ਜਾਂਚ ਕਮਿਸ਼ਨ ਨੇ ਸੌਂਪੀ ਆਪਣੀ 300 ਪੰਨਿਆਂ ਦੀ ਰਿਪੋਰਟ, 150 ਤੋਂ ਜ਼ਿਆਦਾ ਲਏ ਗਵਾਹ
ਰਿਪੋਰਟ ਵਿੱਚ ਸਿੱਧੂ ਪਰਿਵਾਰ ਨੂੰ ਕਲੀਨ ਚਿੱਟ, ਨਹੀਂ ਠਹਿਰਾਇਆ ਗਿਆ ਕਿਸੇ ਨੂੰ ਦੋਸ਼ੀ
ਚਾਣਚੱਕ ਹੋਇਆ ਹਾਦਸਾ ਦਿੱਤਾ ਗਿਆ ਕਰਾਰ, ਕਈ ਅਣਗਹਿਲੀਆਂ ਦਾ ਕੀਤਾ ਗਿਆ ਜਿਕਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਅੰਮ੍ਰਿਤਸਰ ਰੇਲ ਹਾਦਸੇ ਵਿੱਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਤੇ ਜਾਂਚ ਕਮਿਸ਼ਨ ਦੇ ਮੁਖੀ ਬੀ ਪੁਰੂਸਾਰਥਾ ਨੇ ਅੱਜ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਬੀ. ਪੁਰੂਸਾਰਥਾ ਵੱਲੋਂ ਪੇਸ਼ ਕੀਤੀ ਗਈ 300 ਪੇਜਾਂ ਦੀ ਰਿਪੋਰਟ ਵਿੱਚ 150 ਤੋਂ ਜਿਆਦਾ ਗਵਾਹ ਸ਼ਾਮਲ ਕੀਤੇ ਗਏ ਹਨ ਪਰ ਕਿਸੇ ਨੂੰ ਵੀ ਸਿੱਧੇ ਤੌਰ ‘ਤੇ ਦੋਸ਼ੀ ਕਰਾਰ ਨਹੀਂ ਕੀਤਾ ਗਿਆ ਹੈ। ਇਸ ਨਾਲ ਹੀ ਭਵਿੱਖ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਰੇਲ ਹਾਦਸਾ ਨਾ ਹੋਵੇ, ਇਸ ਸਬੰਧੀ ਕਈ ਨਿਯਮ ਬਣਾਉਣ ਤੇ ਮੌਜੂਦਾ ਕਮੀਆਂ ਨੂੰ ਦੂਰ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਬੀ. ਪੁਰੂਸਾਰਥਾ ਵੱਲੋਂ ਆਪਣੀ ਰਿਪੋਰਟ ਸੌਂਪੀ ਗਈ ਹੈ। ਹੁਣ ਇਸ ਰਿਪੋਰਟ ਨੂੰ ਪੰਜਾਬ ਸਰਕਾਰ ਵੱਲੋਂ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ 19 ਅਕਤੂਬਰ ਨੂੰ ਦੁਸਹਿਰੇ ਵਾਲੀ ਸ਼ਾਮ ਨੂੰ ਰੇਲ ਹਾਦਸਾ ਹੋਇਆ ਸੀ, ਜਿਸ ਵਿੱਚ 60 ਜਣੇ ਮਾਰੇ ਗਏ ਸਨ ਅਤੇ 100 ਤੋਂ ਜ਼ਿਆਦਾ ਜ਼ਖਮੀ ਹੋਏ ਸਨ। ਦੇਸ਼ ਵਿੱਚ ਪਹਿਲੀਵਾਰ ਹੋਏ ਇਸ ਤਰ੍ਹਾਂ ਦੇ ਵੱਡੇ ਰੇਲ ਹਾਦਸੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰੂਸਾਰਥਾ ਨੂੰ ਜਾਂਚ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਲਗਭਗ 1 ਮਹੀਨਾ ਜਾਂਚ ਕਰਨ ਤੋਂ ਬਾਅਦ ਬੀ. ਪੁਰੂਸਾਰਥਾ ਨੇ ਬੁੱਧਵਾਰ ਨੂੰ ਆਪਣੀ ਜਾਂਚ ਰਿਪੋਰਟ ‘ਚ ਪ੍ਰਿੰਸੀਪਲ ਸਕੱਤਰ ਗ੍ਰਹਿ ਵਿਭਾਗ ਨੂੰ ਸੌਂਪ ਦਿੱਤੀ ਹੈ।
ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਵਿੱਚ ਲਗਭਗ 300 ਪੰਨੇ ਹਨ ਤੇ ਇਸ ਵਿੱਚ 150 ਦੇ ਕਰੀਬ ਗਵਾਹ ਸ਼ਾਮਲ ਕੀਤੇ ਗਏ ਹਨ। ਇਸ ਰਿਪੋਰਟ ਵਿੱਚ ਨਵਜੋਤ ਕੌਰ ਦਾ ਬਿਆਨ ਵੀ ਸ਼ਾਮਲ ਕੀਤਾ ਗਿਆ ਹੈ ਤੇ ਰਿਪੋਰਟ ਅਨੁਸਾਰ ਨਵਜੋਤ ਕੌਰ ਦਾ ਕੋਈ ਦੋਸ਼ ਸਾਬਤ ਨਹੀਂ ਹੋਇਆ ਹੈ ਤੇ ਉਨ੍ਹਾਂ ਨੂੰ ਕਲੀਨ ਚਿੱਟ ਲਗਭਗ ਦੇ ਦਿੱਤੀ ਗਈ ਹੈ। ਇਸ ਨਾਲ ਹੀ ਇਸ ਰੇਲ ਹਾਦਸੇ ਨੂੰ ਕੁਦਰਤੀ ਕਰਾਰ ਦਿੱਤਾ ਗਿਆ ਹੈ ਪਰ ਕੁਝ ਕਮੀਆਂ ਵੀ ਦੱਸੀ ਗਈਆਂ ਹਨ, ਜੇਕਰ ਉਹ ਨਾ ਹੁੰਦੀਆਂ ਤਾਂ ਇਹ ਰੇਲ ਹਾਦਸਾ ਵੀ ਟਲ ਸਕਦਾ ਸੀ। ਇਸ ਰਿਪੋਰਟ ‘ਚ ਭਵਿੱਖ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਰੇਲ ਹਾਦਸਾ ਨਾ ਹੋਵੇ, ਇਸ ਸਬੰਧੀ ਕੁਝ ਸਲਾਹਾਂ ਵੀ ਦਿੱਤੀਆਂ ਗਈਆਂ ਹਨ। ਹੁਣ ਇਸ ਰਿਪੋਰਟ ਨੂੰ ਪੰਜਾਬ ਸਰਕਾਰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।