ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਆਪਣੀ ਹੀ ਸਰਕਾਰ ‘ਤੇ ਰੱਜ ਕੇ ਵਰੇ ਰਾਜ ਸਭਾ ਮੈਂਬਰ
ਟਰਾਂਸਪੋਰਟ, ਕੇਬਲ ਮਾਫੀਆ, ਰੇਤ-ਬਜਰੀ ਮਾਫੀਆ, ਬਿਜਲੀ ਅਤੇ ਹੋਰ ਕਈ ਮਾਮਲੇ ‘ਚ ਘੇਰੀ ਸਰਕਾਰ
ਏ.ਜੀ. ਅਤੁਲ ਨੰਦਾ ਨੂੰ ਅੱਜ ਵੀ ਨਹੀਂ ਸਮਝਦੇ ਲਾਇਕ, ਤੁਰੰਤ ਹੋਵੇ ਬਰਖ਼ਾਸਤ : ਬਾਜਵਾ
ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਨੂੰ ਘੇਰਨ ਲਈ ਸੱਦੀ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder singh) ਖ਼ੁਦ ਹੀ ਆਪਣੇ ਸੰਸਦ ਮੈਂਬਰਾਂ ਵਿੱਚ ਘਿਰਦੇ ਨਜ਼ਰ ਆਏ। ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਵੱਲੋਂ ਰੱਜ ਕੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਹਮਲੇ ਕਰਦੇ ਹੋਏ ਭ੍ਰਿਸ਼ਟਾਚਾਰ ਤੱਕ ਦੇ ਦੋਸ਼ ਲਾ ਦਿੱਤੇ ਗਏ ਪਰ ਇਨਾਂ ਸਾਰੇ ਮਾਮਲੇ ਵਿੱਚ ਅਮਰਿੰਦਰ ਸਿੰਘ ਕੋਈ ਵੀ ਜੁਆਬ ਨਹੀਂ ਦਿੱਤਾ ਅਤੇ ਉਨਾਂ ਦੀਆਂ ਸ਼ਿਕਾਇਤਾਂ ਨੂੰ ਹੀ ਨੋਟ ਕੀਤਾ ਗਿਆ।
ਜਿਸ ਕਾਰਨ ਮੀਟਿੰਗ ਵਿੱਚ ਜਿਆਦਾ ਤਲਖ਼ ਬਾਜੀ ਹੋਣ ਦੇ ਆਸਾਰ ਵੀ ਘਟ ਗਏ ਸਨ। ਜ਼ਿਆਦਾਤਰ ਅਧਿਕਾਰੀ ਵੀ ਮੌਕੇ ‘ਤੇ ਹੀ ਬੈਠੇ ਸਨ ਪਰ ਇਹ ਅਧਿਕਾਰੀ ਵੀ ਸਾਰਾ ਕੁਝ ਚੁੱਪਚਾਪ ਸੁਣਦੇ ਹੀ ਰਹੇ ਪ੍ਰਤਾਪ ਬਾਜਵਾ ਨੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਸਭ ਤੋਂ ਜਿਆਦਾ ਮਾੜਾ ਹਾਲ ਟਰਾਂਸਪੋਰਟ ਦਾ ਹੋਇਆ ਪਿਆ ਹੈ।
ਪੰਜਾਬ ਸਰਕਾਰ ਦੀ ਸਰਕਾਰੀ ਬੱਸਾ ਤਾਂ ਘਾਟੇ ਦਾ ਸ਼ਿਕਾਰ ਹੋ ਰਹੀਆਂ ਹਨ, ਜਦੋਂ ਕਿ ਬਾਦਲ ਪਰਿਵਾਰ ਨਾਲ ਸਬੰਧਿਤ ਟਰਾਂਸਪੋਰਟ ਧੱਕੇ ਨਾਲ ਹੀ ਹਰ ਮਹੀਨੇ ਕਰੋੜਾ ਰੁਪਏ ਦੀ ਕਮਾਈ ਕਰ ਰਹੀਆਂ ਹਨ। ਇਸ ਟਰਾਂਸਪੋਰਟ ਮਾਫਿਆ ਨੂੰ ਤੋੜਨ ਲਈ ਸਰਕਾਰ ਕਿਉਂ ਕੰਮ ਨਹੀਂ ਕਰ ਰਹੀਂ ਹੈ।
