ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ‘ਚ ਇੱਕ ਹੋਰ ਕਿਸਾਨ ਦੀ ਮੌਤ

ਜ਼ਿਲ੍ਹਾ ਮਾਨਸਾ ਦੇ ਪਿੰਡ ਬੱਛੋਆਣਾ ਨਾਲ ਸਬੰਧਿਤ ਸੀ ਕਿਸਾਨ ਗੁਰਜੰਟ ਸਿੰਘ

ਮਾਨਸਾ, (ਸੁਖਜੀਤ ਮਾਨ) ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ‘ਚ ਚੱਲ ਰਹੇ ਸੰਘਰਸ਼ੀ ਪਿੜ ‘ਚੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਸੰਘਰਸ਼ ‘ਚ ਸ਼ਾਮਲ ਜ਼ਿਲ੍ਹਾ ਮਾਨਸਾ ਦੇ ਇੱਕ ਕਿਸਾਨ ਦੀ ਸੰਘਰਸ਼ ਦੌਰਾਨ ਮੌਤ ਹੋ ਗਈ ਕਿਸਾਨ ਆਗੂਆਂ ਮੁਤਾਬਿਕ ਮੰਗਾਂ ਨਾ ਮੰਨੇ ਜਾਣ ਤੱਕ ਉਹ ਮ੍ਰਿਤਕ ਕਿਸਾਨ ਦਾ ਸਸਕਾਰ ਨਹੀਂ ਕਰਨਗੇ

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਕਿਸਾਨ ਗੁਰਜੰਟ ਸਿੰਘ (60) ਪੁੱਤਰ ਰਾਮ ਸਿੰਘ ਪਿੰਡ ਬੱਛੋਆਣਾ ਕੱਲ੍ਹ ਅਚਾਨਕ ਬਿਮਾਰ ਹੋ ਗਿਆ ਉਸਨੂੰ ਬਹਾਦਰਗੜ੍ਹ ਹਸਪਤਾਲ ‘ਚੋਂ ਅੱਜ ਪੀਜੀਆਈ ਰੋਹਤਕ ਵਿਖੇ ਰੈਫਰ ਕੀਤਾ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਤੋਂ ਬਾਅਦ ਹੀ ਉਸਦਾ ਸਸਕਾਰ ਕੀਤਾ ਜਾਵੇਗਾ ਮ੍ਰਿਤਕ ਦੇ ਘਰ ‘ਚ ਹੁਣ ਉਸਦੀ ਵਿਧਵਾ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਬੇਟੀ ਰਹਿ ਗਏ

ਜਨਕ ਰਾਜ ਧਨੌਲਾ ਦਾ ਅੱਜ ਹੋਵੇਗਾ ਸਸਕਾਰ

ਕਿਸਾਨ ਆਗੂ ਰਾਮ ਸਿੰਘ ਨੇ ਇਹ ਵੀ ਦੱਸਿਆ ਕਿ 29 ਨਵੰਬਰ ਨੂੰ ਦਿੱਲੀ ਵਿਖੇ ਹੀ ਕਾਰ ਨੂੰ ਅੱਗ ਲੱਗਣ ਕਾਰਨ ਅੰਦਰ ਹੀ ਸੜੇ ਧਨੌਲਾ ਦੇ ਟਰੈਕਟਰ ਮਕੈਨਿਕ ਦੇ ਸਾਥੀ ਜਨਕ ਰਾਜ ਦਾ ਅੱਜ ਪੋਸਟਮਾਰਟਮ ਹੋ ਗਿਆ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਨਕ ਰਾਜ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਮ੍ਰਿਤਕ ਜਨਕ ਰਾਜ ਦਾ ਭਲਕੇ ਧਨੌਲਾ ਵਿਖੇ ਸਸਕਾਰ ਕੀਤਾ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.