ਭਗਵੰਤ ਮਾਨ ਨੂੰ ਕਾਂਗਰਸ ‘ਚ ਸ਼ਾਮਲ ਦੇ ਸੁਝਾਅ ‘ਤੇ ਅਮਰਿੰਦਰ ਸਿੰਘ ਨੇ ਜ਼ਾਹਰ ਕੀਤੀ ਹੈਰਾਨੀ
- ਪਾਰਟੀ ਲੀਡਰਾਂ ਨੂੰ ਅਜਿਹੀ ਜਨਤਕ ਬਿਆਨਬਾਜ਼ੀ ਤੋਂ ਸੰਜਮ ਵਰਤਣ ਲਈ ਆਖਿਆ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਕਾਫ਼ੀ ਜਿਆਦਾ ਨਰਾਜ਼ ਹੋ ਗਏ ਹਨ। ਅਮਰਿੰਦਰ ਸਿੰਘ ਦੀ ਨਰਾਜ਼ਗੀ ਦਾ ਕਾਰਨ ਰਵਨੀਤ ਬਿੱਟੂ ਦਾ ਉਹ ਬਿਆਨ ਹੈ ਜਿਸ ਵਿੱਚ ਉਨ੍ਹਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਕਾਂਗਰਸ ‘ਚ ਸ਼ਾਮਲ ਕਰਨ ਲਈ ਸੁਝਾਅ ਦਿੱਤਾ ਸੀ।
ਇਸ ਬਿਆਨ ‘ਤੇ ਤਿੱਖੀ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪਾਰਟੀ ਲੀਡਰਾਂ ਨੂੰ ਅਜਿਹੀ ਜਨਤਕ ਬਿਆਨਬਾਜ਼ੀ ਕਰਨ ਤੋਂ ਸੰਜਮ ਵਰਤਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਕਾਂਗਰਸ ਵਿੱਚ ਲਿਆਉਣ ਬਾਰੇ ਕੋਈ ਵੀ ਫੈਸਲਾ ਲੈਣਾ ਪਾਰਟੀ ਹਾਈ ਕਮਾਂਡ ਦੇ ਅਧਿਕਾਰ ਖੇਤਰ ‘ਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮਸਲਿਆਂ ਨਾਲ ਸਬੰਧਿਤ ਵਿਚਾਰ-ਚਰਚਾ ਕਰਨ ਲਈ ਪਾਰਟੀ ਮੰਚ ਹੀ ਸਹੀ ਥਾਂ ਹੁੰਦੀ ਹੈ।
ਬਿੱਟੂ ਵੱਲੋਂ ਸਾਲ 2019 ਦੀਆਂ ਚੋਣਾਂ ਤੋਂ ਪਹਿਲਾਂ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਬਾਰੇ ਦਿੱਤੇ ਬਿਆਨ ‘ਤੇ ਹੈਰਾਨੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਦੇ ਸੰਸਦ ਮੈਂਬਰ ਨੂੰ ਆਪਣੇ ਵਿਚਾਰ ਜਾਂ ਤਾਂ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੋਲ ਜਾਂ ਫਿਰ ਉਨ੍ਹਾਂ (ਮੁੱਖ ਮੰਤਰੀ) ਕੋਲ ਜ਼ਾਹਰ ਕਰਨੇ ਚਾਹੀਦੇ ਸਨ। ਮੁੱਖ ਮੰਤਰੀ ਨੇ ਕਿਹਾ ਜਮਹੂਰੀ ਸੰਸਥਾ ਹੋਣ ਦੇ ਨਾਤੇ ਕਾਂਗਰਸ ਪਾਰਟੀ ਸ੍ਰੀ ਬਿੱਟੂ ਦੀ ਸਲਾਹ ‘ਤੇ ਅੰਦਰੂਨੀ ਪੱਧਰ ‘ਤੇ ਵਿਚਾਰ ਸਕਦੀ ਹੈ ਤੇ ਅੰਤਿਮ ਫੈਸਲਾ ਪਾਰਟੀ ਹਾਈ ਕਮਾਂਡ ਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਨਿਯਮਾਂ ਮੁਤਾਬਕ ਕਿਸੇ ਸੰਸਦ ਮੈਂਬਰ ਨੂੰ ਪਾਰਟੀ ‘ਚ ਸ਼ਾਮਲ ਕਰਨ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਵਿਸ਼ੇਸ਼ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਬਿੱਟੂ ਪਾਰਟੀ ਦੇ ਸੀਨੀਅਰ ਨੇਤਾ ਹੋਣ ਦੇ ਨਾਤੇ ਪਾਰਟੀ ਦੀ ਕਾਰਜ ਪ੍ਰਣਾਲੀ ਤੋਂ ਭਲੀਭਾਂਤ ਜਾਣੂ ਹਨ, ਜਿਸ ਕਰਕੇ ਉਨ੍ਹਾਂ ਨੂੰ ਅਜਿਹੇ ਮਾਮਲਿਆਂ ‘ਚ ਲੋੜੀਂਦੀ ਪ੍ਰਕਿਰਿਆ ਅਪਣਾਉਣੀ ਜਾਣੀ ਚਾਹੀਦੀ ਹੈ।