ਸੱਜੇ ਖੱਬੇ ਰਹਿਣ ਵਾਲੇ ਭੱਜ ਗਏ ਸਾਰੇ, ਅਮਰਿੰਦਰ ਸਿੰਘ ਦਾ ਦੁਖ ਆਇਆ ਬਾਹਰ
- ਆਪਣੇ ਹੀ ਪੁੱਤਰ ਰਣਇੰਦਰ ਸਿੰਘ ਨੂੰ ਸੌਂਪੀ ਦਫ਼ਤਰ ਦੀ ਕਮਾਨ, ਦਫ਼ਤਰ ਬੈਠ ਰਣਇੰਦਰ ਲੈਣਗੇ ਫੈਸਲੇ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪੰਜਾਬ ਲੋਕ ਕਾਂਗਰਸ ਕਮੇਟੀ ਦੇ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਉਮੀਦ ਲਗਾਈ ਜਾ ਰਹੀ ਸੀ ਕਿ ਦਫ਼ਤਰ ਦੇ ਉਦਘਾਟਨ ਮੌਕੇ ਕਾਂਗਰਸ ਪਾਰਟੀ ਦੇ ਕਈ ਵੱਡੇ ਲੀਡਰ ਵੀ ਦਿਖਾਈ ਦੇਣਗੇ ਪਰ ਇਹੋ ਜਿਹਾ ਨਹੀਂ ਹੋਇਆ। ਕਾਂਗਰਸ ਪਾਰਟੀ ਦੇ ਵੱਡੇ ਲੀਡਰ ਅਤੇ ਵਿਧਾਇਕ ਤਾਂ ਦੂਰ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਸਾਥ ਵੀ ਉਨਾਂ ਨੂੰ ਨਹੀਂ ਮਿਲਿਆ ਹੈ। ਅਮਰਿੰਦਰ ਸਿੰਘ ਦੇ ਨਾਲ ਉਨਾਂ ਦੀ ਪਤਨੀ ਪਰਨੀਤ ਕੌਰ ਦਿਖਾਈ ਨਹੀਂ ਦਿੱਤੇ। ਜਿਸ ਤੋਂ ਸਾਫ਼ ਹੋ ਗਿਆ ਕਿ ਅਮਰਿੰਦਰ ਸਿੰਘ ਦਾ ਇਹ ਨਵਾਂ ਸਫ਼ਰ ਕੋਈ ਜਿਆਦਾ ਸੌਖਾ ਨਹੀਂ ਹੈ ਅਤੇ ਉਨਾਂ ਨੂੰ ਇਸ ਲੜਾਈ ਵਿੱਚ ਕਾਫ਼ੀ ਜਿਆਦਾ ਲੋਕਾਂ ਦਾ ਸਾਥ ਲੈਣਾ ਪਏਗਾ।
ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਇਸ ਮੌਕੇ ਕਿਉਂ ਹਾਜ਼ਰ ਨਹੀਂ ਹੋਏ ਅਤੇ ਕੀ ਉਹ ਅਮਰਿੰਦਰ ਸਿੰਘ ਦਾ ਸਾਥ ਦੇਣਗੇ ਜਾਂ ਫਿਰ ਨਹੀਂ। ਇਨਾਂ ਸੁਆਲਾਂ ਦਾ ਜੁਆਬ ਅਮਰਿੰਦਰ ਸਿੰਘ ਤੋਂ ਦਫ਼ਤਰ ਦੇ ਉਦਘਾਟਨ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਨਹੀਂ ਮਿਲਿਆ।
ਇਸ ਦੌਰਾਨ ਇਕੱਲੇ ਰਹਿਣ ਕਰਕੇ ਅਮਰਿੰਦਰ ਸਿੰਘ ਦਾ ਦੁਖ ਵੀ ਬਾਹਰ ਆ ਗਿਆ ਅਤੇ ਉਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਹੀ ਕਹਿ ਦਿੱਤਾ ਕਿ ਸਰਕਾਰ ਦੌਰਾਨ ਜਿਹੜੇ ਲੋਕ ਸੱਜੇ ਅਤੇ ਖੱਬੇ ਹਮੇਸ਼ਾ ਰਹਿੰਦੇ ਸਨ, ਉਨਾਂ ਵਿੱਚੋਂ ਕੋਈ ਸੱਜੇ ਭੱਜ ਗਿਆ ਤਾਂ ਕੋਈ ਖੱਬੇ ਭੱਜ ਗਿਆ। ਇਨਾਂ ਵਿੱਚੋਂ ਹੁਣ ਕੋਈ ਦਿਖਾਈ ਹੀ ਨਹੀਂ ਦਿੰਦਾ ਹੈ। ਅਮਰਿੰਦਰ ਸਿੰਘ ਦੇ ਇਸ ਜੁਆਬ ਤੋਂ ਸਾਫ਼ ਜ਼ਾਹਰ ਸੀ ਕਿ ਸਰਕਾਰ ਦੌਰਾਨ ਜਿਨਾਂ ਨੂੰ ਉਹ ਆਪਣਾ ਸਾਥੀ ਮੰਨ ਕੇ ਚੱਲ ਰਹੇ ਸਨ, ਉਹ ਸੱਤਾ ਦਾ ਸੁਖ ਭੋਗਣ ਤੋਂ ਬਾਅਦ ਹੁੁਣ ਉਨਾਂ ਨੂੰ ਛੱਡ ਕੇ ਭੱਜ ਗਏ ਹਨ।ਇੱਥੇ ਹੀ ਅਮਰਿੰਦਰ ਸਿੰਘ ਵੱਲੋਂ ਆਪਣੀ ਇਸ ਪਾਰਟੀ ਦੇ ਦਫ਼ਤਰ ਦੀ ਕਮਾਨ ਆਪਣੇ ਹੀ ਪੁੱਤਰ ਰਣਇੰਦਰ ਸਿੰਘ ਦੇ ਹੱਥਾਂ ਵਿੱਚ ਸੌਂਪ ਦਿੱਤੀ ਹੈ। ਰਣਇੰਦਰ ਸਿੰਘ ਪਾਰਟੀ ਦਫ਼ਤਰ ਵਿੱਚ ਬੈਠਦੇ ਹੋਏ ਸਾਰੇ ਕੰਮਕਾਜ ਨੂੰ ਦੇਖਣਗੇ ਅਤੇ ਪਾਰਟੀ ਦੇ ਹਰ ਛੋਟੇ-ਵੱਡੇ ਫੈਸਲੇ ਵਿੱਚ ਉਹ ਸ਼ਾਮਲ ਰਹਿਣਗੇ। ਅਮਰਿੰਦਰ ਸਿੰਘ ਦੇ ਨਾਲ ਹੀ ਉਨਾਂ ਦੇ ਕੁਝ ਸਲਾਹਕਾਰ ਹੀ ਦਿਖਾਈ ਦਿੱਤੇ, ਜਦੋਂ ਕਿ ਵੱਡੀ ਗਿਣਤੀ ਵਿੱਚ ਸਲਾਹਕਾਰਾਂ ਦੀ ਫੌਜ ਰੱਖਣ ਵਾਲੇ ਅਮਰਿੰਦਰ ਸਿੰਘ ਸੋਮਵਾਰ ਨੂੰ ਆਪਣੀ ਪਾਰਟੀ ਦੇ ਉਦਘਾਟਨ ਮੌਕੇ ਇਕੱਲੇ ਹੀ ਨਜ਼ਰ ਆ ਰਹੇ ਸਨ।
ਚੋਣ ਜ਼ਾਬਤਾ ਲਗਣ ਤੋਂ ਬਾਅਦ ਦਿਖਾਈ ਦੇਣਗੇ ਕਾਫ਼ੀ ਵਿਧਾਇਕ
ਅਮਰਿੰਦਰ ਸਿੰਘ ਨੇ ਇੱਥੇ ਇਹ ਵੀ ਕਿਹਾ ਕਿ ਚੋਣ ਜ਼ਾਬਤਾ ਲਗਣ ਤੋਂ ਬਾਅਦ ਕਾਫ਼ੀ ਜਿਆਦਾ ਵਿਧਾਇਕ ਉਨਾਂ ਨਾਲ ਦਿਖਾਈ ਦੇਣਗੇ, ਕਿਉਂਕਿ ਹੁਣ ਸਰਕਾਰ ਦਾ ਦਬਾਅ ਹੋਣ ਕਰਕੇ ਵਿਧਾਇਕ ਸਾਹਮਣੇ ਨਹੀਂ ਆਉਣਾ ਚਾਹੁੰਦੇ ਹਨ। ਜੇਕਰ ਕੋਈ ਵਿਧਾਇਕ ਸਾਹਮਣੇ ਆਉਂਦਾ ਹੈ ਤਾਂ ਉਨਾਂ ਦੇ ਇਲਾਕੇ ਦਾ ਵਿਕਾਸ ਫੰਡ ਰੋਕ ਦਿੱਤਾ ਜਾਂਦਾ ਹੈ। ਪਟਿਆਲਾ ਸ਼ਹਿਰੀ ਉਨਾਂ ਦਾ ਵਿਧਾਨ ਸਭਾ ਖੇਤਰ ਹੈ ਅਤੇ ਸਰਕਾਰ ਵੱਲੋਂ ਉਨਾਂ ਦੇ ਇਲਾਕੇ ਦਾ ਫੰਡ ਹੀ ਰੋਕ ਦਿੱਤਾ ਗਿਆ ਹੈ। ਇਸ ਲਈ ਚੋਣ ਜ਼ਾਬਤਾ ਲਗਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਉਨਾਂ ਨਾਲ ਦਿਖਾਈ ਦੇਣਗੇ।
