ਸ਼ਹੀਦ ਭਗਤ ਸਿੰਘ ਦੇ ਵਾਰਿਸਾਂ ਨੂੰ ਉਡੀਕ ਰਿਹੈ ਸੁੰਨਾ ਪਿਆ ਰਸਤਾ

ਸ਼ਹੀਦ ਭਗਤ ਸਿੰਘ ਦੇ ਵਾਰਿਸਾਂ ਨੂੰ ਉਡੀਕ ਰਿਹੈ ਸੁੰਨਾ ਪਿਆ ਰਸਤਾ

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਨਾਂਅ ਲੈਂਦੇ ਹੀ ਅੱਜ ਵੀ ਸਾਡਾ ਖੂਨ ਖੌਲਣ ਲੱਗ ਜਾਂਦਾ ਹੈ ਉਹ ਨੌਜਵਾਨਾਂ ਦੇ ਨਾਇਕ ਹਨ, ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹਨ ਅਤੇ ਦੇਸ਼ ਵਾਸੀਆਂ ਦੇ ਸਤਿਕਾਰਯੋਗ ਹਨ ਦੇਸ਼ ਦੀ ਸੁਤੰਤਰਤਾ ਲਈ ਜਿਸ ਤਰ੍ਹਾਂ ਉਹਨਾਂ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ, ਉਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ।

ਇਤਿਹਾਸਕਾਰਾਂ ਨੇ ਉਹਨਾਂ ਨੂੰ ‘ਸ਼ਹੀਦ-ਏ-ਆਜ਼ਮ’ ਕਹਿ ਕੇ ਸਤਿਕਾਰਿਆ ਹੈ। ਉਹਨਾਂ ਦਾ ਜੀਵਨ ਇੱਕ ਅਜਿਹਾ ਪ੍ਰਕਾਸ਼ ਸਤੰਭ ਹੈ ਜੋ ਸਦੀਆਂ ਤੱਕ ਸਾਨੂੰ ਪ੍ਰੇਰਨਾ ਦੇਵੇਗਾ। ਉਹਨਾਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਅਜ਼ਾਦੀ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ। ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਵਿਚ ਇੱਕ ਕ੍ਰਾਂਤੀਕਾਰੀ ਪਰਿਵਾਰ ਵਿਚ ਬੰਗਾ ਨਾਮਕ ਪਿੰਡ ਵਿਚ ਹੋਇਆ।

ਇਨ੍ਹਾਂ ਦੇ ਪਿਤਾ ਦਾ ਨਾਂਅ ਸ. ਕਿਸ਼ਨ ਸਿੰਘ ਸੀ। ਉਹਨਾਂ ਦੇ ਪਿਤਾ ਜੀ ਅਤੇ ਚਾਚਾ ਜੀ ਪ੍ਰਸਿੱਧ ਕ੍ਰਾਂਤੀਕਾਰੀ ਸਨ। ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਇਨ੍ਹਾਂ ਦੇ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਤੋਂ ਰਿਹਾਅ ਹੋਏ ਅਤੇ ਪਿਤਾ ਨੇਪਾਲ ਤੋਂ ਘਰ ਵਾਪਸ ਪਰਤੇ ਸਨ। ਦਾਦੀ ਨੇ ਬਾਲਕ ਨੂੰ ਭਾਗਾਂ ਵਾਲਾ ਕਿਹਾ। ਇਸ ਸ਼ਬਦ ਤੋਂ ਬਾਅਦ ਹੀ ਇਨ੍ਹਾਂ ਦਾ ਨਾਂਅ ਭਗਤ ਸਿੰਘ ਬਣ ਗਿਆ। ਦੇਸ਼ ਭਗਤੀ ਉਹਨਾਂ ਨੇ ਆਪਣੇ ਚਾਚਾ ਅਤੇ ਪਿਤਾ ਪਾਸੋਂ ਪ੍ਰਾਪਤ ਕੀਤੀ ਸੀ। ਬਚਪਨ ਵਿਚ ਹੀ ਬੰਦੂਕ ਅਤੇ ਤਲਵਾਰ ਇਹਨਾਂ ਦੇ ਪਿਆਰੇ ਖਿਡੌਣੇ ਸਨ। ਬਹੁਤ ਛੋਟੀ ਉਮਰ ਵਿਚ ਹੀ ਉਹ ਕ੍ਰਾਂਤੀਕਾਰੀ ਅੰਦੋਲਨ ਵਿਚ ਸ਼ਾਮਲ ਹੋ ਗਏ।