ਸ. ਬਾਜਵਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਰੇਤ ਬਜਰੀ ਦਾ ਮੁੱਦਾ ਵੀ ਉਨਾਂ ਵਲੋਂ ਹੀ ਚੁੱਕਿਆ ਗਿਆ ਕਿ ਪਿਛਲੇ 3 ਸਾਲਾਂ ਦੌਰਾਨ ਪੰਜਾਬ ਸਰਕਾਰ ਰੇਤ ਬਜਰੀ ਮਾਫੀਆ ਨੂੰ ਖ਼ਤਮ ਕਰਨ ਵਿੱਚ ਪੂਰੀ ਤਰਾਂ ਨਾਕਾਮ ਸਾਬਤ ਹੋਈ ਹੈ ਅਤੇ ਰੇਤ ਬਜਰੀ ਮਾਫਿਆ ਸਰੇਆਮ ਗੁੰਡਾਗਰਦੀ ਕਰਦੇ ਹੋਏ ਸਰਕਾਰ ਨੂੰ ਹਰ ਰੋਜ਼ ਕਰੋੜਾ ਰੁਪਏ ਦਾ ਚੂਨਾ ਲਗਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਵੀਂ ਮਾਈਇੰਨ ਨੀਤੀ ‘ਤੇ ਸਟੇਅ ਹੋ ਜਾਂਦੀ ਹੈ ਪਰ ਸਰਕਾਰ ਉਸ ਸਟੇਅ ਆਰਡਰ ਨੂੰ ਹੀ ਕਈ ਮਹੀਨੇ ਤੱਕ ਤੁੜਵਾਉਣ ਵਿੱਚ ਨਾਕਾਮਯਾਬ ਸਾਬਤ ਹੋਈ ਹੈ। ਕੇਬਲ ਮਾਫੀਆ ਦੇ ਮਾਮਲੇ ਵਿੱਚ ਵੀ ਸਰਕਾਰ ਨੇ ਹੁਣ ਤੱਕ ਕੁਝ ਵੀ ਨਹੀਂ ਕੀਤਾ ਹੈ।
ਉਨਾਂ ਅੱਗੇ ਮੀਟਿੰਗ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ‘ਤੇ ਹੀ ਪੁੱਛ ਲਿਆ ਗਿਆ ਬਿਜਲੀ ਦੇ ਮਾਮਲੇ ਵਿੱਚ ਸਫ਼ੈਦ ਪੱਤਰ ਜਾਰੀ ਕਰਨ ਲਈ ਇੰਨੀ ਦੇਰੀ ਕਿਉਂ ਕੀਤੀ ਜਾ ਰਹੀਂ ਹੈ।
ਇਥੇ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਕਾਬਲ ਨਹੀਂ ਸਮਝਦੇ ਹਨ ਅਤੇ ਅੱਜ ਵੀ ਉਹ ਆਪਣੇ ਬਿਆਨ ‘ਤੇ ਕਾਇਮ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਕੇਸ ਹਾਰਨ ਵਾਲੇ ਐਡਵੋਕੇਟ ਜਰਨਲ ਨੂੰ ਕਾਬਲ ਕਿਵੇਂ ਕਿਹਾ ਜਾ ਸਕਦਾ ਹੈ।
ਇਸੇ ਮੀਟਿੰਗ ਦੌਰਾਨ ਸ਼ਮਸੇਰ ਦੂਲੋਂ ਵਲੋਂ ਵੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਫ਼ੀ ਜਿਆਦਾ ਸੁਆਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਤੋਂ ਜਿੰਨੀ ਆਸ ਕਰਦੇ ਸਨ, ਓਨਾਂ ਜਿਆਦਾ ਹੀ ਸਰਕਾਰ ਵਲੋਂ ਆਮ ਲੋਕਾਂ ਨੂੰ ਨਾਖ਼ੁਸ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸਮੇਂ ਸਰਕਾਰ ਆਪਣੇ ਹਰ ਵਾਅਦੇ ਨੂੰ ਮੁਕੰਮਲ ਕਰਨ ਵਿੱਚ ਫ਼ੇਲ ਸਾਬਤ ਹੋਈ ਹੈ। ਇਸ ਲਈ ਸਰਕਾਰ ਨੂੰ ਆਪਣੇ ਵਾਅਦੇ ਪੂਰੇ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।