ਬੇਮੌਸਮੀ ਸਿਆਸੀ ਰੈਲੀਆਂ ਤੋਂ ਸੂਬਾ ਵਾਸੀ ਹੈਰਾਨ ਪ੍ਰੇਸ਼ਾਨ

An Astonishing, Reshuffle, Untimely, Political, Rallies

ਸਿਆਸੀ ਰੈਲੀਆਂ ਨੇ ਸਮਰੱਥਕਾਂ ਨੂੰ ਪਾਇਆ ਭੰਬਲਭੂਸੇ ‘ਚ

ਦਿਹਾੜੀਦਾਰਾਂ ਦੇ ਪੌ-ਬਾਰਾਂ, ਰੋਟੀ ਨਾਲ ਦਿਹਾੜੀ ਦੇ ਕੀਤੇ ਵਾਅਦੇ

ਤਰੁਣ ਕੁਮਾਰ ਸ਼ਰਮਾ, ਨਾਭਾ

ਅੱਜ ਦੀ ਤਾਰੀਖ ਇਤਿਹਾਸ ਵਿੱਚ ਯਾਦ ਰੱਖੀ ਜਾਵੇਗੀ ਜਦੋਂ ਸੱਤਾਧਾਰੀ, ਵਿਰੋਧੀ ਤੇ ਉਪ ਵਿਰੋਧੀ ਪਾਰਟੀਆਂ ਵੱਲੋਂ ਇੱਕੋ ਦਿਨ ਸ਼ਕਤੀ ਪ੍ਰਦਰਸ਼ਨ ਕਰਨ ਲਈ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਸੱਤਾਧਾਰੀ ਧਿਰ ਲੰਬੀ, ਸ਼੍ਰੋੋਮਣੀ ਅਕਾਲੀ ਦਲ ਪਟਿਆਲਾ ਤੇ ਤੀਜ਼ੇ ਮੋਰਚੇ ਵੱਲੋਂ ਬਰਗਾੜੀ ਵਿਖੇ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਇਨ੍ਹਾਂ ਸਿਆਸੀ ਰੈਲੀਆਂ ਦੇ ਮੰਤਵ ਤੇ ਸੂਬੇ ਨੂੰ ਹੋਣ ਵਾਲੇ ਲਾਭ ਤੋਂ ਆਮ ਲੋਕ ਅੱਜ ਵੀ ਅਣਜਾਣ ਤੇ ਹੈਰਾਨ ਹਨ।

ਸ਼੍ਰੋਮਣੀ ਅਕਾਲੀ ਦਲ ਜਿੱਥੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਚੋਣਾਂ ਵਿੱਚ ਅੰਜਾਮ ਦਿੱਤੀ ਕਥਿਤ ਸਿਆਸੀ ਧੱਕੇਸ਼ਾਹੀ ਖਿਲਾਫ਼ ਸੂਬੇ ਦੀ ਅਮਨ ਸ਼ਾਂਤੀ ਦੇ ਨਾਂਅ ‘ਤੇ ਰੈਲੀ ਕਰ ਰਿਹਾ ਹੈ ਉੱਥੇ ਬਰਗਾੜੀ ਵਿਖੇ ਚੱਲ ਰਹੇ ਧਰਨੇ ਨੂੰ ਆਮ ਆਦਮੀ ਪਾਰਟੀ ਦੇ ਸਮੱਰਥਨ ਨੇ ਇਸ ਨੂੰ ਵੀ ਸਿਆਸੀ ਰੂਪ ਦੇ ਦਿੱਤਾ ਹੈ। ਦੂਜੇ ਪਾਸੇ ਸੱਤਾਧਾਰੀ ਧਿਰ ਵੱਲੋਂ ਕੀਤੀ ਜਾ ਰਹੀ ਸਿਆਸੀ ਰੈਲੀ ਲੋਕਾਂ ਦੇ ਗਲ ਤੋਂ ਉਤਰਦੀ ਨਜ਼ਰ ਨਹੀਂ ਆ ਰਹੀ ਹੈ ਕਿ ਆਖਰ ਜਦੋਂ ਕਾਂਗਰਸ ਪਾਰਟੀ ਖੁਦ ਹੀ ਸੱਤਾ ਵਿੱਚ ਹੈ ਤਾਂ ਉਹ ਕਿਸ ਲਾਹੇ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ। ਅੱਜ ਹੋਣ ਵਾਲੀਆਂ ਰੈਲੀਆਂ ਲਈ ਤਿੰਨਾਂ ਥਾਵਾਂ ‘ਤੇ ਕੀਤਾ ਜਾਣ ਵਾਲਾ ਕਰੋੜਾਂ ਦਾ ਭਾਰੀ ਖਰਚਾ ਕਿੱਥੋਂ ਆਵੇਗਾ ਤੇ ਕਿਵੇਂ ਆਵੇਗਾ? ਇਹ ਸਵਾਲ ਵੀ ਆਮ ਲੋਕਾਂ ਦੀ ਹੈਰਾਨੀ ਦਾ ਕਾਰਨ ਬਣੇ ਹੋਏ ਹਨ।

