ਜੇਕਰ ਪਹਿਲਾਂ ਵਿਰੋਧ ਹੋਇਆ ਸੀ ਤਾਂ ਹੁਣ ਵੀ ਸੁਲਗ ਸਕਦੀ ਐ ਚੰਗਿਆੜੀ
- ਜਿਹੜੇ ਵਿਧਾਇਕ 2004 ਵਿੱਚ ਸਨ ਅਮਰਿੰਦਰ ਸਿੰਘ ਦੇ ਹੱਕ, ਹੁਣ ਉੱਤਰ ਗਏ ਹਨ ਵਿਰੋਧ ‘ਚ | Amarinder Singh
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੰਤਰੀ ਮੰਡਲ ਵਿੱਚ ਵਾਧੇ ਨੂੰ ਲੈ ਕੇ ਚਲ ਰਹੀਂ ਨਰਾਜ਼ਗੀ ਵਿੱਚ ਕੁਝ ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ (Amarinder Singh) ਸਿੰਘ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਿ ਉਹ 2004 ਦਾ ਉਸ ਸਮਾਂ ਨਾ ਭੁੱਲਣ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਸੀਟ ਤੋਂ ਲਾਹੁਣ ਲਈ ਮੁਹਿੰਮ ਛੇੜੀ ਗਈ ਸੀ। ਉਹ ਅੱਗ ਤਾਂ ਕੁਝ ਸਮੇਂ ਬਾਅਦ ਬੁੱਝ ਗਈ ਸੀ ਪਰ ਉਸ ਦੀ ਚਿੰਗਾਰੀ ਨੂੰ ਮੁੜ ਤੋਂ ਇੱਕ ਵਾਰ ਫਿਰ ਅਮਰਿੰਦਰ ਸਿੰਘ ਹਵਾ ਦੇਣ ਦੀ ਕੋਸ਼ਸ਼ ਕਰ ਰਹੇ ਹਨ। ਇਸ ਲਈ ਕੈਬਨਿਟ ਵਿੱਚ ਕੀਤੇ ਵਾਧੇ ਵਲ ਇੱਕ ਵਾਰ ਫਿਰ ਤੋਂ ਗੌਰ ਦੇ ਲੈਣ ਨਹੀਂ ਤਾਂ ਇਹ ਚਿੰਗਾਰੀ ਕਿਸੇ ਵੀ ਸਮੇਂ ਭਾਂਬੜ ਬਣਦੇ ਹੋਏ ਵੱਡਾ ਰੂਪ ਧਾਰ ਸਕਦੀ ਹੈ।
ਚੰਡੀਗੜ੍ਹ ਦੇ ਸਿਵਲ ਸਕੱਤਰੇਤ ਵਿਖੇ ਕੁਝ ਮੰਤਰੀਆਂ ਨੂੰ ਕੁਰਸੀ ‘ਤੇ ਬੈਠਣ ਤੋਂ ਬਾਅਦ ਵਧਾਈ ਦੇਣ ਲਈ ਆਏ ਅੱਧੀ ਦਰਜਨ ਵਿਧਾਇਕਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਅਮਰਿੰਦਰ ਸਿੰਘ ਦਾ ਉਹ ਆਦਰ ਮਾਨ ਕਰਦੇ ਹਨ ਪਰ ਇਸ ਤਰ੍ਹਾਂ ਦਾ ਧੱਕਾ ਸਹਿਣ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਅਤੇ ਉਮਰ ਦੇ ਤਜਰਬੇ ਤੋਂ ਕਾਫ਼ੀ ਜਿਆਦਾ ਸੀਨੀਅਰ ਹਨ ਪਰ ਫਿਰ ਵੀ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ, ਜਿਹੜੇ ਕਿ ਕਾਂਗਰਸ ਵਿੱਚ ਕੁਝ ਸਾਲ ਪਹਿਲਾਂ ਆਏ ਹਨ ਅਤੇ ਮਸਾਂ ਹੀ ਇੱਕ ਦੋ ਵਾਰ ਵਿਧਾਇਕ ਬਣੇ ਹਨ।