ਮੁੰਬਈ ਹਮਲੇ ਦੀ 10ਵੀਂ ਬਰਸੀ ‘ਤੇ ਟਰੰਪ ਪ੍ਰਸ਼ਾਸਨ ਵੱਲੋਂ ਇਨਾਮ ਦੇਣ ਦਾ ਐਲਾਨ
ਵਾਸ਼ਿੰਗਟਨ ਮੁੰਬਈ ਅੱਤਵਾਦੀ ਹਮਲੇ ਨਾਲ ਜੁੜੇ ਲੋਕਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਅਮਰੀਕਾ 35.5 ਕਰੋੜ ਰੁਪਏ (50 ਲੱਖ ਡਾਲਰ) ਤੱਕ ਦਾ ਇਨਾਮ ਦੇਵੇਗਾ। ਮੁੰਬਈ ਹਮਲੇ ਦੀ 10ਵੀਂ ਬਰਸੀ ‘ਤੇ ਟਰੰਪ ਪ੍ਰਸ਼ਾਸਨ ਵੱਲੋਂ ਇਸ ਵੱਡੀ ਰਕਮ ਦਾ ਐਲਾਨ ਕੀਤਾ ਗਿਆ। 26 ਨਵੰਬਰ 2008 ਨੂੰ ਮੁੰਬਈ ‘ਚ ਵੜ ਆਏ ਲਸ਼ਕਰ ਦੇ 10 ਅੱਤਵਾਦੀਆਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ। ਇਸ ਹਮਲੇ ‘ਚ 166 ਲੋਕ ਮਾਰੇ ਗਏ ਸਨ ਜਿਨ੍ਹਾਂ ‘ਚ 6 ਅਮਰੀਕੀ ਵੀ ਸ਼ਾਮਲ ਸਨ। ਅਮਰੀਕੀ ਵਿਦੇਸ਼ ਮੰਤਰੀ ਮਾਈਕਲ ਆਰ ਪੋਂਪੀਓ ਨੇ ਇਸ ਦਾ ਐਲਾਨ ਕੀਤਾ। ਇਸ ਦੇ ਮੁਤਾਬਕ ਜੋ ਵੀ ਵਿਅਕਤੀ ਹਮਲੇ ਦੀ ਯੋਜਨਾ ਬਣਾਉਣ ਵਾਲੇ ਜਾਂ ਇਸ ‘ਚ ਮਦਦ ਕਰਨ ਵਾਲੇ ਦੀ ਜਾਣਕਾਰੀ ਦੇਵੇਗਾ ਉਸ ਨੂੰ ਇਨਾਮ ਮਿਲੇਗਾ।
ਪੋਂਪੀਓਂ ਨੇ ਕਿਹਾ, ਅਮਰੀਕੀ ਸਰਕਾਰ ਤੇ ਸਾਰੇ ਨਾਗਰਿਕਾਂ ਵੱਲੋਂ ਮੈਂ ਭਾਰਤ ਅਤੇ ਮੁੰਬਈ ਸ਼ਹਿਰ ਦੇ ਪ੍ਰਤੀ ਹਮਦਰਦੀ ਜਤਾ ਰਿਹਾ ਹਾਂ। ਅੱਤਵਾਦੀ ਹਮਲੇ ‘ਚ ਆਪਣਿਆਂ ਨੂੰ ਖੋਣ ਵਾਲੇ ਪਰਿਵਾਰਾਂ ਅਤੇ ਉਨ੍ਹਾਂ ਦੇ ਦੋਸਤਾਂ ਦੇ ਨਾਲ ਅਸੀਂ ਖੜ੍ਹੇ ਹਾਂ। ਇਸ ‘ਚ ਛੇ ਅਮਰੀਕੀ ਨਾਗਰਿਕਾਂ ਦੀ ਵੀ ਜਾਨ ਗਈ ਸੀ। 26/11 ਹਮਲੇ ਦੇ ਅੱਤਵਾਦੀ ਹਮਲੇ ਨੇ ਪੂਰੀ ਦੁਨੀਆ ਨੂੰ ਦਹਿਲਾ ਦਿੱਤਾ ਸੀ। ਪੋਪੀਂਓਂ ਨੇ ਕਿਹਾ ਕਿ ਪਾਕਿਸਤਾਨ ਨੂੰ ਕਿਹਾ ਜਾਵੇਗਾ ਕਿ ਉਹ ਅਣ-ਮਨੁੱਖੀ ਹਮਲੇ ਲਈ ਜ਼ਿੰਮੇਵਾਰ ਲਸ਼ਕਰ ਏ ਤਾਇਬਾ ਤੇ ਦੂਜੇ ਅੱਤਵਾਦੀ ਟਿਕਾਣਿਆਂ ‘ਤੇ ਪਾਬੰਦੀ ਲਾਵੇ। ਪੀੜਤ ਪਰਿਵਾਰਾਂ ਲਈ ਇਹ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਹਮਲੇ ਦੀ ਯੋਜਨਾ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਦਸ ਸਾਲ ਬਾਅਦ ਵੀ ਕਾਰਵਾਈ ਨਹੀਂ ਹੋ ਸਕੀ। 