ਅਮਰਿੰਦਰ ਦਾ ਐਲਾਨ ਰਿਹਾ ਕਾਇਮ, ਕਮਿਸ਼ਨ ਨੇ ਵੀ ਬਚਾਈ ਆਪਣੀ ਲਾਜ

ਅਮਰਿੰਦਰ ਸਿੰਘ ਨੇ ਕੀਤਾ ਸੀ 24 ਨੂੰ ਚੋਣ ਅਤੇ ਨਤੀਜੇ 26 ਨੂੰ ਦੇਣ ਦਾ ਐਲਾਨ

  • ਕਈ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਵੀ ਹੋਵੇਗੀ ਉਪ ਚੋਣ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬੀਤੇ ਕੁਝ ਦਿਨਾਂ ਪਹਿਲਾਂ ਲੁਧਿਆਣਾ ਨਗਰ ਨਿਗਮ ਚੋਣ ਦੀਆਂ ਤਰੀਕਾ ਦਾ ਐਲਾਨ ਕਾਫ਼ੀ ਜ਼ਿਆਦਾ ਵਿਵਾਦ ਤੋਂ ਬਾਅਦ ਵੀ ਕਾਇਮ ਰਹਿ ਗਿਆ ਹੈ ਤਾਂ ਸੂਬਾ ਚੋਣ ਕਮਿਸ਼ਨ ਨੇ ਵੀ ਨਤੀਜੇ ਵਾਲੇ ਦਿਨ ਨੂੰ ਬਦਲਦੇ ਹੋਏ ਆਪਣੀ ਲਾਜ ਬਚਾ ਲਈ ਹੈ। ਇਸ ਨਾਲ ਵਿਰੋਧੀ ਪਾਰਟੀਆਂ ਵੱਲੋਂ ਸੂਬਾ ਚੋਣ ਕਮਿਸ਼ਨ ‘ਤੇ ਕੀਤੇ ਜਾਣ ਵਾਲੇ ਹਮਲਿਆਂ ਦਾ ਬਚਾਅ ਹੋ ਜਾਵੇਗਾ। ਸੂਬਾ ਚੋਣ ਕਸ਼ਿਮਨ ਵੱਲੋਂ ਲੁਧਿਆਣਾ ਨਗਰ ਨਿਗਮ ਦੀ ਚੋਣ 24 ਫਰਵਰੀ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ ਤਾਂ ਨਤੀਜੇ 3 ਦਿਨਾਂ ਬਾਅਦ 27 ਨੂੰ ਐਲਾਨੇ ਜਾਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਚੋਣ 24 ਫਰਵਰੀ ਨੂੰ ਕਰਵਾਉਣ ਸਬੰਧੀ ਬਿਆਨ ਦਿੱਤਾ ਸੀ, ਜਦੋਂ ਕਿ ਨਤੀਜੇ 26 ਨੂੰ ਐਲਾਨ ਹੋਣ ਦਾ ਦਾਅਵਾ ਕੀਤਾ ਸੀ। ਸੂਬਾ ਚੋਣ ਕਮਿਸ਼ਨ 26 ਦੀ ਥਾਂ ‘ਤੇ 27 ਨੂੰ ਚੋਣ ਨਤੀਜੇ ਐਲਾਨ ਕਰੇਗਾ।

ਇਹ ਵੀ ਪੜ੍ਹੋ : ‘7 ਕਰੋੜ ਨਹੀਂ ਲੁਟੇਰਿਆਂ ਨੇ 8.49 ਕਰੋੜ ਰੁਪਏ ਲੁੱਟੇ ਹਨ ਸੀਐਮਐਸ ਕੰਪਨੀ ਦੇ ਦਫ਼ਤਰ ’ਚੋਂ’

ਸੂਬਾ ਚੋਣ ਕਮਿਸ਼ਨ ਵੱਲੋਂ ਐਲਾਨ ਕੀਤੇ ਗਏ ਪ੍ਰੋਗਰਾਮ ਅਨੁਸਾਰ ਲੁਧਿਆਣਾ ਨਗਰ ਨਿਗਮ ਦੀਆਂ ਆਮ ਚੋਣਾਂ, ਨਗਰ ਨਿਗਮ ਮੋਗਾ ਦੇ ਇਕ ਵਾਰਡ ਤੇ ਵੱਖ-ਵੱਖ ਮਿਊਂਸਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ 26 ਵਾਰਡਾਂ ਦੀ ਉਪ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ 8 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ ਤੇ 13 ਫਰਵਰੀ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। ਇਥੇ ਹੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਫਰਵਰੀ ਨੂੰ ਹੋਵੇਗੀ ਤੇ 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਤੇ ਇਸੇ ਦਿਨ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਇਸ ਪ੍ਰਕਿਰਿਆ ਤੋਂ ਬਾਅਦ 24 ਫਰਵਰੀ ਨੂੰ ਵੋਟਾਂ ਪੈਣਗੀਆਂ।

ਨਗਰ ਨਿਗਮ ਲੁਧਿਆਣਾ ਦੀਆਂ ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਸ਼ੁਰੂ ਹੋਵੇਗੀ ਤੇ ਬਾਕੀ ਉਪ ਚੋਣਾਂ ਦੀ ਗਿਣਤੀ ਮਿਤੀ 24 ਫਰਵਰੀ ਨੂੰ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਨਗਰ ਨਿਗਮ, ਲੁਧਿਆਣਾ ਵਿਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਿਨਾਂ ਵਿਚੋਂ ਲੱਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।

ਰਾਜ ਚੋਣ ਕਮਿਸ਼ਨ ਵੱਲੋਂ ਸਥਾਨਕ ਸਰਕਾਰ, ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੰਭਾਵਿਤ ਉਮੀਦਵਾਰਾਂ ਨੂੰ ਇਤਰਾਜਹੀਣਤਾ ਸਰਟੀਫਿਕੇਟ (ਨੋ ਆਬਜੈਕਸ਼ਨ ਸਰਟੀਫਿਕੇਟ) ਸਮੇਂ ਸਿਰ ਜਾਰੀ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਨਾਮਜ਼ਦਗੀ  ਪੱਤਰ ਭਰਨ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ  ਸਬੰਧਤ ਨਗਰ ਨਿਗਮ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਧੀਨ ਆਉਂਦੇ ਖੇਤਰ ਵਿਚ ਚੋਣ ਜ਼ਾਬਤਾ ਤੁਰੰਤ ਤੋਂ ਲਾਗੂ ਹੋ ਗਿਆ ਹੈ ਜੋ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।

LEAVE A REPLY

Please enter your comment!
Please enter your name here