ਨਸ਼ੇ ਦੇ ਮੁੱਦੇ ‘ਤੇ 25 ਜੁਲਾਈ ਨੂੰ ਪੰਜਾਬ ਕਰ ਰਿਹੈ ਉੱਤਰੀ ਸੂਬਿਆਂ ਦੀ ਮੀਟਿੰਗ, ਹਰਿਆਣਾ ਨੂੰ ਦੇਣ ਗਏ ਸਨ ਸੱਦਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਇੱਕ ਪੁਰਾਣੀ ਕਹਾਵਤ ਹੈ ਕਿ ਜਦੋਂ ਮੌਕਾ ਅਤੇ ਦਸਤੂਰ ਦੋਵੇਂ ਇੱਕੋ ਸਮੇਂ ਆ ਜਾਣ ਤਾਂ ਉਸ ਦਾ ਫਾਇਦਾ ਲੈ ਲੈਣਾ ਚਾਹੀਦਾ ਹੈ ਪਰ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪਿੱਛੇ ਰਹਿ ਗਏ ਹਨ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਸਿਵਲ ਸਕੱਤਰੇਤ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਗਏ ਸਨ ਜਿੱਥੇ ਨਸ਼ੇ ਦੇ ਮੁੱਦੇ ‘ਤੇ 25 ਜੁਲਾਈ ਨੂੰ ਹੋਣ ਵਾਲੀ ਉੱਤਰੀ ਭਾਰਤ ਦੇ ਸੂਬਿਆਂ ਦੀ ਮੀਟਿੰਗ ਬਾਰੇ ਤਾਂ ਚਰਚਾ ਹੋਈ ਅਤੇ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਸੱਦੇ ਨੂੰ ਸਵੀਕਾਰ ਤੱਕ ਵੀ ਕੀਤੀ ਪਰ ਇਸ ਦੌਰਾਨ ਦੋਹਾਂ ਸੂਬਿਆਂ ਵਿਚਕਾਰ ਅਹਿਮ ਮੁੱਦੇ ਐਸ.ਵਾਈ.ਐਲ. ਬਾਰੇ ਕੋਈ ਗੰਭੀਰ ਚਰਚਾ ਤਾਂ ਦੂਰ ਇਸ ਮਾਮਲੇ ਦਾ ਜਿਕਰ ਤੱਕ ਨਹੀਂ ਹੋਇਆ। ਜਿਸ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਹੱਥੋਂ ਇਹ ਇੱਕ ਅਹਿਮ ਮੌਕਾ ਖੋਹ ਦਿੱਤਾ ਹੈ।
ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਬਾਰੇ ਸਪੱਸ਼ਟ ਜਾਣਕਾਰੀ ਦਿੰਦੇ ਹੋਏ ਪੁਸ਼ਟੀ ਕੀਤੀ ਹੈ ਕਿ ਮਨੋਹਰ ਲਾਲ ਖੱਟਰ ਨਾਲ ਹੋਈ ਮੁਲਾਕਾਤ ਦੌਰਾਨ ਸਿਰਫ਼ ਨਸ਼ੇ ਦੇ ਮਾਮਲੇ ਵਿੱਚ ਹੋਣ ਵਾਲੀ 25 ਜੁਲਾਈ ਦੀ ਮੀਟਿੰਗ ਬਾਰੇ ਹੀ ਚਰਚਾ ਕੀਤੀ ਗਈ ਹੈ, ਜਦੋਂ ਕਿ ਇਸ ਤੋਂ ਇਲਾਵਾ ਦੋਵੇਂ ਮੁੱਖ ਮੰਤਰੀਆਂ ਵਿਚਕਾਰ ਕਿਸੇ ਵੀ ਮੁੱਦੇ ਨੂੰ ਲੈ ਕੇ ਕੋਈ ਵੀ ਚਰਚਾ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ਆਉਣ ਵਾਲੀ 25 ਜੁਲਾਈ ਨੂੰ ਨਸ਼ੇ ਦੇ ਮੁੱਦੇ ‘ਤੇ ਪੰਜਾਬ ਵੱਲੋਂ ਉੱਤਰੀ ਸੂਬਿਆਂ ਦੀ ਇੱਕ ਸਾਂਝੀ ਮੀਟਿੰਗ ਰੱਖੀ ਗਈ ਹੈ ਜਿਸ ਲਈ ਅਮਰਿੰਦਰ ਸਿੰਘ ਖੁਦ ਹਰ ਸੂਬੇ ਦੇ ਮੁੱਖ ਮੰਤਰੀ ਕੋਲ ਜਾ ਕੇ ਉਨ੍ਹਾਂ ਨੂੰ ਸੱਦਾ ਪੱਤਰ ਦੇਣ ਵਿੱਚ ਲੱਗੇ ਹੋਏ ਹਨ। ਸ਼ੁੱਕਰਵਾਰ ਨੂੰ ਅਮਰਿੰਦਰ ਸਿੰਘ ਆਪਣੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੱਦਾ ਪੱਤਰ ਦੇਣ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਗਏ ਸਨ।
ਇਸ ਤੋਂ ਪਹਿਲਾਂ ਨਸ਼ੇ ਦੇ ਮੁੱਦੇ ‘ਤੇ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਉੱਤਰੀ ਸੂਬਿਆਂ ਵੱਲੋਂ ਸਾਂਝੇ ਤੌਰ ‘ਤੇ ਪੰਚਕੂਲਾ ਵਿਖੇ ਸਥਿਤ ਕੇਂਦਰੀ ਸਕੱਤਰੇਤ ਵਿਖੇ ਇੱਕ ਦਫ਼ਤਰ ਖੋਲ੍ਹਿਆ ਗਿਆ ਸੀ ਅਤੇ ਇਸ ਦਫ਼ਤਰ ਰਾਹੀਂ ਨਸ਼ੇ ਦੇ ਮਾਮਲੇ ਵਿੱਚ ਸਾਰੇ ਉੱਤਰੀ ਸੂਬੇ ਆਪਣੀ ਖੁਫ਼ੀਆ ਜਾਣਕਾਰੀ ਨੂੰ ਇੱਕ ਦੂਜੇ ਸੂਬੇ ਨਾਲ ਸਾਂਝਾ ਕਰਦੇ ਹਨ ਤਾਂ ਕਿ ਸਾਰੇ ਮਿਲ ਕੇ ਨਸ਼ੇ ਦੀ ਬਿਮਾਰੀ ਨੂੰ ਖ਼ਤਮ ਕਰ ਸਕਣ।
ਅਮਰਿੰਦਰ ਸਿੰਘ ਹਰਿਆਣਾ ਸਕੱਤਰੇਤ ਵਿਖੇ ਲਗਭਗ ਅੱਧਾ ਘੰਟਾ ਮਨੋਹਰ ਲਾਲ ਖੱਟਰ ਨਾਲ ਗੱਲਬਾਤ ਕਰਦੇ ਰਹੇ। ਇਸ ਦੌਰਾਨ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮਨੋਹਰ ਲਾਲ ਖੱਟਰ ਜਾਂ ਫਿਰ ਅਮਰਿੰਦਰ ਸਿੰਘ ਵੱਲੋਂ ਪਹਿਲ ਕਰਦੇ ਹੋਏ ਐਸ.ਵਾਈ.ਐਲ. ਦੇ ਮਾਮਲੇ ਵਿੱਚ ਕੁਝ ਚਰਚਾ ਜਰੂਰ ਛੇੜੀ ਜਾਏਗੀ ਪਰ ਇਸ ਮਾਮਲੇ ਵਿੱਚ ਕੋਈ ਵੀ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਐਸ.ਵਾਈ.ਐਲ. ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਚਰਚਾ ਕਰਨ ਲਈ ਦੋਹੇਂ ਸੂਬੇ ਦੇ ਮੁੱਖ ਮੰਤਰੀਆਂ ਵੱਲੋਂ ਜੋਰ ਪਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।