ਮੋਦੀ ਨੇ ਲਿਖੀ ਆਮ ਜਨਤਾ ਨੂੰ ਖੁੱਲ੍ਹੀ ਚਿੱਠੀ, ਗਿਣਵਾਈਆਂ ਇੱਕ ਸਾਲ ਦੀਆਂ ਪ੍ਰਾਪਤੀਆਂ

Covid-19

ਮੋਦੀ ਨੇ ਲਿਖੀ ਆਮ ਜਨਤਾ ਨੂੰ ਖੁੱਲ੍ਹੀ ਚਿੱਠੀ, ਗਿਣਵਾਈਆਂ ਇੱਕ ਸਾਲ ਦੀਆਂ ਪ੍ਰਾਪਤੀਆਂ

ਨਵੀਂ ਦਿੱਲੀ। ਕੋਰੋਨਾ ਇਨਫੈਕਸ਼ਨ ਖ਼ਿਲਾਫ਼ ਲੜਾਈ ‘ਚ ਭਾਰਤ ਜੇਤੂ ਮਾਰਗ ‘ਤੇ ਅੱਗੇ ਵਧ ਰਿਹਾ ਹੈ ਤੇ ਜਿੱਤ ਯਕੀਨੀ ਹੈ। ਦੂਸਰੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ‘ਤੇ ਆਮ ਜਨਤਾ ਨੂੰ ਲਿਖੀ ਖੁੱਲ੍ਹੀ ਚਿੱਠੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਦੀ ਸਮੂਹਕ ਸ਼ਕਤੀ ‘ਤੇ ਭਰੋਸਾ ਜਤਾਉਂਦਿਆਂ ਕਿਹਾ, ‘130 ਕਰੋੜ ਭਾਰਤੀਆਂ ਦਾ ਵਰਤਮਾਨ ਤੇ ਭਵਿੱਖ ਕੋਈ ਆਫ਼ਤ ਜਾਂ ਸੰਕਟ ਤੈਅ ਨਹੀਂ ਕਰ ਸਕਦੀਆਂ’ ਸਰਕਾਰ ਦੇ ਪਿਛਲੇ ਇਕ ਸਾਲ ਦੇ ਕੰਮਕਾਜ ਦਾ ਲੇਖਾ-ਜੋਖਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੂਰੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਹੈ।

ਲਾਕਡਾਊਨ ਕਾਰਨ ਸਿਆਸੀ ਰੈਲੀਆਂ ‘ਤੇ ਪਾਬੰਦੀ ਤੇ ਸਰੀਰਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੇ ਖੁੱਲ੍ਹੀ ਚਿੱਠੀ ਜ਼ਰੀਏ ਜਨਤਾ ਨਾਲ ਰਾਬਤਾ ਕਾਇਮ ਕਰਨ ਦਾ ਫ਼ੈਸਲਾ ਲਿਆ। ਪ੍ਰਧਾਨ ਮੰਤਰੀ ਅਨੁਸਾਰ ਲਾਕਡਾਊਨ ਕਾਰਨ ਹੋ ਰਹੀਆਂ ਪਰੇਸ਼ਾਨੀਆਂ ਦੇ ਬਾਵਜੂਦ ਸਮੂਹਕ ਸੰਕਲਪ ਸ਼ਕਤੀ ਦੇ ਬਲਬੂਤੇ ਅਸੀਂ ਕੋਰੋਨਾ ਨੂੰ ਭਾਰਤ ‘ਚ ਉਸ ਤਰ੍ਹਾਂ ਫੈਲਣ ਤੋਂ ਰੋਕਣ ‘ਚ ਸਫ਼ਲ ਰਹੇ, ਜਿਵੇਂ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ‘ਚ ਜੇਤੂ ਮਾਰਗ ‘ਤੇ ਅੱਗੇ ਵਧ ਰਹੇ ਹਾਂ ਤੇ ਇਸ ਵਿਚ ਜਿੱਤ ਯਕੀਨੀ ਹੈ। ਇਸ ਦੇ ਲਈ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਡੇ ਇਕ ਹੱਥ ਵਿਚ ਕਰਮ ਤੇ ਕਰਤੱਵ ਹਨ ਤੇ ਦੂਸਰੇ ਹੱਥ ‘ਚ ਸਫ਼ਲਤ ਯਕੀਨੀ ਹੈ। ਪ੍ਰਧਾਨ ਮੰਤਰੀ ਮੋਦੀ ਅਨੁਸਾਰ, ਕੋਰੋਨਾ ਤੋਂ ਬਾਅਦ ਅਰਥਵਿਵਸਥਾ ਨੂੰ ਮੁੜ ਪੱਟੜੀ ‘ਤੇ ਲਿਆਉਣਾ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ।

