ਮੁੱਖ ਮੰਤਰੀ ਵੱਲੋਂ ਸੂਬੇ ’ਚ 200 ਹੋਰ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਐਲਾਨ
Punjab Government News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿੱਚ 200 ਹੋਰ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਤਾਂ ਕਿ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। ਅੱਜ ਇੱਥੇ ਟੈਗੋਰ ਥੀਏਟਰ ਵਿਖੇ 881 ਆਮ ਆਦਮੀ ਕਲੀਨਿਕਾਂ ਨੂੰ ‘ਵਟਸਐਪ ਚੈਟਬੋਟ’ ਨਾਲ ਜੋੜਨ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਦੇਸ਼ ਦਾ ਸਭ ਤੋਂ ਸਫਲ ਸਿਹਤ ਮਾਡਲ ਸਾਬਤ ਹੋ ਰਿਹਾ ਹੈ ਜਿੱਥੇ ਮਰੀਜ਼ਾਂ ਦਾ ਸਾਰਾ ਇਲਾਜ ਬਿਲੁਕਲ ਮੁਫਤ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ 200 ਆਮ ਆਦਮੀ ਕਲੀਨਿਕ ਕਾਰਜਸ਼ੀਲ ਕਰੇਗੀ, ਜਿਸ ਨਾਲ ਸੂਬੇ ਵਿੱਚ ਇਨਾਂ ਕਲੀਨਿਕਾਂ ਦੀ ਗਿਣਤੀ ਵਧ ਕੇ 1081 ਹੋ ਜਾਵੇਗੀ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਵੇਲੇ 565 ਆਮ ਆਦਮੀ ਕਲੀਨਿਕਾਂ ਪੇਂਡੂ ਇਲਾਕਿਆਂ ਵਿੱਚ ਜਦੋਂਕਿ 316 ਕਲੀਨਿਕ ਸ਼ਹਿਰੀ ਇਲਾਕਿਆਂ ਵਿੱਚ ਹਨ ਜਿੱਥੇ ਹੋਰ ਰੋਜ਼ ਲਗਭਗ 70,000 ਮਰੀਜ਼ ਆਉਂਦੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰੀ ਸਿਹਤ ਸਿਸਟਮ ਵਿੱਚ ਲੋਕਾਂ ਦਾ ਭਰੋਸਾ ਵਧ ਰਿਹਾ ਹੈ। ਉਨਾਂ ਇਹ ਵੀ ਖੁਲਾਸਾ ਕੀਤਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਵਿੱਚੋਂ ਸਭ ਤੋਂ ਵੱਧ ਮਹਿਲਾਵਾਂ ਅਤੇ ਉਸ ਤੋਂ ਬਾਅਦ ਬਜ਼ੁਰਗਾਂ ਦੀ ਗਿਣਤੀ ਵੱਧ ਹੈ ਕਿਉਂਕਿ ਉਨਾਂ ਨੂੰ ਆਪਣੇ ਘਰ ਦੇ ਨੇੜੇ ਹੀ ਬਿਹਤਰ ਇਲਾਜ ਮੁਫਤ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ: Golden Stolen: ਪਿੰਡ ਨਮੋਲ ’ਚ ਚੋਰ 92 ਤੋਲੇ ਸੋਨਾ ਅਤੇ 2 ਲੱਖ ਤੋਂ ਵੱਧ ਨਗਦੀ ਲੈ ਕੇ ਹੋਏ ਰਫੂ ਚੱਕਰ
ਆਮ ਆਦਮੀ ਕਲੀਨਿਕਾਂ ਨੂੰ ਵਟਸਐਪ ਚੈਟਬੋਟ ਨਾਲ ਜੋੜਨ ਦੇ ਉਪਰਾਲੇ ਨੂੰ ਸਿਹਤ ਖੇਤਰ ਵਿੱਚ ਇਕ ਹੋਰ ਵੱਡੀ ਪ੍ਰਾਪਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮਰੀਜ਼ ਜਦੋਂ ਚਾਹੁਣ, ਆਪਣੀਆਂ ਦਵਾਈਆਂ ਜਾਂ ਜਾਂਚ ਰਿਪੋਰਟਾਂ ਮੋਬਾਈਲ ਫੋਨ ਉਤੇ ਦੇਖ ਸਕਦੇ ਹਨ। ਉਨਾਂ ਕਿਹਾ ਕਿ ਇਸ ਉਪਰਾਲੇ ਨਾਲ ਸਿਹਤ ਸਹੂਲਤਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਕਰੀਬਨ 90 ਫੀਸਦੀ ਪੰਜਾਬੀਆਂ ਕੋਲ ਸਮਾਰਟਫੋਨ ਹਨ ਜਿਸ ਕਰਕੇ ਵਟਸਐਪ ਰਾਹੀਂ ਉਨਾਂ ਕੋਲ ਸਿੱਧੀ ਪਹੁੰਚ ਕੀਤੀ ਜਾ ਸਕਦੀ ਹੈ।
ਡਾਕਟਰ ਦੀ ਪਰਚੀ, ਜਾਂਚ ਰਿਪੋਰਟਾਂ, ਡਾਕਟਰ ਨੂੰ ਮਿਲਣ ਦੀ ਤਰੀਕ ਅਤੇ ਸਿਹਤ ਸੰਭਾਲ ਬਾਰੇ ਸਾਰੀ ਜਾਣਕਾਰੀ ਹੁਣ ਵਟਸਐਪ ਰਾਹੀਂ ਮਿਲੇਗੀ
ਆਮ ਲੋਕਾਂ ਲਈ ਵਟਸਐਪ ਚੈਟਬੋਟ ਦੇ ਲਾਭ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਡਾਕਟਰ ਦੀ ਦਵਾਈ ਵਾਲੀ ਪਰਚੀ, ਜਾਂਚ ਰਿਪੋਰਟਾਂ, ਡਾਕਟਰ ਵੱਲੋਂ ਦਿੱਤੀ ਅਗਲੀ ਤਰੀਕ ਬਾਰੇ ਸਮੇਂ-ਸਮੇਂ ਯਾਦ ਕਰਵਾਉਂਦੇ ਰਹਿਣਾ ਤੋਂ ਇਲਾਵਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਬਜ਼ੁਰਗਾਂ, ਗਰਭਵਤੀ ਮਹਿਲਾਵਾਂ, ਨਵ-ਜੰਮੇ ਬੱਚਿਆਂ ਦੀ ਸੰਭਾਲ ਬਾਰੇ ਵਟਸਐਪ ਰਾਹੀਂ ਜਾਣਕਾਰੀ ਮਿਲਦੀ ਰਹੇਗੀ। ਉਨਾਂ ਦੱਸਿਆ ਕਿ ਇਸ ਨਾਲ ਮਰੀਜ਼ ਨੂੰ ਪਰਚੀਆਂ ਸਾਂਭਣ ਦੀ ਲੋੜ ਨਹੀਂ ਰਹੇਗੀ, ਸਗੋਂ ਉਹ ਜਦੋਂ ਚਾਹੁਣ ਵਟਸਐਪ ਤੋਂ ਜਾਣਕਾਰੀ ਲੈ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਕਦਮ ਨਾਲ ਸਿਹਤ ਵਿਭਾਗ ਕੋਲ ਵੀ ਬਿਮਾਰੀਆਂ ਅਤੇ ਇਲਾਜ ਬਾਰੇ ਸਾਰੇ ਮਰੀਜ਼ਾਂ ਦਾ ਡਾਟਾ ਤਿਆਰ ਹੋ ਜਾਵੇਗਾ। Punjab Government News
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੁੱਤੇ ਦੇ ਵੱਢਣ ਨਾਲ ਪੀੜਤ ਲੋਕਾਂ ਨੂੰ ਫੌਰੀ ਇਲਾਜ ਦੇਣ ਲਈ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਇਹ ਇਲਾਜ ਮੁਫਤ ਮਿਲੇਗਾ। ਉਨਾਂ ਕਿਹਾ ਕਿ ਐਂਟੀ-ਰੈਬੀਜ਼ ਟੀਕੇ ਇਨਾਂ ਕਲੀਨਿਕਾਂ ਵਿੱਚ ਹੀ ਉਪਲਬਧ ਹੋਣਗੇ। ਉਨਾਂ ਦੱਸਿਆ ਕਿ ਇਹ ਇਲਾਜ ਪਹਿਲਾਂ ਕਾਫੀ ਮਹਿੰਗਾ ਸੀ ਅਤੇ ਸਥਾਨਕ ਪੱਧਰ ਉਤੇ ਇਲਾਜ ਨਹੀਂ ਮਿਲਦਾ ਸੀ ਪਰ ਹੁਣ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। Punjab Government News