25 ਵਿੱਚੋਂ ਸਿਰਫ਼ 4 ਨੇ ਹੀ ਦਿੱਤਾ ਸੀ ਅਸਤੀਫ਼ਾ ਤਾਂ ਬਾਕੀਆਂ ਨੂੰ ਹਟਾਉਣ ਦੇ ਜਾਰੀ ਹੋਏ ਆਦੇਸ਼
ਅਸਤੀਫ਼ਾ ਨਹੀਂ ਮਿਲਣ ਦੇ ਚਲਦੇ ਸਾਰੀਆਂ ਨੂੰ ਦਿਖਾਇਆ ਗਿਆ ਮੁੱਖ ਮੰਤਰੀ ਦਫ਼ਤਰ ਤੋਂ ਬਾਹਰ ਦਾ ਰਸਤਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਅਮਰਿੰਦਰ ਸਿੰਘ ਦੇ 25 ਸਲਾਹਕਾਰਾਂ ਦੀ ਫੌਜ ਨੂੰ ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਹਟਾ ਦਿੱਤਾ ਹੈ। ਅਮਰਿੰਦਰ ਸਿੰਘ ਦੇ ਇਨ੍ਹਾਂ ਸਲਾਹਕਾਰਾਂ ਦੀ ਫੌਜ ਵਲੋਂ ਆਪਣਾ ਅਸਤੀਫ਼ਾ ਹੀ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਸਰਕਾਰ ਨੂੰ ਖ਼ੁਦ ਫੈਸਲਾ ਲੈਂਦੇ ਹੋਏ ਹਟਾਉਣ ਦੇ ਆਦੇਸ਼ ਜਾਰੀ ਕਰਨੇ ਪਏ ਹਨ। ਅਮਰਿੰਦਰ ਸਿੰਘ ਦੇ ਇਨ੍ਹਾਂ 24 ਸਲਾਹਕਾਰਾਂ ਦੀ ਫੌਜ ਵਿੱਚ ਸਿਰਫ਼ 4 ਨੇ ਹੀ ਆਪਣਾ ਅਸਤੀਫ਼ਾ ਭੇਜਿਆ ਸੀ, ਇਨ੍ਹਾਂ 4 ਸਲਾਹਕਾਰਾਂ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਦੇ ਹੋਏ ਬਾਕੀ 21 ਸਲਾਹਕਾਰਾਂ ਨੂੰ ਹਟਾਇਆ ਹੀ ਗਿਆ ਹੈ।
ਅਮਰਿੰਦਰ ਸਿੰਘ ਦੇ ਇਨ੍ਹਾਂ ਸਲਾਹਕਾਰਾਂ ਦੀ ਫੌਜ ਵਿੱਚ 5 ਵਿਧਾਇਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਆਪਣੇ ਨਾਲ ਪਿਛਲੇ ਸਾਢੇ 4 ਸਾਲ ਤੋਂ ਸਲਾਹਕਾਰਾਂ ਅਤੇ ਓ.ਐਸ.ਡੀ. ਦੀ ਵੱਡੀ ਫੌਜ ਲਗਾਈ ਹੋਈ ਸੀ। ਜਿਨ੍ਹਾਂ ਵਿੱਚੋਂ ਕਈਆਂ ਕੋਲ ਕੈਬਨਿਟ ਰੈਂਕ ਸੀ ਤਾਂ ਕਈਆਂ ਨੂੰ ਮੁੱਖ ਸੰਸਦੀ ਸਕੱਤਰ ਰੈਂਕ ਦਿੰਦੇ ਹੋਏ ਤੈਨਾਤ ਕੀਤਾ ਹੋਇਆ ਸੀ, ਇਨ੍ਹਾਂ ਨੂੰ ਹਰ ਮਹੀਨੇ ਲੱਖਾਂ ਰੁਪਏ ਦੀ ਤਨਖ਼ਾਹ ਦੇ ਨਾਲ ਹੀ ਸਰਕਾਰ ਵਲੋਂ ਵੱਡੇ ਪੱਧਰ ’ਤੇ ਸਹੂਲਤਾਂ ਵੀ ਦਿੱਤੀ ਹੋਈਆ ਸਨ।
ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਇਨ੍ਹਾਂ ਸਲਾਹਕਾਰਾਂ ਅਤੇ ਓ.ਐਸ.ਡੀ. ਦੀ ਫੌਜ ਨੂੰ ਇਸ਼ਾਰਾ ਕਰ ਦਿੱਤਾ ਗਿਆ ਸੀ ਕਿ ਉਹ ਆਪਣਾ ਅਸਤੀਫ਼ਾ ਦੇ ਦੇਣ ਪਰ ਇਨ੍ਹਾਂ ਵਿੱਚੋਂ ਸਿਰਫ਼ 4 ਸਲਾਹਕਾਰਾਂ ਨੇ ਹੀ ਆਪਣਾ ਅਸਤੀਫ਼ਾ ਭੇਜਿਆ ਸੀ। ਜਿਸ ਕਰਕੇ 4 ਸਲਾਹਕਾਰਾਂ ਦਾ ਅਸਤੀਫ਼ਾ ਮਨਜ਼ੂਰ ਕਰਦੇ ਹੋਏ ਬਾਕੀ ਸਲਾਹਕਾਰਾਂ ਅਤੇ ਓ.ਐਸ.ਡੀ. ਦੀ ਫੌਜ ਨੂੰ ਛੁੱਟੀ ਕਰਦੇ ਹੋਏ ਘਰ ਨੂੰ ਤੌਰ ਦਿੱਤਾ ਗਿਆ ਹੈ। ਇਸ ਸਬੰਧੀ ਆਮ ਅਤੇ ਰਾਜ ਪ੍ਰਬੰਧਕ ਵਿਭਾਗ ਵਲੋਂ ਆਦੇਸ਼ ਵੀ ਜਾਰੀ ਕਰ ਦਿੱਤਾ ਗਏ ਹਨ। ਇਨ੍ਹਾਂ ਸਾਰੀਆਂ ਨੂੰ ਹੁਣ ਤੋਂ ਬਾਅਦ ਕੋਈ ਵੀ ਤਨਖ਼ਾਹ ਜਾਂ ਫਿਰ ਸਰਕਾਰ ਸਹੂਲਤ ਨਹੀਂ ਮਿਲੇਗੀ। ਜਿਹੜੀ ਸਰਕਾਰੀ ਸਹੂਲਤ ਇਨ੍ਹਾਂ ਨੂੰ ਦਿੱਤੀ ਹੋਈ ਸੀ, ਉਹ ਤੁਰੰਤ ਵਾਪਸ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸਰਕਾਰੀ ਗੱਡੀਆਂ ਵਾਪਸ ਕਰਨ ਅਤੇ ਕੋਠੀ ਖ਼ਾਲੀ ਕਰਨ ਦੇ ਆਦੇਸ਼ ਵੀ ਜਾਰੀ
ਮੁੱਖ ਮੰਤਰੀ ਦੇ ਸਲਾਹਕਾਰਾਂ ਅਤੇ ਓ.ਐਸ.ਡੀ. ਨੂੰ ਸਰਕਾਰੀ ਲਗਜ਼ਰੀ ਗੱਡੀਆਂ ਦੇ ਕਾਫ਼ਲੇ ਸਣੇ ਸ਼ਾਹੀ ਕੋਠੀਆਂ ਵੀ ਅਲਾਟ ਕੀਤੀ ਹੋਈਆ ਸਨ। ਇਨ੍ਹਾਂ ਸਲਾਹਕਾਰਾਂ ਅਤੇ ਓ.ਐਸ.ਡੀ. ਨੂੰ ਹਟਾਉਣ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ ਤੁਰੰਤ ਗੱਡੀਆਂ ਵਾਪਸ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਇਨ੍ਹਾਂ ਨੂੰ ਦਿੱਤੀ ਹੋਈ ਸੁਰੱਖਿਆ ਵੀ ਵਾਪਸ ਸੱਦ ਲਈ ਗਈ ਹੈ। ਇਥੇ ਹੀ ਇਨ੍ਹਾਂ ਨੂੰ ਮਿਲੀ ਹੋਈ ਸਰਕਾਰੀ ਕੋਠੀਆਂ ਵੀ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਇਨ੍ਹਾਂ ਨੂੰ ਕੋਠੀਆਂ ਖਾਲੀ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