ਭਾਰਤ ‘ਚ ਆਰਥਿਕ ਖੇਤਰ ‘ਚ ਦੁਨੀਆ ਨੂੰ ਹੈਰਾਨ ਤੇ ਪ੍ਰੇਰਿਤ ਕਰਨ ਦੀ ਯੋਗਤਾ ਹੈ ਇਸ ਲਈ ਪਹਿਲਾਂ ਦੇਸ਼ ਨੂੰ ਆਤਮਨਿਰਭਰ ਬਣਾਉਣਾ ਪਵੇਗਾ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ 20 ਲੱਖ ਕਰੋੜ ਰੁਪਏ ਦੇ ਆਤਮਨਿਰਭਰ ਭਾਰਤ ਪੈਕੇਜ ਦੇ ਸਹਾਰੇ ਭਾਰਤ ਨਿਰਭਰਤਾ ਘਟਾ ਕੇ ਆਤਮਨਿਰਭਰ ਬਣਨ ‘ਚ ਸਫ਼ਲ ਹੋਵੇਗਾ।

ਉਨ੍ਹਾਂ ਇਹ ਸਵੀਕਾਰ ਕੀਤਾ ਕਿ ਇਹ ਕੰਮ ਏਨਾ ਆਸਾਨ ਨਹੀਂ ਹੈ ਤੇ ਦੇਸ਼ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਤੇ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਧਾਰਾ 370, ਰਾਮ ਮੰਦਰ, ਤਿੰਨ ਤਲਾਕ ਇਤਿਹਾਸਕ ਫ਼ੈਸਲੇ ਪ੍ਰਧਾਨ ਮੰਤਰੀ ਨੇ ਪਿਛਲੇ ਇਕ ਸਾਲ ‘ਚ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਾਰਾ 370, ਰਾਮ ਮੰਦਰ, ਤਿੰਨ ਤਲਾਕ ਤੇ ਨਾਗਰਿਕਤਾ ਕਾਨੂੰਨ ‘ਚ ਸੋਧ ਲੰਬੇ ਸਮੇਂ ਤਕ ਯਾਦ ਰੱਖੇ ਜਾਣਗੇ।

ਇਨ੍ਹਾਂ ਫ਼ੈਸਲਿਆਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਰਫ਼ਤਾਰ ਮਿਲੀ ਹੈ ਤੇ ਲੋਕਾਂ ਦੀ ਲੰਬੇ ਸਮੇਂ ਦੀਆਂ ਉਮੀਦਾਂ ਨੂੰ ਬੂਰ ਪਿਆ ਹੈ। ਪੀਐੱਮ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਵਿਚ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ‘ਚ 10 ਫ਼ੀਸਦੀ ਜ਼ਿਆਦਾ ਹੋ ਗਈ ਹੈ।

ਇਸ ਲੜੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪਿਛਲੇ ਕਾਰਜਕਾਲ ‘ਚ ਹੋਈ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ, ਵਨ ਰੈਂਕ ਵਨ ਪੈਨਸ਼ਨ ਤੇ ਜੀਐੱਸਟੀ ਵਰਗੇ ਫ਼ੈਸਲਿਆਂ ਦਾ ਜ਼ਿਕਰ ਕੀਤਾ। ਇਨ੍ਹਾਂ ਲੋਕ ਕਲਿਆਣਕਾਰੀ ਫ਼ੈਸਲਿਆਂ ਦੀ ਵਜ੍ਹਾ ਨਾਲ ਜਨਤਾ ਦੀਆਂ ਉਮੀਦਾਂ ਪਰਵਾਨ ਚੜ੍ਹੀਆਂ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜਨਤਾ ਨੇ ਮੋਦੀ ਸਰਕਾਰ ‘ਤੇ ਦੋਬਾਰਾ ਭਰੋਸਾ ਦਿਖਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।