ਇੱਕ ਬਿਜਲੀ ਮੁਲਾਜ਼ਮ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਂਅ ਖੁੱਲ੍ਹੀ ਚਿੱਠੀ
ਸੰਯੁਕਤ ਕਿਸਾਨ ਮੋਰਚੇ ਨੂੰ ਅੱਜ ਦਿੱਲੀ ਦੇ ਬਾਰਡਰਾਂ ’ਤੇ ਲੱਗੇ ਨੂੰ ਸੱਤ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਜਿਸ ਵਿੱਚ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਰਾਜਾਂ ਦੀਆਂ ਜਥੇਬੰਦੀਆਂ ਵੱਲੋਂ ਤਨ, ਮਨ ਤੇ ਧਨ ਨਾਲ ਸਮੱਰਥਨ ਦਿੱਤਾ ਜਾ ਰਿਹਾ ਹੈ! ਇਸ ਮੋਰਚੇ ਵਿਚ ਪੰਜਾਬ ਦੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ ਵੀ ਤਨ, ਮਨ ਤੇ ਧਨ ਨਾਲ ਆਪਣਾ ਬਣਦਾ ਯੋਗਦਾਨ ਪਾ ਕੇ, ਬਿਜਲੀ ਕਾਮਿਆਂ ਦੇ ਕਿਸਾਨਾਂ ਨਾਲ ਨਹੁੰ-ਮਾਸ ਵਾਲੇ ਰਿਸ਼ਤੇ ਨੂੰ ਸੁਰਜੀਤ ਰੱਖਦੇ ਹੋਏ ਆਪਣੇ ਧਰਮ ਨੂੰ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਪਿੱਠ ਦਿਖਾਉਣ ਲਈ ਮਨ ਵਿੱਚ ਕੋਈ ਖੋਟ ਹੈ!
ਜੇਕਰ ਪਿਛਲੇ ਬੀਤ ਚੁੱਕੇ ਲੰਬੇ ਅਰਸੇ ਵੱਲ ਝਾਤ ਮਾਰੀਏ ਤਾਂ ਬਿਜਲੀ ਕਾਰਪੋਰੇਸਨ ਦੀਆਂ ਜਥੇਬੰਦੀਆਂ ਵੱਲੋਂ ਅੱਜ ਤੱਕ ਵੀ ਕਿਧਰੇ ਅਜਿਹੀ ਕੋਈ ਕੁਤਾਹੀ ਨਹੀਂ ਕੀਤੀ ਗਈ ਜਿਸ ਨਾਲ ਇਹ ਨਹੁੰ-ਮਾਸ ਦਾ ਰਿਸ਼ਤਾ ਤੋੜਨ ਵਿੱਚ ਪਹਿਲਕਦਮੀ ਕੀਤੀ ਗਈ ਹੋਵੇ। ਬਲਕਿ ਬਹੁਤੇ ਘੋਲ ਭਾਵੇਂ ਉਹ ਸਰਕਾਰਾਂ ਜਾਂ ਜ਼ੁਲਮ ਕਰਨ ਵਾਲੇ ਜਾਬਰਾਂ ਦੇ ਵਿਰੁੱਧ ਹੋਣ ਇਕੱਠੇ ਇੱਕੋ ਪਲੇਟਫਾਰਮ ’ਤੇ ਲੜ ਕੇ ਜਿੱਤਾਂ ਹਾਸਲ ਕੀਤੀਆਂ ਗਈਆਂ ਹਨ। ਸਾਡੀਆਂ ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂ, ਲੋਕ ਹਿੱਤਾਂ ਨੂੰ ਭਲੀਭਾਂਤ ਜਾਣਦੇ ਤੇ ਸਮਝਦੇ ਹਨ, ਇਸੇ ਲਈ ਤਾਂ ਉਹ ਮੂਹਰਲੀਆਂ ਸਫਾਂ ਵਿੱਚ ਅੱਗੇ ਹੋ ਕੇ ਆਪਣੇ ਜਾਨ-ਮਾਲ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਮੋਰਚੇ ਦੀ ਯੋਗ ਅਗਵਾਈ ਕਰ ਰਹੇ ਹਨ।
ਦਸ ਜੂਨ ਵੀਹ ਸੌ ਇੱਕੀ ਤੋਂ ਪੰਜਾਬ ਵਿੱਚ ਪੈਡੀ ਸੀਜ਼ਨ ਦੀ ਸੁਰੂਆਤ ਹੋ ਚੁੱਕੀ ਹੈ। ਬਿਜਲੀ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾਂ ਤੇ ਸਰਕਾਰ ਵੱਲੋਂ ਝੋਨੇ ਦੇ ਸੀਜਨ ਲਈ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਐਲਾਨ ਕੀਤਾ ਗਿਆ ਹੈ। ਪਰੰਤੂ ਪੰਜਾਬ ਵਿੱਚ ਇਸ ਪੈਡੀ ਦੌਰਾਨ ਇਨ੍ਹਾਂ ਦਿਨਾਂ ਵਿੱਚ ਰੋਜਾਨਾ ਚੌਦਾਂ ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਹੈ। ਬਿਜਲੀ ਦੀ ਪੈਦਾਵਾਰ ਘੱਟ ਹੋਣ ਕਾਰਨ ਪਾਵਰ ਕੰਟਰੋਲਰ ਪਟਿਆਲਾ ਵੱਲੋਂ ਉੱਤਰੀ ਗਰਿੱਡ ਨੂੰ ਫੇਲ੍ਹ ਹੋਣ ਤੋਂ ਬਚਾਉਣ ਲਈ ਪਾਵਰ ਕੱਟ ਦਾ ਸਹਾਰਾ ਲਿਆ ਜਾਂਦਾ ਹੈ। ਨਹੀਂ ਤਾਂ ਦਿੱਲੀ ਤੱਕ ਦੀ ਬਿਜਲੀ ਗੁੱਲ ਹੋ ਕੇ ਦੇਸ਼ ਦਾ ਕਾਫੀ ਵੱਡਾ ਹਿੱਸਾ ਹਨੇ੍ਹਰੇ ਵਿੱਚ ਡੁੱਬ ਸਕਦਾ ਹੈ। ਜਿਸ ਨੂੰ ਦੁਬਾਰਾ ਚਲਾਉਣ ਲਈ ਹੋ ਸਕਦਾ ਹੈ ਦੋ ਦਿਨ ਵੀ ਲੱਗ ਜਾਣ, ਜਿਸ ਕਾਰਨ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਅੱਠ ਘੰਟੇ ਦੀ ਬਜਾਏ ਛੇ ਘੰਟੇ ਜਾਂ ਇਸ ਤੋਂ ਵੀ ਘੱਟ ਬਿਜਲੀ ਮਿਲਦੀ ਹੈ।
ਬਿਜਲੀ ਘੱਟ ਮਿਲਣ ਕਾਰਨ ਪਿੰਡਾਂ ਦੇ ਕਿਸਾਨਾਂ ਵੱਲੋਂ ਵੱਡੇ ਇਕੱਠ ਕਰਕੇ ਬਿਜਲੀ ਘਰਾਂ ਨੂੰ ਘੇਰਾ ਪਾ ਕੇ ਗਰਿੱਡ ਸਟਾਫ ਨਾਲ ਦੁਰਵਿਹਾਰ ਕਰਕੇ ਬੁਰਾ ਸਲੂਕ ਕਰਦੇ ਹੋਏ ਇੱਥੋਂ ਤੱਕ ਵੀ ਕਿ ਉਸ ਭੀੜ ਵਿਚਲੇ ਕੁੱਝ ਲੋਕਾਂ ਵੱਲੋਂ ਸ਼ਿਫਟ ਡਿਊਟੀ ਸਟਾਫ ਦੀ ਕੁੱਟਮਾਰ ਕਰਕੇ ਬਿਜਲੀ ਘਰਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਆਪਣੇ-ਆਪ ਹੀ ਫੀਡਰਾਂ ਨੂੰ ਚਲਾ ਦਿੱਤਾ ਜਾਂਦਾ ਹੈ, ਜਾਂ ਉੱਥੇ ਮੌਜੂਦ ਬਿਜਲੀ ਕਰਮਚਾਰੀ ਨੂੰ ਦਹਿਸ਼ਤਜਦਾ ਕਰਕੇ ਬਿਜਲੀ ਚਲਾਉਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ।
ਇਸ ਸਾਰੇ ਕਾਰੇ ਦੀ ਵੀਡੀਓ ਵੀ ਬਣਾ ਕੇ ਸੋਸਲ ਮੀਡੀਆ ਤੇ ਅਪਲੋਡ ਕਰਕੇ ਆਪਣੀ ਜਿੱਤ ਦੇ ਝੰਡੇ ਗੱਡੇ ਜਾਂਦੇ ਹਨ। ਪੰਜਾਬ ਦੇ ਲੋਕਾਂ ਨੂੰ ਉਕਸਾਉਣ ਵਾਲੀ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਬੱਸ ਨਹੀਂ ਕੀਤੀ ਜਾਂਦੀ ਬਲਕਿ ਉਸਨੂੰ ਅੱਗੇ ਤੋਂ ਪਾਵਰ ਕੱਟ ਨਾ ਲਾਉਣ ਬਾਰੇ ਧਮਕੀਆਂ ਦੇ ਕੇ ਬਦਲੀਆਂ ਕਰਵਾਉਣ ਦੀ ਜਾਂ ਭੁਗਤ ਸੰਵਾਰਨ ਦੀਆਂ ਗੱਲਾਂ ਕਰਕੇ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਹ ਬਿਜਲੀ ਘਰਾਂ ਦੇ ਕਰਮਚਾਰੀ ਕਿਸੇ ਦੁਸ਼ਮਣ ਮੁਲਕ ਦੇ ਵਾਸੀ ਹੋਣ!
ਬਿਜਲੀ ਘਰਾਂ ਦੇ ਕਾਮਿਆਂ ਨੂੰ ਕੁੱਟਣ ਨਾਲ ਉੱਥੋਂ ਦੀਆਂ ਕੰਧਾਂ ਤੇ ਸ਼ੀਸ਼ਿਆਂ ਦੀ ਤੋੜ-ਭੰਨ੍ਹ ਕਰਨ ਨਾਲ ਨਾ ਤਾਂ ਪਾਵਰ ਕੱਟ ਖਤਮ ਹੋਣੀ ਹੈ ਤੇ ਨਾ ਹੀ ਬਿਜਲੀ ਦੀ ਪੈਦਾਵਾਰ ਵਧਣੀ ਹੈ। ਤੁਸੀਂ ਇਹ ਭਲੀ-ਭਾਂਤ ਜਾਣਦੇ ਹੋ ਕਿ ਝੋਨੇ ਦੇ ਸੀਜਨ ਲਈ ਬਿਜਲੀ ਦਾ ਪ੍ਰਬੰਧ ਪੰਜਾਬ ਸਰਕਾਰ ਕਰਦੀ ਹੈ ਤੇ ਇਸਦੀ ਖਪਤ ਦਾ ਏਜੰਡਾ ਬਿਜਲੀ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾਂ ਤਿਆਰ ਕਰਦੀਆਂ ਹਨ। ਬਿਜਲੀ ਮੁੱਲ ਖਰੀਦੀ ਜਾਂਦੀ ਹੈ ਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਮੁਫਤ ਦਿੰਦੀ ਹੈ। ਜਿਸਦਾ ਬਿਜਲੀ ਕਾਮੇ ਨੂੰ ਕੋਈ ਇਤਰਾਜ਼ ਨਹੀਂ ਹੈ।
ਜੇਕਰ ਅੱਜ ਕਿਸਾਨੀ ਸੰਘਰਸ਼ ਨੂੰ ਜਿੱਤ ਦੀਆਂ ਬਰੂਹਾਂ ’ਤੇ ਖੜ੍ਹਾ ਕਰਨਾ ਹੈ ਤਾਂ ਸੰਯੁਕਤ ਮੋਰਚੇ ਦੇ ਜਿੰਮੇਵਾਰ ਆਗੂਆਂ ਨੂੰ ਪੰਜਾਬ ਵਿੱਚ ਕਿਸਾਨਾਂ ਦੇ ’ਕੱਠਾਂ ਵਾਲੀ ਭੀੜ ਵਿਚਲੇ ਉਹ ਲੋਕ, ਜੋ ਬਿਜਲੀ ਕਾਮਿਆਂ ਨਾਲ ਬੇਵਜ੍ਹਾ ਕੁੱਟ-ਮਾਰ ਕਰਦੇ ਹਨ, ਨੂੰ ਮਾਮਲੇ ਦੀ ਸਹੀ ਜਾਣਕਾਰੀ ਦੇ ਕੇ ਅਜਿਹਾ ਕਰਨ ਤੋਂ ਵਰਜਿਆ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਬਿਜਲੀ ਕਾਮੇ ਵੀ ਕਿਸੇ ਬਦਲਾਅ ਦੇ ਇੰਤਜਾਰ ਵਿੱਚ ਸਮੇਤ ਪਰਿਵਾਰ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।
ਸਾਡੇ ਇਸ ਨਹੁੰ-ਮਾਸ ਦੇ ਰਿਸ਼ਤੇ ਨੂੰ ਕਿਸਾਨਾਂ ਵੱਲੋਂ ਹੀ ਲੀਰੋ-ਲੀਰ ਕਰਕੇ ਨਾਤਾ ਤੋੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਬਿਜਲੀ ਘੱਟ ਮਿਲਣ ਕਾਰਨ ਕੀਤੀਆਂ ਜਾ ਰਹੀਆਂ ਹਨ। ਜਿਸ ਪ੍ਰਤੀ ਪੂਰੇ ਪੰਜਾਬ ਦੇ ਬਿਜਲੀ ਘਰਾਂ ਦੇ ਕਰਮਚਾਰੀ ਬਿਲਕੁਲ ਵੀ ਰੱਤੀ ਭਰ ਜਿੰਮੇਵਾਰ ਨਹੀਂ ਹਨ। ਪੂਰੀ ਜਿੰਮੇਵਾਰੀ ਮੈਨੇਜਮੈਂਟਾਂ ਅਤੇ ਸਰਕਾਰਾਂ ਦੀ ਹੈ। ਜੋ ਸਭ ਕੁਝ ਜਾਣਦੇ ਹੋਏ ਅੱਖੋਂ-ਪਰੋਖੇ ਕਰ ਰਹੀਆਂ ਹਨ। ਬਿਜਲੀ ਕਰਮਚਾਰੀ ਬਿਜਲੀ ਸਪਲਾਈ ਨੂੰ ਬਹਾਲ ਰੱਖਣ ਲਈ ਦਿਨ-ਰਾਤ ਘੱਟ ਸਟਾਫ ਹੋਣ ਦੇ ਬਾਵਜੂਦ ਵੀ ਲੱਗੇ ਹੋਏ ਹਨ।