26 ਅਕਤੂਬਰ 2008 ਨੂੰ ਦਸ ਅੱਤਵਾਦੀ ਕਰਾਚੀ ਤੋਂ ਸਮੁੰਦਰ ਦੇ ਰਸਤੇ ਮੁੰਬਈ ਪੁੱਜੇ ਸਨ। ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਟਰਮੀਲਸ, ਤਾਜ ਹੋਟਲ, ਟਰਾਈਡੈਂਟ ਹੋਟਲ ਅਤੇ ਯਹੂਦੀ ਕੇਂਦਰ ‘ਤੇ ਹਮਲਾ ਕੀਤਾ ਸੀ। ਇਸ ‘ਚ 166 ਲੋਕ ਮਾਰੇ ਗਏ ਸਨ। ਇਨ੍ਹਾਂ ‘ਚ 28 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਕਰੀਬ 60 ਘੰਟੇ ਮੁਕਾਬਲਾ ਚੱਲਿਆ ਸੀ।
ਇੱਕ ਅੱਤਵਾਦੀ ਕਸਾਬ ਨੂੰ ਜ਼ਿੰਦਾ ਫੜ੍ਹਿਆ ਗਿਆ ਸੀ। ਨੇਵੀ ਚੀਫ਼ ਐਡਮਿਰਲ ਸੁਨੀਲ ਲਾਂਬਾ ਨੇ ਐਤਵਾਰ ਨੂੰ ਕਿਹਾ ਕਿ 26/11 ਹਮਲੇ ਨਾਲ ਹੁਣ ਤੱਕ ਅਸੀਂ ਕਾਫੀ ਲੰਮਾ ਰਸਤਾ ਤੈਅ ਕਰ ਚੁੱਕੇ ਹਾਂ। ਦਸ ਸਾਲ ‘ਚ ਭਾਰਤ ਨੇ ਕਈ ਪੱਧਰਾਂ ਵਾਲਾ ਨਿਗਰਾਨੀ ਤੇ ਸੁਰੱਖਿਆ ਤੰਤਰ ਤਿਆਰ ਕਰ ਲਿਆ ਹੈ। ਸੁਰੱਖਿਆ ਤੇ ਨਿਗਰਾਨੀ ਤੰਤਰ ਕਾਰਨ ਸਾਡੀ ਸਮੁੰਦਰੀ ਸਰਹੱਦਾਂ ਕਰੀਬ ਕਰੀਬ ਕਾਫੀ ਮਜ਼ਬੂਤ ਹੋਈਆਂ ਹਨ। ਇਸ ਤਰ੍ਹਾਂ ਦੇ ਹਮਲਿਆਂ ਨਾਲ ਨਿਪਟਣ ਲਈ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਤਿਆਰ ਅਤੇ ਸੰਗਠਤ ਹਨ। ਅਪਰੈਲ 2012 ‘ਚ ਵਿਦੇਸ਼ ਮੰਤਰਾਲੇ ਨੇ ਲਸ਼ਕਰ ਏ ਤਾਇਬਾ ਦੇ ਮੁਖੀ ਹਾਫਿਜ਼ ਸਈਦ ਤੇ ਲਸ਼ਕਰ ਦੇ ਇੱਕ ਹੋਰ ਨੇਤਾ ਹਾਫਿਜ਼ ਅਬਦੁਲ ਰਹਿਮਾਨ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਲਈ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਸੀ।