ ਬਣਾਈ ਗਈ ਹੈ ਜਿਸ ਵਿੱਚ 8 ਅਧਿਆਪਕ ਅਤੇ 8 ਬੱਚਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜੋ ਵੀ ਖਾਣਾ ਬੱਚਿਆਂ ਲਈ ਬਣਾਇਆ ਜਾਵੇਗਾ, ਉਸ ਦੀ ਪਹਿਲਾਂ ਜਾਂਚ ਹੋਵੇਗੀ ਅਤੇ ਉਸ ਤੋਂ ਬਾਅਦ ਬੱਚਿਆਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਹੋਰ ਕਮੇਟੀ ਬਣਾਈ ਗਈ ਹੈ ਜਿਸ ਵਿੱਚ 5 ਅਧਿਆਪਕ ਸ਼ਾਮਿਲ ਹੋਣਗੇ।
ਜਿਹੜੇ ਹਰ ਰੋਜ਼ ਖਾਣਾ ਬਣਾਉਣ ਵਾਲੇ ਹਲਵਾਈ ਅਤੇ ਰਸੋਈ ਦੀ ਸਾਫ਼ ਸਫ਼ਾਈ ਦੀ ਜਾਂਚ ਕਰਨਗੇ ਹੋਸਟਲ ਦੇ ਬਾਥਰੂਮ ਦਿਨ ਵਿੱਚ ਦੋ ਵਾਰ ਸਾਫ਼ ਕੀਤੇ ਜਾਣਗੇ। ਇਸ ਤੋਂ ਪਹਿਲਾਂ ਮਹੀਨਾ ਮਹੀਨਾ ਬਾਅਦ ਬੱਚਿਆਂ ਦੀ ਆਪਣੇ ਮਾਪਿਆਂ ਨਾਲ ਗੱਲਬਾਤ ਹੁੰਦੀ ਸੀ ਪਰ ਹੁਣ ਹਰ ਹਫ਼ਤੇ ਬੱਚਿਆਂ ਦੀ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰਵਾਈ ਜਾਇਆ ਕਰੇਗੀ।