ਮਾਰਚ ਤੋਂ ਲੈਕੇ ਹੁਣ ਤੱਕ 4 ਰੁਪਏ ਪ੍ਰਤੀ ਲੀਟਰ ਵਧੀਆਂ ਕੀਮਤਾਂ
ਨਵੀਂ ਦਿੱਲੀ। ਅਮੂਲ ਅਤੇ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ 17 ਅਗਸਤ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਮਾਰਚ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। 500 ਮਿਲੀਲੀਟਰ ਅਮੂਲ ਗੋਲਡ ਦੀ ਕੀਮਤ 31 ਰੁਪਏ ਅਤੇ ਅਮੂਲ ਸ਼ਕਤੀ ਦੀ ਕੀਮਤ 28 ਰੁਪਏ ਹੋਵੇਗੀ। ਮਦਰ ਡੇਅਰੀ ਵੀ ਬੁੱਧਵਾਰ ਤੋਂ ਫੁੱਲ ਕਰੀਮ ਦੁੱਧ ਦੀ ਕੀਮਤ 59 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 61 ਰੁਪਏ ਪ੍ਰਤੀ ਲੀਟਰ ਕਰੇਗੀ। ਅਮੂਲ ਨੇ ਕੀਮਤਾਂ ਵਿੱਚ ਵਾਧੇ ਦਾ ਕਾਰਨ ਸੰਚਾਲਨ ਲਾਗਤ ਅਤੇ ਦੁੱਧ ਉਤਪਾਦਨ ਲਾਗਤ ਵਿੱਚ ਵਾਧਾ ਦੱਸਿਆ ਹੈ।
ਪਿਛਲੇ ਸਾਲ ਦੇ ਮੁਕਾਬਲੇ ਪਸ਼ੂਆਂ ਦੀ ਖੁਰਾਕ ਦੀ ਕੀਮਤ ਵਿੱਚ ਲਗਭਗ 20 ਫੀਸੀ ਦਾ ਵਾਧਾ ਹੋਇਆ ਹੈ। ਖੇਤੀ ਲਾਗਤ ਅਤੇ ਪਸ਼ੂਆਂ ਦੀ ਖੁਰਾਕ ਵਿੱਚ ਵਾਧੇ ਦੇ ਮੱਦੇਨਜ਼ਰ ਅਮੂਲ ਫੈਡਰੇਸ਼ਨ ਨਾਲ ਸਬੰਧਤ ਦੁੱਧ ਯੂਨੀਅਨਾਂ ਨੇ ਵੀ ਕਿਸਾਨਾਂ ਦੇ ਦੁੱਧ ਦੀ ਖਰੀਦ ਕੀਮਤ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8-9 ਫੀਸਦੀ ਦਾ ਵਾਧਾ ਕੀਤਾ ਹੈ। ਆਪਣੀ ਨੀਤੀ ਤਹਿਤ, ਅਮੂਲ ਗਾਹਕਾਂ ਤੋਂ ਪ੍ਰਾਪਤ ਹੋਣ ਵਾਲੇ ਹਰ ਇੱਕ ਰੁਪਏ ਵਿੱਚੋਂ ਦੁੱਧ ਉਤਪਾਦਕਾਂ ਨੂੰ 80 ਪੈਸੇ ਅਦਾ ਕਰਦਾ ਹੈ। ਕੀਮਤਾਂ ਵਿੱਚ ਸੁਧਾਰ ਦੁੱਧ ਉਤਪਾਦਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਹੋਰ ਦੁੱਧ ਪੈਦਾ ਕਰਨ ਲਈ ਉਤਸ਼ਾਹਿਤ ਕਰੇਗਾ। ਇਸ ਵਾਧੇ ਨਾਲ ਮਾਰਚ ਤੋਂ ਹੁਣ ਤੱਕ ਦੁੱਧ ਦੀਆਂ ਕੀਮਤਾਂ ਵਿੱਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਮਾਰਚ ’ਚ ਵਧੀਆਂ ਸੀ ਕੀਮਤਾਂ
1 ਮਾਰਚ ਨੂੰ ਅਮੂਲ ਅਤੇ ਮਦਰ ਡੇਅਰੀ ਦੋਵਾਂ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਵਰਤਮਾਨ ਵਿੱਚ, ਅਮੂਲ ਗੋਲਡ ਦੁੱਧ 30 ਰੁਪਏ ਪ੍ਰਤੀ 500 ਮਿਲੀਲੀਟਰ, ਅਮੂਲ ਤਾਜ਼ਾ 24 ਰੁਪਏ ਪ੍ਰਤੀ 500 ਮਿਲੀਲੀਟਰ ਅਤੇ ਅਮੂਲ ਸ਼ਕਤੀ 27 ਰੁਪਏ ਪ੍ਰਤੀ 500 ਮਿ.ਲੀ. ’ਤੇ ਉਪਲਬਧ ਹੈ। ਇਸ ਦੇ ਨਾਲ ਹੀ ਕੱਲ੍ਹ ਤੋਂ ਇਹ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਐਮਆਰਪੀ ਵਿੱਚ 4 ਫੀਸਦੀ ਵਾਧੇ ਦੇ ਬਰਾਬਰ ਹੈ।
ਮਦਰ ਡੇਅਰੀ ਵੀ ਬੁੱਧਵਾਰ ਤੋਂ ਫੁੱਲ ਕਰੀਮ ਦੁੱਧ ਦੀ ਕੀਮਤ 59 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 61 ਰੁਪਏ ਪ੍ਰਤੀ ਲੀਟਰ ਕਰੇਗੀ। ਟੋਨਡ ਦੁੱਧ ਦੀ ਕੀਮਤ 51 ਰੁਪਏ ਅਤੇ ਡਬਲ ਟਨ ਦੁੱਧ ਦੀ ਕੀਮਤ 45 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਗਾਂ ਦੇ ਦੁੱਧ ਦੀ ਕੀਮਤ 53 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