amrinder singh ਨੇ ਟਵੀਟ ਕਰਕੇ ਕੀਤਾ ਸੀ ਐਲਾਨ, 26 ਜਨਵਰੀ ਨੂੰ ਵੰਡੇ ਜਾਣਗੇ ਮੋਬਾਇਲ ਫੋਨ
23 ਦਸੰਬਰ ਨੂੰ ਜਾਰੀ ਕੀਤੇ ਗਿਆ ਸੀ ਨੋਟੀਫਿਕੇਸ਼ਨ, ਮੋਬਾਇਲ ਦੀ ਖ਼ਾਸੀਅਤ ਤੱਕ ਕੀਤੀ ਗਈ ਸੀ ਤੈਅ
ਚੰਡੀਗੜ (ਅਸ਼ਵਨੀ ਚਾਵਲਾ) ਕਾਂਗਰਸ ਸਰਕਾਰ ਵਲੋਂ ਨੌਜਵਾਨਾ ਨੂੰ ਮੁਫ਼ਤ ਵਿੱਚ ਦਿੱਤੇ ਜਾਣ ਵਾਲਾ ਮੋਬਾਇਲ ਪਿਛਲੇ ਤਿੰਨ ਸਾਲ ਤੋਂ ਹੀ ‘ਰੇਂਜ’ ਹੀ ਨਹੀਂ ਫੜ ਰਿਹਾ ਹੈ। ਜਿਸ ਕਾਰਨ ਨੌਜਵਾਨਾ ਦੀ ਪਹੁੰਚ ਤੋਂ ਹਰ ਵਾਰ ‘ਆਉਟ ਆਫ਼ ਰੇਂਜ’ ਹੋ ਰਿਹਾ ਹੈ। ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੋਬਾਇਲ ਫੋਨ ਇਸ ਸਾਲ 26 ਜਨਵਰੀ ਨੂੰ ਹਰ ਹਾਲਤ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਇੱਕ ਵਾਰ ਫਿਰ ਪੰਜਾਬ ਸਰਕਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਇਸ ਐਲਾਨ ਤੋਂ ਵੀ ਮੁੱਕਰਦੀ ਨਜ਼ਰ ਆ ਰਹੀਂ ਹੈ। ਜਿਸ ਕਾਰਨ ਬੜੀ ਮੁਸ਼ਕਿਲ ਨਾਲ ‘ਰੇਂਜ’ ਵਿੱਚ ਆਇਆ ਕਾਂਗਰਸ ਸਰਕਾਰ ਦਾ ਮੋਬਾਇਲ ਇੱਕ ਫਿਰ ਤੋਂ ਨੌਜਵਾਨਾ ਤੋਂ ‘ਆਉਟ ਆਫ਼ ਰੇਂਜ’ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਪੰਜਾਬ ਦੇ ਸਾਰੇ ਨੌਜਵਾਨਾ ਨੂੰ ਮੁਫ਼ਤ ਵਿੱਚ ਮੋਬਾਇਲ ਫੋਨ ਦੇਣਗੇ, ਇਸ ਐਲਾਨ ਦੇ ਨਾਲ ਹੀ ਪਾਰਟੀ ਵਲੋਂ ਪੰਜਾਬ ਦੇ ਸਾਰੇ ਨੌਜਵਾਨਾ ਤੋਂ ਫਾਰਮ ਵੀ ਭਰਵਾਏ ਗਏ ਸਨ ਅਤੇ ਰਸੀਦ ਨੂੰ ਸਾਂਭ ਕੇ ਰੱਖਣ ਲਈ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਸੀ।
- ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਾਅਦੇ ਅਨੁਸਾਰ ਨੌਜਵਾਨਾ ਵਲੋਂ ਮੋਬਾਇਲ ਫੋਨ ਅਪਲਾਈ ਕਰਦੇ ਹੋਏ ਰਸੀਦ ਤੱਕ ਪਿਛਲੇ ਤਿੰਨ ਸਾਲਾਂ ਤੋਂ ਸੰਭਾਲੀ ਹੋਈ ਹੈ
- ਪਰ ਪੰਜਾਬ ਦੇ ਨੌਜਵਾਨਾਂ ਦੀ ‘ਰੇਂਜ’ ਵਿੱਚ ਕਾਂਗਰਸ ਦਾ ਇਹ ਮੁਫ਼ਤ ਮੋਬਾਇਲ ਆ ਹੀ ਨਹੀਂ ਰਿਹਾ ਹੈ।