 ਤਿੰਨੋਂ ਰੈਲੀਆਂ ਕਾਰਨ ਹਰ ਸਿਆਸੀ ਪਾਰਟੀਆਂ ‘ਚ ਘੁੰਮਣ ਵਾਲੇ ਆਗੂ ਤੇ ਸਮੱਰਥਕ ਦੋਚਿੱਤੀ ‘ਚ ਪਏ ਹੋਏ ਹਨ ਕਿ ਆਖਰ ਉਹ ਕਿਧਰ ਜਾਣ। ਦਿਹਾੜੀਦਾਰ ਕਾਮਿਆਂ ਦੀ ਮੌਜ਼ਾਂ ਲੱਗ ਗਈਆਂ ਹਨ। ਸਿਆਸੀ ਰੈਲੀਆਂ ਨੂੰ ਕਾਮਯਾਬ ਕਰਨ ਲਈ ਦਿਹਾੜੀਦਾਰ ਕਾਮਿਆਂ ਨੂੰ ਰੋਟੀ, ਪਾਣੀ ਸਮੇਤ ਮਿਲ ਰਹੀ ਦਿਹਾੜੀ ਤੋਂ ਵੱਧ ਦਾ ਲਾਲਚ ਦਿੱਤਾ ਜਾ ਰਿਹਾ ਹੈ। ਇੱਕ ਮਜਦੂਰ ਨੇ ਨਾਂਅ ਨਾ ਛਾਪਣ ਦੀ ਸੂਰਤ ਵਿੱਚ ਦੱਸਿਆ ਕਿ ਆਮ ਤੌਰ ‘ਤੇ 300 ਰੁਪਏ ਪ੍ਰਤੀ ਦਿਹਾੜੀ ਮਿਲਦੀ ਹੈ ਪਰੰਤੂ ਤਿੰਨੋ ਰੈਲੀਆਂ ਇੱਕ ਦਿਨ ਹੋਣ ਕਾਰਨ 500 ਤੱਕ ਭੁਗਤਾਨ ਦਾ ਰੇਟ ਚੱਲ ਰਿਹਾ ਹੈ।

ਇਹ ਸਿਆਸੀ ਰੈਲੀਆਂ ਪੰਜਾਬ ਪੁਲਿਸ ਲਈ ਵੱਡਾ ਸਿਰਦਰਦ ਬਣੀਆਂ ਹੋਈਆਂ ਹਨ। ਤਿੰਨਾਂ ਸਿਆਸੀ ਰੈਲੀਆਂ ਦੀ ਸੁਰੱਖਿਆ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ‘ਚ ਪੰਜਾਬ ਪੁਲਿਸ ਦੇ ਹਜ਼ਾਰਾਂ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਰੈਲੀਆਂ ‘ਚ ਸ਼ਾਮਲ ਹੋਣ ਵਾਲੇ ਸਮਰੱਥਕਾਂ ਦੇ ਆਉਣ ਜਾਣ ਦੇ ਰਾਹ ‘ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸਮਰੱਥਕਾਂ ਦਾ ਆਪਸੀ ਟਕਰਾਅ ਨਾ ਹੋ ਜਾਵੇ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ, ਸਿਹਤ ਮਹਿਕਮਾ ਤੇ ਖੁਫੀਆ ਤੰਤਰ ਹਾਈ ਅਲਰਟ ‘ਤੇ ਚੱਲ ਰਹੇ ਹਨ।

ਰੈਲੀਆਂ ਦੀ ਬਜਾਇ ਪੈਸਾ ਵਿਕਾਸ ‘ਤੇ ਹੋਵੇ ਖ਼ਰਚ: ਬੁੱਧੀਜੀਵੀ

ਸਿਆਸੀ ਰੈਲੀਆਂ ਸਬੰਧੀ ਵਿਚਾਰ ਸਾਂਝੇ ਕਰਦਿਆਂ ਐਨਆਰਆਈ ਕਿਸਾਨ ਗੁਰਿੰਦਰਦੀਪ ਸਿੰਘ ਕਲਿਆਣ, ਡਾ. ਮਨਦੀਪ ਗੌੜ, ਟਕਸਾਲੀ ਕਾਂਗਰਸੀ ਸ਼ਿਵ ਕੁਮਾਰ ਸ਼ਰਮਾ, ਮੇਜਰ ਸਿੰਘ ਬਨੇਰਾ, ਭੁਪਿੰਦਰ ਸਿੰਘ ਧਾਰੋਕੀ ਆਦਿ ਬੁੱਧੀਜੀਵੀਆਂ ਨੇ ਕਿਹਾ ਕਿ ਅੱਜ ਦੀਆਂ ਤਿੰਨਾਂ ਰੈਲੀਆਂ ‘ਤੇ ਕਰੋੜਾਂ ਦਾ ਖਰਚਾ ਕੀਤਾ ਜਾਵੇਗਾ ਜਦਕਿ ਇਨ੍ਹਾਂ ਦਾ ਨਤੀਜ਼ਾ ‘ਖੋਦਿਆਂ ਪਹਾੜ ਨਿਕਲਿਆ ਚੂਹੇ’ ਵਰਗਾ ਹੋਵੇਗਾ। ਚੰਗਾ ਹੁੰਦਾ ਜੇਕਰ ਤਿੰਨੋਂ ਧਿਰਾਂ ਵੱਲੋਂ ਰੈਲੀਆਂ ‘ਤੇ ਕੀਤੇ ਜਾਣ ਵਾਲੇ ਕਰੋੜਾਂ ਦੇ ਖਰਚੇ ਨੂੰ ਸੂਬੇ ਦੇ ਵਿਕਾਸ ‘ਤੇ ਖਰਚ ਕੀਤਾ ਜਾਂਦਾ ਤਾਂ ਸੂਬਾ ਵਿਕਾਸ ਦੀ ਪਹਿਲੀ ਕਤਾਰ ‘ਚ ਸ਼ਾਮਲ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।