ਰਸੋਈ ਗੈਸ ਦਾ ਬਦਲ ਲੱਭਣਾ ਪਵੇਗਾ

Cooking Gas

ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਰਸੋਈ ਗੈਸ ਸਾਡੀ ਸਿਹਤ ਲਈ ਬੇਹੱਦ ਜੋਖ਼ਿਮ ਭਰੀ ਹੈ। ਦਰਅਸਲ, ਅਸਟਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ’ਚ ਹੋਏ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਸਭ ਨੂੰ ਪਤਾ ਹੈ ਕਿ ਅੱਜ ਸਾਡੇ ਘਰਾਂ ’ਚ ਜ਼ਿਆਦਾਤਰ ਲੋਕ ਖਾਣਾ ਬਣਾਉਣ ਲਈ ਐਲਪੀਜੀ ਭਾਵ ਲਿਕਵਿਡ ਪੈਟਰੋਲੀਅਮ ਗੈਸ ਦੀ ਵਰਤੋਂ ਕਰਦੇ ਹਨ। ਪਰ ਅਧਿਐਨ ’ਚ ਖੋਜਕਾਰਾਂ ਨੇ ਕਿਹਾ ਹੈ ਕਿ ਹੁਣ ਐਲਪੀਜੀ ਗੈਸ ਦਾ ਬਦਲ ਲੱਭਣ ਦਾ ਸਮਾਂ ਆ ਗਿਆ ਹੈ।

ਅੱਜ ਤੋਂ ਪਹਿਲਾਂ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਕੋਲਾ ਅਤੇ ਲੱਕੜ ਨੂੰ ਬਾਲਣ ਦੇ ਰੂਪ ’ਚ ਇਸਤੇਮਾਲ ਕਰਨ ’ਤੇ ਇਨ੍ਹਾਂ ’ਚੋਂ ਨਿੱਕਲਣ ਵਾਲਾ ਧੂੰਆਂ ਸਾਹ ਸਬੰਧੀ ਬਿਮਾਰੀਆਂ ਨੂੰ ਸੱਦਾ ਦੇਣ ਦਾ ਕੰਮ ਕਰਦਾ ਹੈ। ਪਰ ਤਾਜ਼ਾ ਖੋਜ ਹੁਣ ਇਹ ਕਹਿੰਦੀ ਹੈ ਕਿ ਐਲਪੀਜੀ ਗੈਸ ’ਤੇ ਵੀ ਖਾਣਾ ਬਣਾਉਣਾ ਆਪਣੀ ਸਿਹਤ ਨਾਲ ਖਿਲਵਾੜ ਕਰਨ ਤੋਂ ਘੱਟ ਨਹੀਂ ਹੈ। ਜ਼ਿਕਰਯੋਗ ਹੈ ਕਿ ਐਲਪੀਜੀ ਨੂੰ ਹਰਮਨਪਿਆਰੇ ਤੌਰ ’ਤੇ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਰਿਹਾ ਹੈ। ਅੱਜ ਤੱਕ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਇਹ ਗੈਸ ਸਾਫ਼ ਤਰੀਕੇ ਨਾਲ ਬਲ਼ਦੀ ਹੈ। ਪਰ ਹੁਣ ਇਹ ਧਾਰਨਾ ਬਦਲਣ ਵਾਲੀ ਹੈ। ਐਲਪੀਜੀ ਨਾ ਸਿਰਫ਼ ਸਾਡੀ ਸਿਹਤ ਲਈ ਸਗੋਂ ਵਾਤਾਵਰਨ ਲਈ ਵੀ ਬੇਹੱਦ ਹਾਨੀਕਾਰਨ ਹੈ।