- ਪਿਛਲੇ ਮਹੀਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਐਲਾਨ ਵਿੱਚ ਫੇਰ ਬਦਲ ਕਰਦਿਆਂ ਐਲਾਨ ਕੀਤਾ ਕਿ ਉਹ ਇਸ ਵਿੱਤੀ ਸਾਲ 2019-20 ਦੌਰਾਨ ਸਿਰਫ਼ ਸਰਕਾਰੀ ਸਕੂਲਾਂ ਵਿੱਚ 11ਵੀ ਅਤੇ 12ਵੀ ਜਮਾਤ ਦੀ ਪੜ੍ਹਾਈ ਕਰ ਰਹੀਆਂ ਲੜਕੀਆਂ ਨੂੰ ਹੀ ਦਿੱਤੇ ਜਾਣਗੇ।
ਇਸ ਨਾਲ ਹੀ ਕਾਂਗਰਸ ਸਰਕਾਰ ਵਲੋਂ 23 ਦਸੰਬਰ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ।
ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ 2 ਦਸੰਬਰ ਨੂੰ ਟਵੀਟ ਕਰਕੇ ਲਾਵਾ ਕੰਪਨੀ ਦਾ ਫੋਨ ਦਿਖਾਇਆ ਗਿਆ ਸੀ, ਜਿਥੇ ਜਾਣਕਾਰੀ ਦਿੱਤੀ ਗਈ ਸੀ ਕਿ 26 ਜਨਵਰੀ ਵਾਲੇ ਦਿਨ 1 ਲੱਖ 60 ਹਜ਼ਾਰ ਮੋਬਾਇਲ ਫੋਨ ਵੰਡੇ ਜਾਣਗੇ। ਇਸ ਟਵੀਟ ਤੋਂ ਬਾਅਦ ਸਰਕਾਰ ਵਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਪਰ ਹੁਣ ਸਰਕਾਰ ਇਸ ਐਲਾਨ ਤੋਂ ਵੀ ਮੁੱਕਰਦੀ ਨਜ਼ਰ ਆ ਰਹੀਂ ਹੈ। ਜਿਸ ਕਾਰਨ ਇੱਕ ਵਾਰ ਫਿਰ ਤੋਂ ਐਲਾਨ ਅਨੁਸਾਰ 26 ਜਨਵਰੀ ਨੂੰ ਸਰਕਾਰ ਵਲੋਂ ਮੋਬਾਇਲ ਫੋਨ ਨਹੀਂ ਵੰਡੇ ਜਾਣਗੇ।
ਤਰੀਕ ਨਹੀਂ ਦੱਸੀ ਜਾ ਸਕਦੀ ਐ, ਲੱਗ ਸਕਦਾ ਐ ਹੋਰ ਸਮਾਂ : ਮਨਪ੍ਰੀਤ ਬਾਦਲ
ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੋਬਾਇਲ ਫੋਨ ਲੈਣ ਲਈ ਮੋਬਾਇਲ ਫੋਨ ਦੀ ਕਿਸਮ ਦੇਖੀ ਜਾ ਰਹੀਂ ਹੈ ਅਤੇ ਤਿੰਨ ਕੰਪਨੀਆਂ ਵਲੋਂ ਟੈਂਡਰ ਭਰਿਆ ਗਿਆ ਸੀ। ਇਸ ਟੈਂਡਰਾਂ ਅਨੁਸਾਰ ਕੰਪਨੀ ਅਤੇ ਮੋਬਾਇਲ ਦੀ ਚੋਣ ਕੀਤੀ ਜਾਏਗੀ। ਜਿਸ ਤੋਂ ਬਾਅਦ ਹੀ ਖਰੀਦ ਮੁਕੰਮਲ ਹੋ ਸਕੇਗੀ। ਉਨਾਂ ਕਿਹਾ ਕਿ ਮੋਬਾਇਲ ਫੋਨ ਕਦੋਂ ਮਿਲ ਜਾਣਗੇ ਇਸ ਦੀ ਉਹ ਕੋਈ ਵੀ ਤਰੀਕ ਨਹੀਂ ਦੱਸ ਸਕਦੇ ਹਨ, ਕਿਉਂਕਿ ਅਜੇ ਮੋਬਾਇਲ ਖਰੀਦ ਕਰਨ ਲਈ ਟੈਂਡਰ ਲਈ ਸਮਾਂ ਲਗ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














