ਮਾਮਲਾ ਵਿੱਤ ਮੰਤਰੀ ਦੇ ਸਮਾਗਮ ਦੇ ਵਿਰੋਧ ਦਾ | Anganwadi Workers
ਬਠਿੰਡਾ (ਅਸ਼ੋਕ ਵਰਮਾ)। ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰਜਾ ਮੁਆਫੀ ਸਮਾਗਮਾਂ ਦਾ ਵਿਰੋਧ ਕਰਨ ਆਈਆਂ ਸੌ ਤੋਂ ਵੀ ਜ਼ਿਆਦਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜ਼ਿਲ੍ਹਾ ਪੁਲਿਸ ਨੇ ਅੱਜ ਧੂਹ ਘੜੀਸ ਪਿੱਛੋਂ ਵੱਖ-ਵੱਖ ਥਾਣਿਆਂ ‘ਚ ਬੰਦ ਕਰ ਦਿੱਤਾ। ਇਸੇ ਦੌਰਾਨ ਆਪਣਾ ਸਖਤੀ ਵਾਲਾ ਰੁੱਖ ਬਰਕਰਾਰ ਰੱਖਦਿਆਂ ਪੁਲਿਸ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਲਾਏ ਆਂਗਣਵਾੜੀ ਮੁਲਾਜਮਾਂ ਦੇ ਟੈਂਟ ਵਗੈਰਾ ਵੀ ਪੁੱਟ ਦਿੱਤੇ ਅਤੇ ਸਮਾਨ ਕਬਜੇ ‘ਚ ਲੈ ਲਿਆ। (Anganwadi Workers)
ਦੂਜੇ ਪਾਸੇ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ ਹੈ। ਅੱਜ ਆਂਗਣਵਾੜੀ ਮੁਲਾਜਮਾਂ ਨੂੰ ਖਜਾਨਾ ਮੰਤਰੀ ਦੇ ਕਰਜਾ ਮੁਆਫੀ ਸਮਾਗਮ ਦੀ ਪਹਿਲੋਂ ਹੀ ਭਿਣਕ ਪੈ ਗਈ ਸੀ, ਜਿਸ ਕਰਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰਾਂ ਤੇ ਹੈਲਪਰਾਂ ਅਸ਼ੋਕਾ ਪੈਲੇਸ ਅੱਗੇ ਕਾਲੇ ਝੰਡੇ ਲੈ ਕੇ ਪੁੱਜ ਗਈਆਂ। ਆਂਗਣਵਾੜੀ ਮੁਲਾਜ਼ਮਾਂ ਨੂੰ ਪਹਿਲਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਮੀਟਿੰਗ ਤੈਅ ਕਰਾ ਦਿੱਤੀ ਜਾਵੇਗੀ, ਜਦੋਂ ਮੁਲਾਜ਼ਮ ਆਗੂਆਂ ਨੇ ਜੁਆਬ ਦੇ ਦਿੱਤਾ ਤਾਂ ਮਹੌਲ ਤਲਖੀ ਵਾਲਾ ਬਣ ਗਿਆ। (Anganwadi Workers)
ਪੁਲਿਸ ਕਾਰਵਾਈ ਦੀ ਨਿਖੇਧੀ | Anganwadi Workers
ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਸ਼ਿੰਦਰਪਾਲ ਕੌਰ ਭਗਤਾ ਅਤੇ ਸੂਬਾ ਖਜਾਨਚੀ ਬਲਵੀਰ ਕੌਰ ਮਾਨਸਾ ਨੇ ਸੂਬਾ ਪ੍ਰਧਾਨ ਸਮੇਤ ਸੌ ਤੋਂ ਵੱਧ ਵਰਕਰਾਂ ਤੇ ਹੈਲਪਰਾਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦਾ ਮਾਣ ਸਨਮਾਨ ਕਰਨ ਵਾਲੀ ਸਰਕਾਰ ਆਪਣੇ ਹੱਕ ਮੰਗ ਰਹੀਆਂ ਔਰਤਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜੋ ਬੇਹੱਦ ਮਾੜੀ ਗੱਲ ਹੈ। ਉਨ੍ਹਾਂ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਣ, 3 ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ‘ਚ ਵਾਪਿਸ ਭੇਜਣ, ਐਨ.ਜੀ. ਓ ਨੂੰ ਦਿੱਤੇ ਬਲਾਕ ਮਹਿਕਮੇ ਨੂੰ ਸੌਂਪਣ ਸਮੇਤ ਹੋਰ ਭਖਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ।