ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਲਾਇਆ ਜਾਗਰੂਕ ਕੈਂਪ
ਲੌਂਗੋਵਾਲ, (ਹਰਪਾਲ)। ਕਿਸੇ ਵੀ ਬੀਮਾਰੀ ਦਾ ਜੇ ਸਮੇਂ ’ਤੇ ਪਤਾ ਲੱਗ ਜਾਵੇ ਤਾਂ ਉਸਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਉਸ ਦਾ ਇਲਾਜ ਸੰਭਵ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਲਗਾਏ ਜਾਗਰੂਕਤਾ ਕੈਂਪ ਮੌਕੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਲੌਂਗੋਵਾਲ ਡਾ. ਗੁਰਦੀਪ ਸਿੰਘ ਬੋਪਾਰਾਏ ਨੇ ਕੀਤਾ। ਡਾ. ਬੋਪਾਰਾਏ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਕਿ ਵਾਇਰਸ ਰਾਹੀਂ ਫੈਲਦੀ ਹੈ।
ਇਹ ਪੰਜ ਕਿਸਮਾਂ ਦੇ ਵਿਸ਼ਾਣੂ ਤੋਂ ਲੋਕ ਸੰਕਰਮਿਤ ਹੋ ਜਾਂਦੇ ਹਨ ਜੋ ਕੀ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਇਸ ਵਿਚੋਂ ਹੈਪੇਟਾਈਟਸ ਸੀ ਅਤੇ ਬੀ ਜਿਆਦਾ ਖ਼ਤਰਨਾਕ ਹਨ ਜਿਨ੍ਹਾਂ ਦਾ ਟੈਸਟ ਕਰਵਾਉਣਾ ਲਾਜਮੀ ਹੈ। ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾ ਦਾ ਇਲਾਜ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੋ, ਗਰਭਵਤੀ ਔਰਤ ਨੂੰ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਆਲਸਿਸ ਮੌਕੇ ਅਤੇ ਹੈਲਥ ਕੇਅਰ ਪਰਸੋਨਲ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮੇਂ ਰਹਿੰਦਿਆਂ ਪਤਾ ਲੱਗ ਸਕੇ।
ਡਾ. ਸਮਿਤਾ ਗੁਪਤਾ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਹੈਪੇਟਾਈਟਸ ਦਿਵਸ ‘ਹੈਪੇਟਾਈਟਸ ਇੰਤਜਾਰ ਨਹੀਂ ਕਰ ਸਕਦਾ’ ਦੇ ਥੀਮ ਤਹਿਤ ਹਰੇਕ ਸਿਹਤ ਕੇਂਦਰ ’ਤੇ ਮਨਾਇਆ ਜਾ ਰਿਹਾ ਹੈ। ਹੈਪੇਟਾਈਟਸ ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੇਸਟ ਅਤੇ ਵਾਇਰਲ ਲੋਡ ਟੈਸਟ ਰਾਜ ਦੇ 22 ਜਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲੇਜ, 17 ਏ.ਆਰ.ਟੀ. ਕੇਂਦਰਾਂ ਅਤੇ 11 ਓ.ਐਸ.ਟੀ. ਕੇਂਦਰਾਂ ਅਤੇ 2 ਸਬ ਡਵੀਜਨਲ ਹਸਪਤਾਲਾਂ ਵਿਖੇ ਕੀਤਾ ਜਾਂਦਾ ਹੈ।
ਇਨ੍ਹਾਂ ਸੰਸਥਾਵਾਂ ਵਿੱਚ ਮਰੀਜ ਆਪਣਾ ਮੁਫਤ ਇਲਾਜ ਕਰਵਾ ਸਕਦਾ ਹੈ। ਹੈਪੇਟਾਈਟਸ- ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸਦੀ ਚਪੇਟ ਵਿੱਚ ਜਦੋਂ ਕੋਈ ਆਉਂਦਾ ਹੈ ਤਾਂ ਉਸ ਵਿੱਚ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮੋਜਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜਰ ਆਉਂਦੇ ਹਨ। ਜਿਸ ਨਾਲ ਜਿਗਰ ਦੀ ਸੋਜ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ ਬੀ ਦਾ ਟੀਕਾਕਰਨ ਹੋਣਾ ਜਰੂਰੀ ਹੈ ਜੋ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ ਤੇ ਮੁਫਤ ਲਗਾਇਆ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