ਲਾਹੌਰ ਵਿਚ ਡੀ. ਏ. ਵੀ. ਸਕੂਲ ਵਿਚ ਮੈਟਿ੍ਰਕ ਕਰਨ ਤੋਂ ਬਾਅਦ ਭਗਤ ਸਿੰਘ ਡੀ. ਏ. ਵੀ. ਕਾਲਜ ਵਿਚ ਦਾਖਲ ਹੋ ਗਏ। ਉਥੇ ਇਨ੍ਹਾਂ ਦਾ ਸਬੰਧ ਸੁਖਦੇਵ ਅਤੇ ਭਗਵਤੀ ਚਰਨ ਆਦਿ ਕ੍ਰਾਂਤੀਕਾਰੀ ਦੇਸ਼ ਭਗਤਾਂ ਨਾਲ ਹੋ ਗਿਆ। ਇਹ ਸਾਰੇ ਰਾਜਨੀਤੀ ਅਤੇ ਅਰਥਸ਼ਾਸਤਰ ਵਿਚ ਬੜੀ ਰੂਚੀ ਲਿਆ ਕਰਦੇ ਸਨ। ਜਦੋਂ ਸ. ਭਗਤ ਸਿੰਘ ਘਰ ਤੋਂ ਕਾਨ੍ਹਪੁਰ ਗਏ ਤਾਂ ਉੱਥੇ ਇਨ੍ਹਾਂ ਦਾ ਮੇਲ ਬਟੁਕੇਸ਼ਵਰ ਦੱਤ ਨਾਲ ਹੋ ਗਿਆ। ਇਹ ਮੇਲ ਉਹਨਾਂ ਨੂੰ ਕ੍ਰਾਂਤੀਕਾਰੀ ਜੀਵਨ ਅਪਣਾਉਣ ਲਈ ਹੋਰ ਵੀ ਪ੍ਰੇਰਨਾ ਦਾ ਸ੍ਰੋਤ ਬਣਿਆ। ਇਹਨੀਂ ਦਿਨੀ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ। ਭਗਤ ਸਿੰਘ ਇਸ ਸਮੇਂ ਤੱਕ ਪੁਲਿਸ ਦੀਆਂ ਨਜ਼ਰਾਂ ਵਿਚ ਚੜ੍ਹ ਗਏ ਸਨ।

ਪੁਲਿਸ ਉਹਨਾਂ ਨੂੰ ਕਿਸੇ ਨਾ ਕਿਸੇ ਮੁਕੱਦਮੇ ਵਿਚ ਫਸਾਉਣ ਦੀ ਤਿਆਰੀ ਕਰ ਰਹੀ ਸੀ। ਸਤੰਬਰ 1934 ਵਿਚ ਦੇਸ਼ ਭਰ ਵਿਚ ਕ੍ਰਾਂਤੀਕਾਰੀਆਂ ਨੂੰ ਇਕੱਠਾ ਕੀਤਾ ਗਿਆ ਅਤੇ ਉਹਨਾਂ ਦੀ ਸੰਸਥਾ ਦਾ ਨਾਂਅ ਬਦਲ ਦਿੱਤਾ ਗਿਆ। ਹੁਣ ਇਸ ਸੰਸਥਾ ਦਾ ਨਾਂਅ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖ ਦਿੱਤਾ ਗਿਆ। ਇਸ ਦਲ ਦਾ ਦਫਤਰ ਆਗਰੇ ਲਿਆਂਦਾ ਗਿਆ। ਦਲ ਨੇ ਦੇਸ਼ ਦੀ ਅਜ਼ਾਦੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ. ਭਗਤ ਸਿੰਘ ਆਗਰੇ ਹੀ ਸਨ ਕਿ ਸਾਈਮਨ ਕਮਿਸ਼ਨ ਭਾਰਤ ਆਇਆ । ਜਗ੍ਹਾ-ਜਗ੍ਹਾ ਉਸ ਦਾ ਵਿਰੋਧ ਹੋਇਆ। ਲਾਹੌਰ ਵਿਚ ਲਾਲਾ ਲਾਜਪੱਤ ਰਾਏ ਦੀ ਅਗਵਾਈ ਹੋਠ ਇੱਕ ਬਹੁਤ ਭਾਰੀ ਜਲਸਾ ਹੋਣ ਵਾਲਾ ਸੀ।

ਭਗਤ ਸਿੰਘ ਆਗਰੇ ਤੋਂ ਲਾਹੌਰ ਆ ਗਏ। ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲਾ ਲਾਜਪੱਤ ਰਾਏ ਉੱਤੇ ਲਾਠੀਆਂ ਦੀ ਬੌਛਾਰ ਕੀਤੀ ਗਈ ਲਾਲਾ ਜੀ ਨੂੰ ਬਹੁਤ ਸੱਟਾਂ ਲੱਗੀਆਂ। ਇਨ੍ਹਾਂ ਸੱਟਾਂ ਨੂੰ ਉਹ ਸਹਿ ਨਾ ਸਕੇ ਅਤੇ ਸ਼ਹੀਦ ਹੋ ਗਏ । ਲਾਲਾ ਜੀ ਦੀ ਮੌਤ ਨਾਲ ਦੇਸ਼ ਦੇ ਨੌਜਵਾਨਾਂ ਦਾ ਖੂਨ ਖੌਲ ਉੱਠਿਆ। ਉਹਨਾਂ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। 17 ਦਸੰਬਰ 1928 ਨੂੰ ਸ਼ਾਮ ਦੇ ਚਾਰ ਵਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਅਜ਼ਾਦ ਨੇ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ। ਪੁਲਿਸ ਨੂੰ ਝੁਕਾਨੀ ਦੇ ਕੇ ਚਾਰੇ ਜਣੇ ਸਖ਼ਤ ਪਹਿਰਿਆਂ ਵਿਚੋਂ ਵੀ ਲਾਹੌਰ ਤੋਂ ਬਾਹਰ ਆ ਗਏ।

ਇਹਨੀਂ ਦਿਨੀਂ ਅਸੈਂਬਲੀ ਵਿਚ ‘ਪਬਲਿਕ ਸੇਫਟੀ ਬਿੱਲ’ ਪੇਸ਼ ਹੋਣ ਵਾਲਾ ਸੀ। ਇਹਨਾਂ ਕ੍ਰਾਂਤੀਕਾਰੀਆਂ ਨੇ ਨਾਗਰਿਕ ਅਧਿਕਾਰਾਂ ਨੂੰ ਪੈਣ ਵਾਲੀ ਸੱਟ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਅਸੈਂਬਲੀ ਹਾਲ ਵਿਚ ਧਮਾਕਾ ਕਰਨ ਦਾ ਨਿਸ਼ਚਾ ਹੋਇਆ ਅਤੇ ਇਸ ਕੰਮ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਚੁਣਿਆ ਗਿਆ। ਬਟੁਕੇਸ਼ਵਰ ਦੱਤ ਨੇ ਵਲੈਤੀ ਭੇਸ਼ ਵਿਚ ਅਸੈਂਬਲੀ ਭਵਨ ਵਿਚ ਪ੍ਰਵੇਸ਼ ਕੀਤਾ। ਗੈਲਰੀਆਂ ਵਿਚ ਉਸ ਸਮੇਂ ਬੰਬ ਸੁੱਟਿਆ ਗਿਆ ਜਦੋਂ ਸੇਫਟੀ ਬਿੱਲ ਪੇਸ਼ ਹੋਣ ਵਾਲਾ ਸੀ।

ਧਮਾਕਾ ਹੁੰਦਿਆਂ ਹੀ ਅਸੈਂਬਲੀ ਹਾਲ ਵਿਚ ਭਾਜੜ ਪੈ ਗਈ। ਜਦੋਂ ਕੁੱਝ ਟਿਕਾਅ ਹੋਇਆ ਤਾਂ ਲੋਕਾਂ ਨੇ ਦੇਖਿਆ ਕਿ ਦੋ ਜਵਾਨ ਨਾਅਰੇ ਲਾਉਂਦੇ ਹੋਏ ਲਾਲ ਰੰਗ ਦੇ ਪਰਚੇ ਵੰਡ ਰਹੇ ਹਨ। ਪੁਲਿਸ ਨੇ ਉਹਨਾਂ ਨੂੰ ਗਿ੍ਰਫਤਾਰ ਕਰ ਲਿਆ। ਸਾਂਡਰਸ ਦੀ ਹਤਿਆ ਦੇ ਸਬੰਧ ਵਿਚ ਭਗਤ ਸਿੰਘ ਅਤੇ ਉਸਦੇ ਸਾਥੀਆਂ ’ਤੇ ਮੁਕੱਦਮਾ ਚਲਾਇਆ ਗਿਆ। ਅਦਾਲਤ ਨੇ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਦਿੱਤੀ।

23 ਮਾਰਚ 1931 ਦੀ ਸ਼ਾਮ ਇਹਨਾਂ ਤਿੰਨਾਂ ਦੇਸ਼ ਭਗਤਾਂ ਨੂੰ ਫਾਂਸੀ ਦਿੱਤੀ ਗਈ। ਫਾਂਸੀ ਤੋਂ ਪਹਿਲਾਂ ਇਹਨਾਂ ਤਿੰਨਾਂ ਦਾ ਵਜ਼ਨ ਕੀਤਾ ਗਿਆ ਜੋ ਪਹਿਲਾਂ ਨਾਲੋਂ ਜ਼ਿਆਦਾ ਸੀ। ਫਾਂਸੀ ਤੋਂ ਪਹਿਲਾਂ ਤਿੰਨੇ ਯੋਧੇ ਇਕ ਦੂਜੇ ਦੇ ਗਲੇ ਮਿਲੇ ਅਤੇ ਦੇਸ਼ ਭਗਤੀ ਦੇ ਨਾਅਰੇ ਲਾਉਂਦੇ ਹੋਏ ਸ਼ਹੀਦ ਹੋ ਗਏ ਸ਼ਹੀਦ ਭਗਤ ਸਿੰਘ ਚਾਹੁੰਦੇ ਤਾਂ ਉਹ ਉੱਥੋਂ ਬਚ ਕੇ ਨਿੱਕਲ ਸਕਦੇ ਸਨ, ਸਜ਼ਾ ਮਾਫ਼ੀ ਦੀ ਅਪੀਲ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ, ਇਹ ਉਹ ਸੂਰਮਾ ਸੀ ਜਿਸ ਨੇ ਕੁਰਬਾਨੀ ਕਿਸੇ ਆਪਣੇ ਮੁਨਾਫ਼ੇ ਜਾਂ ਬਦਲੇ ਕਰਕੇ ਨਹੀਂ ਦਿੱਤੀ

ਬਲਕਿ ਸਾਰੇ ਦੇਸ਼ ਵਾਸੀਆਂ ਦੀ ਗੁਲਾਮੀ ਨੂੰ ਕੱਟਣ ਲਈ ਅਜ਼ਾਦੀ ਦੀ ਲੜਾਈ ਵਿੱਚ ਕੁੱਦਿਆ, ਸ. ਭਗਤ ਸਿੰਘ ਨੂੰ ਪਤਾ ਸੀ ਕਿ ਉਹਨਾਂ ਦੀ ਕੁਰਬਾਨੀ ਹੀ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਪੁੱਟੇਗੀ ਉਹਨਾਂ ਨੇ ਕਦੇ ਨਹੀਂ ਚਾਹਿਆ ਸੀ ਕਿ ਉਹਨਾਂ ਨੂੰ ਪੂਜਿਆ ਜਾਵੇ ਜਾਂ ਨੌਜਵਾਨ ਹਥਿਆਰ ਚੁੱਕਣ, ਉਹ ਤਾਂ ਆਪਣੇ ਆਖਰੀ ਸਮੇਂ ਤੱਕ ਜੇਲ੍ਹ ਵਿੱਚ ਵੀ ਕਿਤਾਬਾਂ ਪੜ੍ਹਦੇ ਰਹੇ, ਉਹਨਾਂ ਵੱਲੋਂ ਮੋੜਿਆ ਉਸ ਕਿਤਾਬ ਦਾ ਪੰਨਾ ਅੱਜ ਵੀ ਅਵਾਜ਼ਾਂ ਮਾਰ ਰਿਹਾ ਹੈ ਕਿ ਨੌਜਵਾਨੋਂ ਚੱਲੋ ਕਿਤਾਬਾਂ ਚੁੱਕੋ ਅਤੇ ਵਿਚਾਰ ਕਰੋ, ਚਿੰਤਨ ਕਰੋ ਤੇ ਅੱਗੇ ਵਧੋ, ਪਰ ਅੱਜ ਦਾ ਨੌਜਵਾਨ ਸ. ਭਗਤ ਸਿੰਘ ਦੀ ਫੋਟੋ ਤਾਂ ਲਾਉਂਦਾ, ਉਸ ਜਿਹੀ ਪੱਗ ਤਾਂ ਬੰਨ੍ਹਦਾ ਹੈ ਪਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਦੂਰ ਹੈ,

ਅੱਜ ਦਾ ਨੌਜਵਾਨ ਕਿਤਾਬਾਂ ਤੋਂ ਦੂਰ ਹੋ ਚੁੱਕਿਆ ਹੈ, ਨਸ਼ਿਆਂ ਵੱਲ ਹੋ ਤੁਰਿਆ ਹੈ, ਕੀ ਇਹੀ ਸੁਪਨਾ ਸੀ ਭਗਤ ਸਿੰਘ ਦਾ ਅੰਗਰੇਜ਼ ਤਾਂ ਚਲੇ ਗਏ, ਭਗਤ ਸਿੰਘ ਜਿਹਨਾਂ ਨੂੰ ਭੇਜਣਾ ਚਾਹੁੰਦੇ ਸਨ ਪਰ ਸਾਡੇ ਆਪਣਿਆਂ ਨੇ ਕੌਮ ਅਤੇ ਦੇਸ਼ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਕੀ ਇਹੋ-ਜਿਹੀ ਅਜ਼ਾਦੀ ਚਾਹੀ ਸੀ ਸ਼ਹੀਦਾਂ ਨੇ? ਅੱਜ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੋ ਰਹੀ ਹੈ, ਇਨਸਾਨੀਅਤ ਗਰਕ ਗਈ ਹੈ, ਸੁਆਰਥਪਣ ਦੀ ਹੱਦ ਹੋਈ ਪਈ ਹੈ ਅਤੇ ਅਸੀਂ ਮੂਕ ਦਰਸ਼ਕ ਬਣ ਦੇਖ ਰਹੇ ਹਾਂ ਕਿਉਂਕਿ ਇਹ ਲੁੱਟ, ਇਹ ਜ਼ੁਲਮ, ਇਹ ਧੱਕੇ ਦਾ ਸੇਕ ਜਦੋਂ ਸਾਡੇ ਤੱਕ ਆਵੇਗਾ ਤਦ ਅਸੀਂ ਬੋਲਾਂਗੇ, ਕੀ ਇਹੋ-ਜਿਹੇ ਮਨੁੱਖ ਚਾਹੀਦੇ ਸੀ ਭਗਤ ਸਿੰਘ ਨੂੰ? ਨਹੀਂ, ਕਦੇ ਨਹੀਂ, ਆਪਣੇ ਲਈ ਤਾਂ ਹਰ ਇੱਕ ਨੂੰ ਦਰਦ ਹੁੰਦਾ ਹੈ