ਸੀਟਾਂ ਦਾ ਬਟਵਾਰਾ ਜਲਦ, ਗਠਜੋੜ ਬਣਾਏਗਾ ਆਪਣੀ ਸਰਕਾਰ
ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਸਣੇ ਅਕਾਲੀ ਦਲ ਡੈਮੋਕੇ੍ਰਟਿਕ ਵਿਚਕਾਰ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਜਲਦ ਹੀ ਫੈਸਲਾ ਕਰ ਲਿਆ ਜਾਏਗਾ। ਇਸ ਸਬੰਧੀ ਦਿੱਲੀ ਵਿਖੇ ਭਾਜਪਾ ਲੀਡਰਾਂ ਨਾਲ ਉਨਾਂ ਦੀ ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਹੜਾ ਸੀਟ ਜਿੱਤਣ ਵਾਲਾ ਹੋਏਗਾ, ਉਸ ਨੂੰ ਹੀ ਸੀਟ ਦਿੱਤੀ ਜਾਏਗੀ, ਇਸ ਲਈ ਸੀਟਾਂ ਦਾ ਬਟਵਾਰਾ ਜੇਤੂ ਸੀਟ ਅਨੁਸਾਰ ਹੀ ਹੋਏਗਾ। ਉਨਾਂ ਅੱਗੇ ਕਿਹਾ ਕਿ ਸੁਖਦੇਵ ਢੀਂਡਸਾ ਕੀ ਬਿਆਨ ਦੇ ਰਹੇ ਹਨ, ਇਸ ਬਾਰੇ ਉਨਾਂ ਨੂੰ ਪਤਾ ਨਹੀਂ ਹੈ, ਜਦੋਂ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਇਹ ਸਾਫ਼ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਤਿੰਨੇ ਪਾਰਟੀਆਂ ਗਠਜੋੜ ਨਾਲ ਚੋਣਾਂ ਲੜਨਗੀਆਂ।
40 ਮਿੰਟ ਲੇਟ ਆਏ ਮੇਜ਼ਬਾਨ ਅਮਰਿੰਦਰ ਸਿੰਘ, ਮਹਿਮਾਨ ਕਰਦੇ ਰਹੇ ਇੰਤਜ਼ਾਰ
ਪੰਜਾਬ ਲੋਕ ਕਾਂਗਰਸ ਪਾਰਟੀ ਦਫ਼ਤਰ ਦੇ ਉਦਘਾਟਨ ਮੌਕੇ ਅਮਰਿੰਦਰ ਸਿੰਘ ਖ਼ੁਦ ਹੀ 40 ਮਿੰਟ ਲੇਟ ਆਏ। ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਜਾਣਾ ਸੀ ਅਤੇ ਉਨਾਂ ਵਲੋਂ ਸੱਦੇ ਗਏ ਮਹਿਮਾਨ ਵੀ 12 ਵਜੇ ਤੋਂ ਪਹਿਲਾਂ ਪੁੱਜ ਗਏ ਪਰ ਮਹਿਮਾਨਾਂ ਦਾ ਸੁਆਗਤ ਕਰਨ ਦੀ ਥਾਂ ’ਤੇ ਆਪਣੇ ਪਾਰਟੀ ਦਫ਼ਤਰ ਵਿੱਚ ਸੱਦਣ ਵਾਲੇ ਮੇਜ਼ਬਾਨ ਅਮਰਿੰਦਰ ਸਿੰਘ ਖ਼ੁਦ 40 ਮਿੰਟ ਲੇਟ ਆਏ। ਅਮਰਿੰਦਰ ਸਿੰਘ ਦੀ ਇਹ ਦੇਰੀ ਪਾਰਟੀ ਦਫ਼ਤਰ ਵਿੱਚ ਕਾਫ਼ੀ ਜਿਆਦਾ ਚਰਚਾ ਦਾ ਵਿਸ਼ਾ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