ਖੂਨ ਨਾਲ ਲਿਖਿਆ ਮੰਗ ਪੱਤਰ ਵਿਧਾਇਕ ਦੇ ਪੀਏ ਨੂੰ ਸੌਂਪਿਆ
ਸੁਧੀਰ ਅਰੋੜਾ, ਅਬੋਹਰ। ਆਲ ਪੰਜਾਬ ਆਂਗਨਵਾੜੀ ਵਰਕਰ ਯੂਨੀਅਨ ਦੀ ਬਲਾਕ ਅਬੋਹਰ -1 ਅਤੇ ਖੂਈਆਂ ਸਰਵਰ ਦੀਆਂ ਮੈਂਬਰਾਂ ਨੇ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ ਦੇ ਨਿਰਦੇਸ਼ਾਂ ’ਤੇ ਅਨਾਜ ਮੰਡੀ ਵਿੱਚ ਵਿਧਾਇਕ ਨੱਥੂਰਾਮ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਗਾਕੇ ਨਾਅਰੇਬਾਜੀ ਕੀਤੀ ਅਤੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਮ ਖੂਨ ਨਾਲ ਲਿਖਿਆ ਇੱਕ ਮੰਗ ਪੱਤਰ ਸੌਂਪਿਆਂ। ਧਰਨੇ ਨੂੰ ਵੇਖਦੇ ਹੋਏ ਡੀਐਸਪੀ ਰਾਹੁਲ ਦੇ ਨਿਰਦੇਸ਼ਨ ਵਿੱਚ ਵੱਡੀ ਗਿਣਤੀ ’ਚ ਪੁਲਿਸ ਤੈਨਾਤ ਸੀ।
ਧਰਨੇ ਨੂੰ ਸੰਬੋਧਿਤ ਕਰਦੇ ਹੋਏ ਬਲਾਕ ਖੂਈਆਂ ਸਰਵਰ ਦੀ ਪ੍ਰਧਾਨ ਇੰਦਰਜੀਤ ਕੌਰ ਅਤੇ ਅਬੋਹਰ ਬਲਾਕ ਦੀ ਪ੍ਰਧਾਨ ਗੁਰਵੰਤ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਕਰੀਬ 28 ਲੱਖ ਆਂਗਨਵਾੜੀ ਵਰਕਰਾਂ ਪਿਛਲੇ ਕਈ ਸਾਲਾਂ ਤੋਂ ਨਾਮਾਤਰ ਤਨਖਾਹ ’ਤੇ ਕੰਮ ਕਰ ਰਹੀਆਂ ਹਨ।ਇਸ ਲਈ ਉਨ੍ਹਾਂ ਨੂੰ ਹਰਿਆਣਾ ਦੀ ਤਰਜ ’ਤੇ ਮਾਣਭੱਤਾ ਅਤੇ ਸਮਾਰਟ ਫੋਨ ਦਿੱਤੇ ਜਾਣ। ਇੰਨਾ ਹੀ ਨਹੀਂ ਸਾਲ 2017 ਵਿੱਚ ਸਰਕਾਰ ਨੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿੱਚ ਨਰਸਰੀ ਅਤੇ ਐਲਕੇਜੀ ਜਮਾਤਾਂ ਸ਼ੁਰੂ ਕਰਕੇ ਆਂਗਨਵਾੜੀ ਸੈਂਟਰਾਂ ਦੇ ਬੱਚੇ ਉਨ੍ਹਾਂ ਸਕੂਲਾਂ ਵਿੱਚ ਭੇਜ ਦਿੱਤੇ, ਉਨ੍ਹਾਂ ਨੂੰ ਵਾਪਸ ਆਂਗਨਵਾੜੀ ਸੈਂਟਰਾਂ ਵਿੱਚ ਭੇਜਿਆ ਜਾਵੇ। ਇਸ ਤੋਂ ਇਲਾਵਾ ਮਿੰਨੀ ਆਂਗਨਵਾੜੀ ਵਰਕਰਾਂ ਨੂੰ ਆਂਗਨਵਾੜੀ ਦਾ ਦਰਜਾ ਦਿੱਤਾ ਜਾਵੇ।ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਉਹ ਚੋਣਾਂ ਵਿੱਚ ਪੂਰੇ ਪੰਜਾਬ ਵਿੱਚ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਕਰਨਗੀਆਂ।
ਏਧਰ ਧਰਨੇ ਵਿੱਚ ਵਿਧਾਇਕ ਦੇ ਪੀਏ ਰਾਜੂ, ਮਾਰਕੀਟ ਕਮੇਟੀ ਵਾਈਸ ਚੇਅਰਮੈਨ ਜੋਤੀ ਪ੍ਰਕਾਸ਼ , ਜਿਲ੍ਹਾ ਪਰਿਸ਼ਦ ਚੇਅਰਮੈਨ ਮਨਫੂਲ ਕੰਬੋਜ, ਬਲਾਕ ਕਮੇਟੀ ਚੇਅਰਮੈਨ ਅਨੀਰੁਧ ਕੜਵਾਸਰਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ ਜਿਨ੍ਹਾਂ ਨੇ ਮੰਗ ਪੱਤਰ ਲੈਂਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਤੱਕ ਮੰਗ ਪੱਤਰ ਪਹੁੰਚਾਕੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਧਰਨੇ ਦੌਰਾਨ ਇੰਦਰਜੀਤ ਕੌਰ, ਗੁਰਵੰਤ ਕੌਰ , ਦੇਸਾਂਬਾਈ, ਮਨੀਸ਼ਾ, ਵਿਜੈ ਲਕਸ਼ਮੀ, ਪ੍ਰਮੋਦ, ਆਜ਼ਾਦ , ਮਨੀਸ਼, ਸ਼ਰਣਜੀਤ ਕੌਰ , ਹਰਦੀਪ ਕੌਰ, ਸੁਖਦੀਪ ਰਾਣੀ , ਗੀਤਾ, ਸੰਤੋਸ਼ ਰਾਣੀ, ਪਰਵੀਨ ਰਾਣੀ, ਕੈਲਾਸ਼ ਰਾਣੀ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।