ਪਰ ਦੂਸਰਿਆਂ ਦੇ ਦੁੱਖ ਤੇ ਦਰਦ ਮਹਿਸੂਸ ਕਰਨ ਵਾਲੇ ਦੇਸ਼ ਵਾਸੀਆਂ ਨੂੰ ਪਸੰਦ ਕਰਦਾ ਸੀ ਸ. ਭਗਤ ਸਿੰਘ ਸਾਨੂੰ ਵਿਚਾਰ ਕਰਨਾ ਪਵੇਗਾ ਕਿ ਅਸੀਂ ਕਿੱਥੇ ਖੜ੍ਹੇ ਹਾਂ, ਸਾਨੂੰ ਆਪਣੇ ਅੰਦਰ ਝਾਤ ਮਾਰਨੀ ਪਵੇਗੀ, ਕਦਮ ਪੁੱਟਣਾ ਪਵੇਗਾ, ਢਾਲ ਬਣਨਾ ਪਵੇਗਾ, ਮਜ਼ਲੂਮਾਂ ਦੀ, ਅੱਗੇ ਡਟਣਾ ਪਵੇਗਾ ਜ਼ੁਲਮ ਦੇ, ਸੱਚ ਦੇ ਰਸਤੇ ’ਤੇ ਚੱਲਣਾ ਪਵੇਗਾ, ਸਾਨੂੰ ਪੜ੍ਹਨਾ ਪਵੇਗਾ ਸ. ਭਗਤ ਸਿੰਘ ਵੱਲੋਂ ਛੱਡੀ ਉਸ ਕਿਤਾਬ ਦੇ ਪੰਨੇ ਨੂੰ, ਸਾਨੂੰ ਤੁਰਨਾ ਪਵੇਗਾ ਸ. ਭਗਤ ਸਿੰਘ ਦੇ ਵੱਲੋਂ ਛੱਡੇ ਰਸਤੇ ’ਤੇ ਜੋ ਸਾਡੇ ਲਈ ਛੱਡਿਆ ਗਿਆ ਹੈ, ਰਸਤਾ ਜੋ ਸੁੰਨਾ ਪਿਆ ਹੈ, ਰਸਤਾ ਜੋ ਸ. ਭਗਤ ਸਿੰਘ ਦੇ ਵਾਰਿਸਾਂ ਨੂੰ ਉਡੀਕ ਰਿਹਾ ਹੈ, ਚੱਲੋ ਇਹ ਮੋਮਬੱਤੀਆਂ, ਇਹ ਹਾਰ, ਇਹ ਨਾਅਰੇ, ਇਹ ਫੋਟੋਆਂ, ਇਹ ਰੰਗ ਤਾਂ ਹੀ ਫੱਬਣਗੇ ਜੇ ਅਸੀਂ ਆਪਣੀ ਵਿਚਾਰਧਾਰਾ ਬਦਲਾਂਗੇ ਜੇ ਇਨਸਾਨੀਅਤ ’ਤੇ ਪਹਿਰਾ ਦੇਵਾਂਗੇ, ਜੇ ਨਿੱਜ ਤੋਂ ਉੱਪਰ ਉੱਠਾਂਗੇ
ਪੰਜਗਰਾਈਆਂ (ਸੰਗਰੂਰ)
ਮੋ. 94644-42300
ਰਾਜੇਸ਼ ਰਿਖੀ ਪੰਜਗਰਾਈਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