ਦੀਪ ਸਿੱਧੂ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਅੰਮ੍ਰਿਤਪਾਲ, ਵੱਡਾ ਖੁਲਾਸਾ

Amritpal

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੜਕ ਹਾਦਸੇ ‘ਚ ਮਾਰੇ ਗਏ ਅਦਾਕਾਰ ਦੀਪ ਸਿੱਧੂ ਦੇ ਭਰਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਭਗੌੜੇ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ (Amritpal) ਨੂੰ ਸਿੱਧੂ ਦੇ ਭਰਾ ਵੱਲੋਂ ਬਣਾਈ ‘ਵਾਰਿਸ ਪੰਜਾਬ ਦੇ’ ਦਾ ਵਾਰਸ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਇਸੇ ਨਾਂਅ ਨਾਲ ਨਵੀਂ ਜਥੇਬੰਦੀ ਬਣਾਈ। ਇਸ ਦੇ ਨਾਲ ਹੀ ਫਰਵਰੀ 2022 ਵਿੱਚ ਸੜਕ ਹਾਦਸੇ ਵਿੱਚ ਮਾਰੇ ਜਾਣ ਤੋਂ ਪਹਿਲਾਂ ਦੀਪ ਸਿੱਧੂ ਨੇ ਅੰਮ੍ਰਿਤਪਾਲ ਦਾ ਫੋਨ ਨੰਬਰ ਵੀ ਬਲਾਕ ਕਰ ਦਿੱਤਾ ਸੀ।

Amritpal ਅਭਿਆਨ: 353 ਗ੍ਰਿਫਤਾਰ ’ਚੋਂ, 197 ਰਿਹਾਅ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਵਿਰੁੱਧ ਪਿਛਲੇ ਸ਼ਨੀਵਾਰ ਤੋਂ ਪੰਜਾਬ ਪੁਲਿਸ ਚਲਾਈ ਗਈ ਕਾਰਵਾਈ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤੇ ਗਏ 353 ਵਿਅਕਤੀਆਂ ਵਿੱਚੋਂ 197 ਨੂੰ ਐਤਵਾਰ ਸ਼ਾਮ ਤੱਕ ਰਿਹਾਅ ਕਰ ਦਿੱਤਾ ਗਿਆ। ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਅੱਠ ਦਿਨਾਂ ਵਿੱਚ ਉਪਰੋਕਤ 353 ਤੋਂ ਇਲਾਵਾ 40 ਲੋਕ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ ਅਤੇ ਸੱਤ ‘ਤੇ ਰਾਸ਼ਟਰੀ ਸੁਰੱਖਿਆ ਐਕਟ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੇ ਸਮੂਹ ਪੁਲਿਸ ਸੁਪਰਡੈਂਟਾਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਜਾਂਚ ਅਧਿਕਾਰੀ ਅਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਉਪਲੱਬਧ ਸਬੂਤਾਂ ਨੂੰ ਦੇਖ ਕੇ ਆਪਣੀ ਤਸੱਲੀ ਕਰ ਲੈਣ। ਲੋਕਾਂ ਨੂੰ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਬਣਾਈ ਰੱਖਣ ਅਤੇ ਅਫ਼ਵਾਹਾਂ ਜਾਂ ਝੂਠੀਆਂ ਖ਼ਬਰਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕਰਦਿਆਂ ਡਾਇਰੈਕਟਰ ਜਨਰਲ ਨੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪੁਲਿਸ ਨੇ ਅੱਜ ਵੀ ਕਈ ਇਲਾਕਿਆਂ ਵਿੱਚ ਫਲੈਗ ਮਾਰਚ, ਨਾਕਾਬੰਦੀ, ਗਸ਼ਤ ਵਰਗੀਆਂ ਗਤੀਵਿਧੀਆਂ ਜਾਰੀ ਰੱਖੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।