ਜੇਕਰ ਬਿਜਲੀ ਕਾਮੇ ਕਿਸਾਨਾਂ ਵੱਲੋਂ ਇਸ ਤਰੀਕੇ ਕੀਤੀ ਗਈ ਕੁੱਟਮਾਰ ਦੇ ਬਦਲੇ ਹੜਤਾਲ ’ਤੇ ਚਲੇ ਗਏ ਤਾਂ ਹੋਰ ਔਖੇ ਹਾਲਾਤ ਬਣ ਜਾਣਗੇ ਪਰਮਾਤਮਾ ਆਪਾਂ ਸਾਰਿਆਂ ਨੂੰ ਅਜਿਹੇ ਵਕਤ ਤੋਂ ਬਚਾਵੇ, ਇਹ ਸਾਂਝ ਦੀਆਂ ਗੰਢਾਂ ਹੋਰ ਵੀ ਪੀਡੀਆਂ ਹੋਣ, ਰੱਬ ਅੱਗੇ ਇਹੀ ਦੁਆ ਹੈ! ਪਰ ਕੁਝ ਲੋਕ ਅਸਲ ਵਿੱਚ ਟਕਰਾਅ ਦੀ ਸਥਿਤੀ ਪੈਦਾ ਕਰਨੀ ਚਾਹੁੰਦੇ ਹਨ, ਕਿ ਇਹ ਬਿਜਲੀ ਕਾਮੇ ਤੇ ਕਿਸਾਨ ਇੱਕ ਥਾਲੀ ਵਿਚ ਰੋਟੀ ਕਿਉਂ ਖਾਂਦੇ ਹਨ? ਤੁਸੀਂ ਸਮਝਦਾਰ ਹੋ ਠਰੰ੍ਹਮੇ ਨਾਲ ਇਸ ਪੈਦਾ ਹੋ ਚੁੱਕੇ ਮਸਲੇ ਨੂੰ ਖਤਮ ਕਰਨ ਲਈ ਤੁਰੰਤ ਬਿਆਨ ਜਾਰੀ ਕਰਕੇ ਬਿਜਲੀ ਕਾਰਪੋਰੇਸ਼ਨਾਂ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਦਿਨੋ-ਦਿਨ ਵਿਗੜਦੀ ਜਾ ਰਹੀ ਸਥਿਤੀ ਨੂੰ ਕਾਬੂ ਕਰਕੇ ਇਸ ਦਾ ਸਾਰਥਿਕ ਹੱਲ ਕੱਢ ਸਕਦੇ ਹੋ
ਆਪਾਂ ਸਾਰੇ ਪਿੰਡਾਂ ਵਿੱਚ ਰਹਿਣ ਵਾਲੇ ਹਾਂ, ਸਾਡੇ ਵਿਚੋਂ ਵੀ ਬਹੁਤੇ ਕਿਸਾਨਾਂ ਦੇ ਪੁੱਤ ਹਨ, ਕਿਸਾਨ ਦੀ ਅੱਜ ਵਾਲੀ ਸਥਿਤੀ ਨੂੰ ਭਲੀ-ਭਾਂਤ ਸਮਝਦੇ ਹੋਏ ਸਹਿਣਸ਼ੀਲਤਾ ਨੂੰ ਅਪਣਾਈ ਬੈਠੇ ਹਾਂ, ਜੋ ਤੁਹਾਨੂੰ ਇਸ ਆਪਸੀ ਜੰਗ ਦੀ ਭੱਠੀ ਵਿੱਚ ਝੋਕਣ ਲਈ ਜ਼ੋਰ ਲਾ ਰਹੇ ਹਨ ਉਨ੍ਹਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ। ਅਸੀਂ ਨਹੀਂ ਕਹਿੰਦੇ ਉਨ੍ਹਾਂ ਨਾਲ ਬੁਰਾ ਵਿਹਾਰ ਕੀਤਾ ਜਾਵੇ, ਬਿਜਲੀ ਕਾਮੇ ਲਗਾਤਾਰ ਪੈਨਸ਼ਨ ਪਾ ਕੇ ਘਰਾਂ ਨੂੰ ਜਾ ਰਹੇ ਹਨ। ਇਹ ਸਾਰਾ ਬਿਜਲੀ ਬੋਰਡ ਪਬਲਿਕ ਸੈਕਟਰ ਦਾ ਅਦਾਰਾ ਸੀ, ਨੂੰ ਸਾਡੀਆਂ ਸਰਕਾਰਾਂ ਵੱਲੋਂ ਵੱਡੀ ਤਾਦਾਦ ਵਿੱਚ ਤਾਂ ਪ੍ਰਾਈਵੇਟ ਸੈਕਟਰ ਨੂੰ ਵੇਚ ਕੇ ਬਿਲੇ ਲਾ’ਤਾ!
