ਅਗਲੇ 10 ਦਿਨਾਂ ਵਿੱਚ ਕੈਬਨਿਟ ਫੇਰਬਦਲ ਕਰਨਾ ਚਾਹੁੰਦੇ ਹਨ ਅਮਰਿੰਦਰ ਸਿੰਘ
ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਗੈਰ ਹਾਜ਼ਰੀ ’ਚ ਹੋਈ ਮੀਟਿੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮੰਗਲਵਾਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਹੋ ਹੀ ਗਈ। ਅਮਰਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਸੋਨੀਆ ਗਾਂਧੀ ਤੋਂ ਸਮਾਂ ਮੰਗ ਰਹੇ ਸਨ ਅਤੇ ਸੋਨੀਆ ਗਾਂਧੀ ਨਾਲ ਮੰਗਲਵਾਰ ਨੂੰ ਹੋਈ ਇੱਕ ਘੰਟੇ ਤੱਕ ਦੀ ਮੁਲਾਕਾਤ ਤੋਂ ਬਾਅਦ ਅਮਰਿੰਦਰ ਸਿੰਘ ਕਾਫ਼ੀ ਜਿਆਦਾ ਖੁਸ਼ ਨਜ਼ਰ ਆਏ। ਅਮਰਿੰਦਰ ਸਿੰਘ ਵੱਲੋਂ ਇਸ ਮੁਲਾਕਾਤ ਦੌਰਾਨ ਪੰਜਾਬ ਸਰਕਾਰ ਦੀ ਮੌਜੂਦਾ ਸਥਿਤੀ ਬਾਰੇ ਜਾਣੂੰ ਕਰਵਾਉਣ ਦੇ ਨਾਲ ਹੀ ਕੈਬਨਿਟ ਫੇਰਬਦਲ ਕਰਨ ਬਾਰੇ ਵੀ ਚਰਚਾ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਵੱਲੋਂ ਕੈਬਨਿਟ ਫੇਰਬਦਲ ਨੂੰ ਲੈ ਕੇ ਅਮਰਿੰਦਰ ਸਿੰਘ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਪਰ 2-4 ਦਿਨ ਰੁਕਣ ਲਈ ਵੀ ਕਿਹਾ ਗਿਆ ਹੈ ਤਾਂ ਜੰਮੂ ਕਸ਼ਮੀਰ ਦੇ ਦੌਰੇ ਤੋਂ ਰਾਹੁਲ ਗਾਂਧੀ ਦੇ ਵਾਪਸ ਆਉਣ ਤੋਂ ਲਿਸਟ ਨੂੰ ਰਾਹੁਲ ਗਾਂਧੀ ਦੀ ਸਲਾਹ ਨਾਲ ਫਾਈਨਲ ਕੀਤਾ ਜਾ ਸਕੇ।
ਇੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੈਬਨਿਟ ਮੰਤਰੀਆਂ ਨੂੰ ਅਮਰਿੰਦਰ ਸਿੰਘ ਹਟਾਉਣਾ ਚਾਹੁੰਦੇ ਹਨ, ਉਸ ’ਤੇ ਵੀ ਸੋੋਨੀਆ ਗਾਂਧੀ ਨੂੰ ਕੋਈ ਇਤਰਾਜ਼ ਨਹੀਂ ਹੈ। ਜਿਸ ਨਾਲ ਅਮਰਿੰਦਰ ਸਿੰਘ ਲਈ ਉਹ ਰਾਹ ਸਾਫ਼ ਹੋ ਗਿਆ ਹੈ, ਜਿਸ ਰਾਹੀਂ ਉਨ੍ਹਾਂ ਵੱਲੋਂ ਵਿਰੋਧਤਾ ਕਰਨ ਵਾਲੇ ਕੈਬਨਿਟ ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ।
ਅਮਰਿੰਦਰ ਸਿੰਘ ਦੀ ਇਸ ਮੀਟਿੰਗ ਤੋਂ ਬਾਅਦ ਪੰਜਾਬ ਵਿੱਚ ਕਾਫ਼ੀ ਜਿਆਦਾ ਹੰਗਾਮਾ ਹੋਣ ਦੇ ਆਸਾਰ ਵੀ ਹਨ ਕਿਉਂਕਿ ਜਿਹੜੇ ਕੈਬਨਿਟ ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਾਰੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਖੇਮੇ ਦੇ ਨਜ਼ਰ ਆ ਰਹੇ ਹਨ।
ਜੇਕਰ ਹਟਾਉਣ ਵਾਲੇ ਸਾਰੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਖੇਮੇ ਵਾਲੇ ਹੀ ਹੋਏ ਤਾਂ ਨਵਜੋਤ ਸਿੱਧੂ ਸਣੇ ਹਟਾਏ ਜਾਣ ਵਾਲੇ ਕੈਬਨਿਟ ਮੰਤਰੀ ਪੰਜਾਬ ਵਿੱਚ ਕਾਫ਼ੀ ਜਿਆਦਾ ਇਤਰਾਜ਼ ਕਰ ਸਕਦੇ ਹਨ ਜਿਸ ਨਾਲ ਹੰਗਾਮਾ ਹੋਣਾ ਤੈਅ ਹੈ। ਇੱਥੇ ਹੀ ਦੂਜੇ ਪੰਜਾਬ ਦੇ 5 ਕੈਬਨਿਟ ਮੰਤਰੀਆਂ ਨੇ ਵੀ ਸੋਨੀਆ ਗਾਂਧੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਇਹ ਕੈਬਨਿਟ ਮੰਤਰੀ ਆਪਣੇ ਪਰਫਾਰਮੈਂਸ ਬਾਰੇ ਖ਼ੁਦ ਦਿੱਲੀ ਜਾ ਕੇ ਦੱਸਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਨਾ ਦਿਖਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