ਰਸੋਈ ਗੈਸ ਦਾ ਬਦਲ ਲੱਭਣਾ ਪਵੇਗਾ

ਖੋਜਕਾਰਾਂ ਦਾ ਦੱਸਣਾ ਹੈ ਕਿ ਜਦੋਂ ਅਸੀਂ ਗੈਸ ਬਾਲਦੇ ਹਾਂ ਤਾਂ ਅਸਲ ’ਚ ਅਸੀਂ ਮਿਥੇਨ ਗੈਸ ਨੂੰ ਬਾਲ਼ ਰਹੇ ਹੁੰਦੇ ਹਾਂ। ਜਿਸ ਨਾਲ ਜ਼ਹਿਰੀਲੇ ਯੌਗਿਕ ਬਣਦੇ ਹਨ। ਦੱਸ ਦੇਈਏ ਕਿ ਰਸੋਈ ਗੈਸ ’ਚ ਮਿਥੇਨ ਮੁੱਖ ਘਟਕ ਹੁੰਦਾ ਹੈ, ਜੋ ਬਲ਼ਣ ’ਤੇ ਤਾਪ ਭਾਵ ਗਰਮੀ ਪੈਦਾ ਕਰਦਾ ਹੈ। ਇਸ ਨਾਲ ਨਾਈਟ੍ਰੋਜਨ ਅਤੇ ਅਕਸੀਜਨ ਮਿਲ ਕੇ ਨਾਈਟੋ੍ਰ-ਅਕਸਾਈਡ ਬਣਦੇ ਹਨ, ਜੋ ਜ਼ਹਿਰੀਲੇ ਕਣ ਹਨ। ਇਸ ਨਾਲ ਦਮੇ ਸਮੇਤ ਕਈ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਵਿਗਿਆਨੀਆਂ ਮੁਤਾਬਿਕ, ਇਸ ਗੈਸ ’ਚੋਂ ਨਿੱਕਲਣ ਵਾਲੇ ਜ਼ਹਿਰੀਲੇ ਕਣ ਨਾ ਸਿਰਫ਼ ਫੇਫੜਿਆਂ ਲਈ ਕਈ ਦਿੱਕਤਾਂ ਪੈਦਾ ਕਰਦੇ ਹਨ, ਸਗੋਂ ਖੂਨ ਦੇ ਪ੍ਰਵਾਹ ’ਚ ਵੀ ਮਿਲ ਸਕਦੇ ਹਨ। ਇਸ ਨਾਲ ਦਿਲ ਦੀ ਬਿਮਾਰੀ, ਕੈਂਸਰ ਅਤੇ ਅਲਜ਼ਾਈਮਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਖਤਰਾ ਪੈਦਾ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਿਥੇਨ ਸਭ ਤੋਂ ਖਤਰਨਾਕ ਗਰੀਨ ਹਾਊਸ ਗੈਸ ਹੈ। ਜੋ ਕਾਰਬਨ ਡਾਈ ਅਕਸਾਈਡ ਤੋਂ 25 ਗੁਣਾ ਜ਼ਿਆਦਾ ਗਰਮੀ ਆਪਣੇ ਅੰਦਰ ਕੈਦ ਕਰਦੀ ਹੈ।

