ਲੁਧਿਆਣਾ ‘ਚ ਮਿਲੇ ਹੋਰ 36 ਬੰਬ

Bombs

(ਰਘਬੀਰ ਸਿੰਘ) ਲੁਧਿਆਣਾ। ਬੀਤੀ ਕੱਲ੍ਹ ਲੁਧਿਆਣਾ ਲਾਗੇ ਸਥਿੱਤ ਆਲਮਗੀਰ ਤੋਂ 30 ਬੰਬ Bombs ਮਿਲਣ ਦੇ ਇੱਕ ਦਿਨ ਬਾਦ ਹੀ ਅੱਜ ਇੱਥੋਂ ਦੇ ਲੁਧਿਆਣਾ-ਸਾਹਨੇਵਾਲ ਦੱਖਣੀ ਬਾਈਪਾਸ ਤੇ ਸਥਿੱਤ ਪਿੰਡ ਹਰਨਾਮਪੁਰਾ ਵਿੱਚ ਵੀ ਇੱਕ ਬੇ-ਅਬਾਦ ਪਲਾਟ ਵਿੱਚੋਂ 36 ਬੰਬ ਮਿਲੇ ਹਨ। ਬੰਬ ਪੁਰਾਣੇ ਅਤੇ ਜੰਗਾਲ ਲੱਗੇ ਹਨ। ਲਗਾਤਾਰ ਦੂਸਰੀ ਵਾਰ ਮਿਲੇ ਬੰਬਾਂ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਇਨਾਂ ਬੰਬਾਂ Bombs ਨੂੰ ਸੁਰੱਖਿਅਤ ਕਰਕੇ ਲੋਕਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਦੱਖਣੀ ਬਾਈਪਾਸ ਨੇੜੇ ਥਾਣਾ ਡੇਹਲੋਂ ਅਧੀਨ ਆਉਂਦੇ ਪਿੰਡ ਹਰਨਾਮਪੁਰਾ ਦੇ ਪੁਲ ਦੇ ਨਜਦੀਕ ਖਾਨਪੁਰ ਲਿੰਕ ਰੋਡ ਸਥਿਤ ਇਕ ਬੇਅਬਾਦ ਪਲਾਟ ਵਿਚ 36 ਦੇ ਕਰੀਬ ਬੰਬ ਮਿਲੇ ਹਨ। ਪਿੰਡ ਹਰਨਾਮਪੁਰਾ ਦੇ ਸਰਪੰਚ ਪ੍ਰੇਮ ਸਿੰਘ ਅਡਵੋਕੇਟ ਅਤੇ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਨੇ ਥਾਣਾ ਡੇਹਲੋਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਇੱਕ ਬੇ-ਅਬਾਦ ਪਲਾਟ ਵਿੱਚ ਬੋਰੀਆਂ ਵਿੱਚ ਕੋਈ ਇਤਰਾਜਯੋਗ ਸ਼ੱਕੀ ਸਮੱਗਰੀ ਪਈ ਹੈ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੋਰੀਆਂ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਵਿੱਚ ਆਲਮਗੀਰ ਨੇੜੇ ਮਿਲੇ ਬੰਬਾਂ ਵਰਗੇ ਹੀ ਬੰਬ ਸਨ। ਥਾਣਾ ਡੇਹਲੋਂ ਦੇ ਥਾਣਾ ਮੁਖੀ ਨੇ ਇਹ ਮਾਮਲਾ ਆਪਣੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਐਸ.ਐਚ.ਓ. ਲਾਡੂਵਾਲ ਵਰੁਨਜੀਤ ਸਿੰਘ ਦੀ ਅਗਵਾਈ ‘ਚ ਪੁਲਿਸ ਵਲੋਂ ਇਨਾਂ ਬੰਬਾਂ ਨੂੰ ਸੁਰੱਖਿਅਤ ਕਰਕੇ ਲੋਕਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ। ਦੂਜੇ ਪਾਸੇ ਬੀਤੀ ਕੱਲ ਪਿੰਡ ਆਲਮਗੀਰ ਨੇੜੇ ਮਿਲੇ 30 ਬੰਬਾਂ ਨੂੰ ਨਸਟ ਕਰਨ ਲਈ  ਪੰਜਾਬ ਆਰਮਡ ਪੁਲਿਸ ਦਾ ਬੰਬ ਨਕਾਰਾ ਕਰਨ ਵਾਲਾ ਮਾਹਿਰ ਦਸਤਾ ਮੌਕੇ ਤੇ ਪਿੰਡ ਆਲਮਗੀਰ ਨੇੜੇ ਪਹੁੰਚ ਚੁੱਕਿਆ ਹੈ ਅਤੇ ਖਬਰ ਲਿਖੇ ਜਾਣ ਤੱਕ ਬੰਬ ਨਕਾਰਾ ਕਰਨ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ ਗਈ ਸੀ।

ਜਿਸ ਨੂੰ ਰਾਤ ਵੇਲੇ ਨੇਪਰੇ ਚਾੜੇ ਜਾਣ ਦੀ ਆਸ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਏ.ਡੀ.ਸੀ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਹ ਮਿਲੇ ਬੰਬ ਪੁਰਾਣੇ ਹਨ, ਅਜਿਹੇ ਹਥਿਆਰ ਅਕਸਰ ਫੌਜ ਵੱਲੋਂ ਵਰਤੇ ਜਾਂਦੇ ਹਨ, ਨਾ ਕਿ ਪੁਲਿਸ ਵੱਲੋਂ। ਉਹਨਾਂ ਦੱਸਿਆ ਕਿ ਇਹਨਾਂ ਹਥਿਆਰਾ ਸਬੰਧੀ ਬਰੀਕੀ ਨਾਲ ਘੋਖਿਆ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤੀ ਨਾਲ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇਹਨਾਂ ਨਾਲ ਡਾ: ਸਚਿਨ ਗੁਪਤਾ ਏ.ਸੀ.ਪੀ ਨੌਰਥ ਅਤੇ ਏ.ਸੀ.ਪੀ ਗੁਰਦੇਵ ਸਿੰਘ, ਐਸ ਐਚ ਓ ਦਲਬੀਰ ਸਿੰਘ ਆਦਿ ਅਮਲੇ ਸਮੇਤ ਮੌਕੇ ਤੇ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