ਬਾਕੀ ਰਹਿੰਦੇ ਕੁੱਝ ਹਿੱਸੇ ਨੂੰ ਆਉਣ ਵਾਲੇ ਸਮੇਂ ਵਿਚ ਖਤਮ ਕਰਨ ਦੀਆਂ ਸਾਰੀਆਂ ਤਜਵੀਜਾਂ ਪਾਸ ਕਰਕੇ ਅਟੈਚੀਆਂ ਵਿੱਚ ਬੰਦ ਕਰ ਰੱਖਿਆ ਹੈ। ਜਿਸ ਦਿਨ ਉਹ ਵੀ ਵੇਚ ਦਿੱਤਾ ਗਿਆ ਤਾਂ ਯਾਦ ਰੱਖਿਓ ਇਹ ਮੁਫਤ ਵਾਲੀ ਬਿਜਲੀ ਜਿਸ ਨੂੰ ਵੀ ਮਿਲਦੀ ਹੈ ਮੁੱਲ ਲੈਣ ਲਈ ਵੀ ਵੱਡੀਆਂ ਕਾਗਜੀ ਕਾਰਵਾਈਆਂ ਪੂਰੀਆਂ ਕਰਨੀਆਂ ਪੈਣਗੀਆਂ। ਮੋਟਰਾਂ ਤੇ ਘਰਾਂ ਦੇ ਬਿਜਲੀ ਵਾਲੇ ਮੀਟਰਾਂ ਵਿੱਚ ਮੋਬਾਇਲ ਦੀ ਤਰ੍ਹਾਂ ਸਿਮ ਪੈਣਗੇ ਜੋ ਪ੍ਰੀਪੇਡ ਰਿਚਾਰਜ ਕਰਵਾਉਣੇ ਪੈਣਗੇ ਜਿਵੇਂ ਅੱਜ ਅਸੀਂ ਮੋਬਾਇਲ ਨੂੰ ਸਮਾਂ ਰਹਿੰਦੇ ਰਿਚਾਰਜ ਕਰਵਾਉਂਦੇ ਹਾਂ ਉਵੇਂ ਹੀ ਬਿਜਲੀ ਰਿਚਾਰਜ ਹੋ ਕੇ ਚੱਲੇਗੀ।
ਬਿਜਲੀ ਨੂੰ ਕੱਟ ਲਾਉਣਾ ਜਾਂ ਛੱਡਣ ਬਾਰੇ ਮੈਂ ਅਧਿਕਾਰਤ ਨਹੀਂ ਹਾਂ। ਇਹ ਸਭ ਕੁੱਝ ਪਾਵਰ ਕੰਟਰੋਲਰ ਪਟਿਆਲਾ ਦੇ ਹੁਕਮਾਂ ਤਹਿਤ ਮੇਰੇ ਵੱਲੋਂ ਕੀਤਾ ਜਾਂਦਾ ਹੈ ਕਿਉਂਕਿ ਮੈਨੂੰ ਤਨਖਾਹ ਹੀ ਇਸ ਕੰਮ ਦੀ ਮਿਲਦੀ ਹੈ। ਭਾਵ ‘ਜਿਸ ਦੀ ਖਾਈਏ ਬਾਜਰੀ, ਉਸਦੀ ਭਰੀਏ ਹਾਜਰੀ’।
ਮੇਰੀ ਇਹ ਆਖਰੀ ਚਿੱਠੀ ਹੈ! ਜੇਕਰ ਜਿਉਂਦਾ ਰਿਹਾ ਤਾਂ ਹੋ ਸਕਦਾ ਹੈ ਦਿੱਲੀ ਦੇ ਕਿਸੇ ਬਾਰਡਰ ’ਤੇ ਮਿਲਾ! ਨਹੀਂ ਤਾਂ ਰੱਬ ਰਾਖਾ! ਜਿਉਂਦੇ ਵੱਸਦੇ ਰਹੋ! ਮੈਂ ਚਿੱਠੀ ਲਿਖਣ ਵੇਲੇ ਭਾਵੁਕ ਸੀ! ਕੋਈ ਗੁਸਤਾਖੀ ਹੋ ਗਈ ਹੋਵੇ ਤਾਂ ਛੋਟਾ ਭਰਾ ਸਮਝ ਕੇ, ਗਲ ਨਾਲ ਲਾ ਲੈਣਾ!
ਕੋਟਕਪੂਰਾ। ਮੋ. 96462-00468
ਇੰਜ: ਜਗਜੀਤ ਸਿੰਘ ਕੰਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।