ਸਵਾਲ ਦਾ ਆਉਣਾ ਸੁਭਾਵਿਕ

ਖੋਜਕਾਰਾਂ ਨੇ ਚਿਤਾਇਆ ਹੈ ਕਿ ਜਦੋਂ ਅਸੀਂ ਗੈਸ ਚੁੱਲ੍ਹਾ ਬਾਲਦੇ ਹਾਂ ਤਾਂ ਅਸਲ ’ਚ ਅਸੀਂ ਜੈਵਿਕ ਬਾਲਣ ਹੀ ਬਾਲ ਰਹੇ ਹਾਂ ਜਿਸ ਨਾਲ ਕਾਰਬਨ ਮੋਨੋ ਅਕਸਾਈਡ ਅਤੇ ਫਾਰਮੈਲਡੀਹਾਈਡ ਵੀ ਬਣ ਸਕਦੇ ਹਨ। ਕਾਰਬਨ ਮੋਨੋ ਅਕਸਾਈਡ ਦੀ ਨਿਕਾਸੀ ’ਚ ਹਵਾ ’ਚ ਆਕਸੀਜਨ ਘੱਟ ਹੁੰਦੀ ਹੈ ਅਤੇ ਖੂਨ ’ਚ ਵੀ ਆਕਸੀਜਨ ਨਸ਼ਟ ਹੁੰਦੀ ਹੈ। ਇਸ ਨਾਲ ਸਾਨੂੰ ਸਿਰ ਦਰਦ ਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਦੇ ਸਕਦੀਆਂ ਹਨ। ਇਸ ਵਿਚਕਾਰ ਆਮ ਆਦਮੀ ਦੇ ਦਿਮਾਗ ’ਚ ਇਸ ਸਵਾਲ ਦਾ ਆਉਣਾ ਸੁਭਾਵਿਕ ਹੈ ਕਿ ਆਖ਼ਰ ਜੈਵਿਕ ਬਾਲਦ ਕੀ ਹੈ? ਦਰਅਸਲ, ਜੈਵਿਕ ਬਾਲਣ ਨੂੰ ਬਣਨ ’ਚ ਲੱਖਾਂ ਸਾਲ ਲੱਗਦੇ ਹਨ। ਇਸ ਤਰ੍ਹਾਂ ਇਨ੍ਹਾਂ ਨੂੰ ਅਕਸਰ ਗੈਰ-ਅਕਸ਼ੈ ਊਰਜਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਹ ਬਾਲਣ ਸਦੀਆਂ ਤੋਂ ਪਸ਼ੂਆਂ ਅਤੇ ਪੌਦਿਆਂ ਦੀ ਮਿ੍ਰਤਕ ਰਹਿੰਦ-ਖੂੰਹਦ ’ਚ ਸੁਭਾਵਿਕ ਤੌਰ ’ਤੇ ਹੋਣ ਵਾਲੇ ਬਦਲਾਵਾਂ ਨਾਲ ਪੈਦਾ ਹੁੰਦੇ ਹਨ। ਮੁੱਖ ਤੌਰ ’ਤੇ ਤਿੰਨ ਤਰ੍ਹਾਂ ਦੇ ਜੈਵਿਕ ਬਾਲਣ ਹਨ।

ਬਾਲਣਾਂ ਦੀ ਵਰਤੋਂ

ਕੋਲਾ, ਜੋ ਇੱਕ ਠੋਸ ਜੈਵਿਕ ਬਾਲਣ ਹੈ, ਤੇਲ, ਜੋ ਤਰਲ ਜੈਵਿਕ ਬਾਲਣ ਹੈ ਅਤੇ ਕੁਦਰਤੀ ਗੈਸ, ਜੋ ਗੈਸੀ ਜੈਵਿਕ ਬਾਲਣ ਹੈ। ਇਨ੍ਹਾਂ ਦੀ ਵਰਤੋਂ ਰੋਜ਼ਾਨਾ ਦੇ ਕੰਮਾਂ ਜਿਵੇਂ ਕਿ ਬਿਜਲੀ ਪੈਦਾ ਕਰਨਾ, ਘਰ ਜਾਂ ਆਫਿਸ ਦੇ ਕਮਰਿਆਂ ਨੂੰ ਗਰਮ ਕਰਨਾ, ਆਪਣਾ ਵਾਹਨ ਚਲਾਉਣ ਆਦਿ ਲਈ ਕੀਤੀ ਜਾਂਦੀ ਹੈ। ਅਸੀਂ ਇਨ੍ਹਾਂ ਸਾਰੇ ਕੰਮਾਂ ਲਈ ਇਨ੍ਹਾਂ ਬਾਲਣਾਂ ’ਤੇ ਨਿਰਭਰ ਹਾਂ। ਇਨ੍ਹਾਂ ਬਾਲਣਾਂ ਦੀ ਵਰਤੋਂ ਨਾਲ ਸਾਡਾ ਜੀਵਨ ਸਰਲ ਅਤੇ ਅਰਾਮਦਾਇਕ ਬਣ ਗਿਆ ਹੈ। ਪਰ ਇਨ੍ਹਾਂ ਬਾਲਣਾਂ ’ਚ ਇਨ੍ਹਾਂ ਦੇ ਆਪਣੇ ਨਕਾਰਾਤਮਕ ਪਹਿਲੂ ਵੀ ਹਨ। ਇਨ੍ਹਾਂ ਬਾਲਣਾਂ ਦੀ ਸਪਲਾਈ ਸੀਮਿਤ ਹੈ ਅਤੇ ਮੰਗ ਜਿਆਦਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦੀ ਕੀਮਤ ਜ਼ਿਆਦਾ ਹੈ।

