ਖ਼ਾਲੀਸਤਾਨੀ ਪੱਖੀ ਬਿਆਨ ਦੇਣ ਤੋਂ ਨਰਾਜ਼ ਹਨ ਮੁੱਖ ਮੰਤਰੀ ਅਮਰਿੰਦਰ ਸਿੰਘ
- ਕਾਨੂੰਨੀ ਸਲਾਹ ਦੇ ਨਾਲ ਕੀਤੀ ਜਾਏਗੀ ਕਾਰਵਾਈ : ਅਮਰਿੰਦਰ ਸਿੰਘ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਖ਼ਿਲਾਫ਼ ਜਲਦ ਹੀ ਐਫ.ਆਈ.ਆਰ. ਦਰਜ਼ ਕਰਵਾਉਣ ਦਾ ਸਾਫ਼ ਇਸ਼ਾਰਾ ਕਰ ਦਿੱਤਾ ਹੈ। ਸੁਖਪਾਲ ਖਹਿਰਾ ਨੂੰ ਜਲਦ ਹੀ ਇਸ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਨ੍ਹਾਂ ਦੇ ਖਾਲਿਸਤਾਨ ਪੱਖੀ ਬਿਆਨ ਨੂੰ ਲੈ ਕੇ ਅਮਰਿੰਦਰ ਸਿੰਘ ਕਾਫ਼ੀ ਜਿਆਦਾ ਨਰਾਜ਼ ਹਨ ਅਤੇ ਇਸ ਸਬੰਧੀ ਮੁੱਖ ਮੰਤਰੀ ਵੱਲੋਂ ਕਾਨੂੰਨੀ ਮਹਿਰਾ ਤੋਂ ਸਲਾਹ ਲਈ ਜਾ ਰਹੀਂ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰਾ ਵੱਲੋਂ ਦਿੱਤੇ ਬਿਆਨ ਲਈ ਉਹ ਕਾਨੂੰਨੀ ਸਲਾਹ ਲੈ ਰਹੇ ਹਨ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਏਗੀ। ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸ਼ਾਂਤੀ ਚਾਹੁੰਦਾ ਹੈ ਅਤੇ ਪਹਿਲਾਂ ਵਾਂਗ ਪੰਜਾਬ ਨੂੰ ਅੱਗ ਵਿੱਚ ਝੋਕਿਆ ਨਹੀਂ ਜਾ ਸਕਦਾ ਹੈ। ਉਨਾਂ ਕਿਹਾ ਕਿ ਖਹਿਰਾ ਨੇ ਜਿਹੜਾ ਬਿਆਨ ਦਿੱਤਾ ਹੈ, ਉਸ ਨੂੰ ਆਧਾਰ ਬਣਾਉਂਦੇ ਹੋਏ ਖਹਿਰਾ ਖ਼ਿਲਾਫ਼ ਐਫ.ਆਈ.ਆਰ. ਵੀ ਦਰਜ਼ ਕੀਤੀ ਜਾ ਸਕਦੀ ਹੈ ਤਾਂ ਕਿ ਉਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਮੁੱਖ ਮੰਤਰੀ ਵਲੋਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਕੌਮੀ ਲੀਡਰ ਅਰਵਿੰਦ ਕੇਜਰੀਵਾਲ ਨੂੰ ਉਹ ਖਹਿਰਾ ਵਲੋਂ ਦਿੱਤੇ ਇਸ ਬਿਆਨ ਸਬੰਧੀ ਆਪਣਾ ਅਤੇ ਪਾਰਟੀ ਦਾ ਸਟੈਂਡ ਸਪਸ਼ਟ ਕਰਨ ਲਈ ਕਿਹਾ।
ਮੇਰੇ ‘ਤੇ ਜਲਦ ਹੀ ਦਰਜ਼ ਕਰਵਾਉਣ ਐਫ.ਆਈ.ਆਰ. : ਖਹਿਰਾ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਐਫ.ਆਈ.ਆਰ. ਦਰਜ਼ ਕਰਵਾਉਣ ਦਾ ਬਿਆਨ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਿਹਾ ਕਿ ਅਮਰਿੰਦਰ ਸਿੰਘ ਇੱਕ ਤਾਨਾਸ਼ਾਹ ਵਾਂਗ ਕੰਮ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਜੇਕਰ ਉਨਾਂ ਖ਼ਿਲਾਫ਼ ਐਫ.ਆਈ.ਆਰ. ਕਰਵਾਉਣ ਵਾਲੀ ਗਲ ਹੈ ਤਾਂ ਦੇਰ ਨਹੀਂ ਕਰਦੀ ਚਾਹੀਦੀ ਹੈ, ਉਨਾਂ ਖ਼ਿਲਾਫ਼ ਜਲਦ ਹੀ ਐਫ.ਆਈ.ਆਰ. ਦਰਜ਼ ਕਰਵਾ ਦੇਣੀ ਚਾਹੀਦੀ ਹੈ।