ਇਸ ਤੋਂ ਇਲਾਵਾ ਇਨ੍ਹਾਂ ਨੂੰ ਪੈਦਾ ਹੋਣ ’ਚ ਸ਼ਤਾਬਦੀਆਂ ਦਾ ਸਮਾਂ ਲੱਗਦਾ ਹੈ ਅਤੇ ਇਹ ਲਗਭਗ ਗੈਰ-ਨਵਿਆਉਣਯੋਗ ਹੁੰਦੇ ਹਨ। ਇਹ ਤੇਜ਼ੀ ਨਾਲ ਘਟ ਰਹੇ ਹਨ। ਜੈਵਿਕ ਬਾਲਣਾਂ ਨਾਲ ਇੱਕ ਹੋਰ ਮੁੱਖ ਸਮੱਸਿਆ ਇਹ ਹੈ ਕਿ ਉਹ ਬਲਣ ’ਤੇ ਕਾਰਬਨ ਡਾਈਅਕਸਾਈਡ ਗੈਸ ਛੱਡਦੇ ਹਨ ਅਤੇ ਇਹ ਵਾਤਾਵਰਨ ’ਚ ਪ੍ਰਦੂਸ਼ਣ ਦਾ ਪੱਧਰ ਵਧਾਉਂਦੀ ਹੈ। ਜੈਵਿਕ ਬਾਲਣ ਦੀ ਵਧਦੀ ਵਰਤੋਂ ਗਲੋਬਲ ਵਾਰਮਿੰਗ ਦਾ ਇੱਕ ਮੁੱਖ ਕਾਰਨ ਹੈ। ਦੁਨੀਆ ਭਰ ਦੇ ਜੈਵਿਕ ਬਾਲਣ ਦੇ ਮੁੱਖ ਉਤਪਾਦਕਾਂ ’ਚ ਚੀਨ, ਸਾਊਦੀ ਅਰਬ, ਅਮਰੀਕਾ, ਰੂਸ, ਕੈਨੇਡਾ ਅਤੇ ਇੰਡੋਨੇਸ਼ੀਆ ਸ਼ਾਮਲ ਹਨ।

ਰਸੋਈ ਗੈਸ ਨਾਲ ਹੋਈ ਨਿਕਾਸੀ

ਰਸੋਈ ਗੈਸ ਸਾਡੀ ਸਿਹਤ ਲਈ ਕਿੰਨੀ ਨੁਕਸਾਨਦੇਹ ਹੈ, ਇਸ ਦਾ ਅੰਦਾਜ਼ਾ ਇਸ ਤੋਂ ਬਾਖੂਬੀ ਲਾਇਆ ਜਾ ਸਕਦਾ ਹੈ ਕਿ ਇਨਵਾਇਰਮੈਂਟ ਸਾਇੰਸ ਅਤੇ ਟੈਕਨਾਲੋਜੀ ਜਰਨਲ ’ਚ ਛਪੇ ਲੇਖ ’ਚ ਮਿਲਿਆ ਕਿ ਅਮਰੀਕਾ ’ਚ ਬੱਚਿਆਂ ’ਚ ਦਮਾ ਹੋਣ ਦੇ ਮਾਮਲੇ 12.7 ਫੀਸਦੀ, ਭਾਵ ਹਰ ਅੱਠ ’ਚੋਂ ਇੱਕ ਮਾਮਲੇ ’ਚ ਵਜ੍ਹਾ ਰਸੋਈ ਗੈਸ ਨਾਲ ਹੋਈ ਨਿਕਾਸੀ ਹੈ। ਉੱਥੇ, 2022 ’ਚ ਹੋਏ ਇੱਕ ਅਧਿਐਨ ’ਚ ਕਿਹਾ ਗਿਆ ਸੀ ਕਿ ਅਮਰੀਕਾ ’ਚ ਰਸੋਈ ਗੈਸ ’ਚ ਜਿੰਨੀ ਕਾਰਬਨ ਨਿਕਾਸੀ ਹੁੰਦੀ ਹੈ ਉਹ ਪੰਜ ਲੱਖ ਕਾਰਾਂ ਨਾਲ ਹੋਣ ਵਾਲੀ ਨਿਕਾਸੀ ਦੇ ਬਰਾਬਰ ਹੈ। ਜੇਕਰ ਅਸੀਂ ਭਾਰਤ ਦੀ ਸਥਿਤੀ ਦੀ ਗੱਲ ਕਰੀਏ ਤਾਂ ਭਾਰਤ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐਲਪੀਜੀ ਉਪਭੋਗਤਾ ਦੇਸ਼ ਹੈ। ਇੱਥੇ 2021 ਤੱਕ ਕਰੀਬ 28 ਕਰੋੜ ਐਲਪੀਜੀ ਕੁਨੈਕਸ਼ਨ ਸਨ।

ਇਨ੍ਹਾਂ ’ਚ ਹਰ ਸਾਲ 15 ਫੀਸਦੀ ਦਾ ਵਾਧਾ ਹੋ ਰਿਹਾ ਹੈ। ਪੈਟਰੋਲੀਅਮ ਮੰਤਰਾਲੇ ਅਨੁਸਾਰ, 2040 ਤੱਕ ਐਲਪੀਜੀ ਖ਼ਪਤ ਵਧ ਕੇ 4.06 ਕਰੋੜ ਟਨ ਪਹੰੁਚ ਜਾਵੇਗੀ। ਦੱਸ ਦੇਈਏ ਕਿ ਭਾਰਤ ’ਚ ਐਲਪੀਜੀ ’ਚ ਪ੍ਰੋਪੇਨ ਗੈਸ ਦੀ ਵਰਤੋਂ ਹੁੰਦੀ ਹੈ। ਇਸ ਦੇ ਬਲਣ ਨਾਲ ਖਤਰਨਾਕ ਬੇਂਜੀਨ ਗੈਸ ਨਿੱਕਲਦੀ ਹੈ। ਲਿਹਾਜ਼ਾ, ਸਾਨੂੰ ਅਜਿਹਾ ਬਦਲ ਲੱਭਣ ਦੀ ਜ਼ਰੂਰਤ ਹੈ, ਜੋ ਜ਼ਿਆਦਾ ਸੁਰੱਖਿਅਤ ਹੋਵੇ ਅਤੇ ਵਾਤਾਵਰਨ ਦੇ ਵੀ ਅਨੁਕੂਲ ਹੋਵੇ। ਹੁਣ ਇਲੈਕਟ੍ਰੀਸਿਟੀ ਵੱਲ ਵਧਣਾ ਜ਼ਿਆਦਾ ਕਾਰਗਰ ਸਾਬਤ ਹੋ ਸਕਦਾ ਹੈ। ਸੋਲਰ ਊਰਜਾ ਵੀ ਬਿਹਤਰ ਬਦਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਅਧਿਐਨ ’ਚ ਇਹ ਸਲਾਹ ਦਿੱਤੀ ਗਈ ਹੈ ਕਿ ਐਲਪੀਜੀ ਦੀ ਥਾਂ ਇੰਡਕਸ਼ਨ ਜਾਂ ਬਿਜਲੀ ਦੇ ਚੱੁਲ੍ਹਿਆਂ ਦੀ ਵਰਤੋਂ ਕਰੀਏ। ਇਸ ਨੂੰ ਕੁਕਿੰਗ ਗੈਸ ਦੇ ਸਭ ਤੋਂ ਸਮਰੱਥ ਬਦਲ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।

ਅਲੀ ਖਾਨ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।