ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਾਜ਼ ਵਿਧਾਇਕਾਂ ਨੂੰ ਖੁਸ਼ ਕਰਨਾ ਚਾਹੁੰਦੀ ਐ ਕਾਂਗਰਸ ਪਾਰਟੀ
ਪੰਜਾਬ ‘ਚ ਵਿਧਾਇਕਾਂ ਨੂੰ ਚੇਅਰਮੈਨ ਲਾਉਣ ਵਾਲਾ ਐਕਟ ਹੋ ਚੁੱਕਾ ਐ ਲਾਗੂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੌਮੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪੁੱਜ ਗਏ ਹਨ। ਅਮਰਿੰਦਰ ਸਿੰਘ ਐਤਵਾਰ ਨੂੰ ਸ਼ਾਮ ਨੂੰ ਹੀ ਦਿੱਲੀ ਵਿਖੇ ਚਲੇ ਗਏ ਸਨ ਪਰ ਉਨ੍ਹਾਂ ਦੀ ਮੁਲਾਕਾਤ ਸੋਮਵਾਰ ਸਵੇਰੇ ਦੱਸੀ ਜਾ ਰਹੀ ਹੈ। ਇਸ ਮੁਲਾਕਾਤ ਦੌਰਾਨ ਅਮਰਿੰਦਰ ਸਿੰਘ ਕੋਸ਼ਿਸ਼ ਕਰਨਗੇ ਕਿ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਲਈ ਲਟਕਦੇ ਆ ਰਹੇ ਮਾਮਲੇ ਬਾਰੇ ਫੈਸਲਾ ਕਰ ਲਿਆ ਜਾਵੇ ਤਾਂ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਾਜ਼ ਚਲਦੇ ਆ ਰਹੇ ਵਿਧਾਇਕਾਂ ਨੂੰ ਖੁਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਜਿੱਥੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਚਰਚਾ ਕਰਨਗੇ, ਉੱਥੇ ਹੀ ਪੰਚਾਇਤੀ ਚੋਣਾਂ ‘ਚ ਹੋਈ ਜਿੱਤ ਬਾਰੇ ਵੀ ਰਾਹੁਲ ਗਾਂਧੀ ਨੂੰ ਜਾਣਕਾਰੀ ਦਿੱਤੀ ਜਾਏਗੀ। ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਉਮੀਦਵਾਰ ਦੀ ਖੋਜ ਕਰਨ ਦੇ ਨਾਲ ਹੀ ਟਿਕਟਾਂ ਦੇ ਐਲਾਨ ਬਾਰੇ ਜਲਦ ਫੈਸਲਾ ਕੀਤਾ ਜਾਵੇ ਤਾਂ ਕਿ ਲੋਕ ਸਭਾ ਚੋਣਾਂ ‘ਚ ਉਤਰਨ ਵਾਲੇ ਉਮੀਦਵਾਰਾਂ ਕੋਲ ਆਪਣੇ ਹੱਕ ‘ਚ ਪ੍ਰਚਾਰ ਕਰਨ ਲਈ ਨਾ ਸਿਰਫ਼ ਚੰਗਾ ਸਮਾਂ ਮਿਲ ਸਕੇ, ਸਗੋਂ ਹੁਣ ਤੋਂ ਹੀ ਲੋਕ ਸਭਾ ਉਮੀਦਵਾਰ ਆਪਣੀ ਤਿਆਰੀਆਂ ‘ਚ ਉਤਰਦੇ ਹੋਏ ਜਿਹੜਾ ਵੀ ਕੰਮ ਸਰਕਾਰ ਤੋਂ ਕਰਵਾਉਣਾ ਚਾਹੁੰਦੇ ਹੋਣ, ਉਹ ਸਰਕਾਰ ਤੋਂ ਕਰਵਾ ਸਕਣ। ਇਸ ਲਈ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਅਮਰਿੰਦਰ ਸਿੰਘ ਜਲਦ ਹੀ ਲੋਕ ਸਭਾ ਦੇ ਉਮੀਦਵਾਰਾਂ ਬਾਰੇ ਫੈਸਲਾ ਕਰਨ ਲਈ ਕਹਿਣਗੇ।
ਇੱਥੇ ਹੀ ਪਿਛਲੇ ਸਾਲ ਪਾਸ ਕੀਤੇ ਗਏ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਸਬੰਧੀ ਐਕਟ ਅਨੁਸਾਰ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਦੇ ਮਾਮਲੇ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਵੀ ਅਮਰਿੰਦਰ ਸਿੰਘ ਕਰਨਗੇ। ਕਿਹੜੇ ਵਿਧਾਇਕ ਨੂੰ ਕਿਹੜੀ ਚੇਅਰਮੈਨੀ ਦੇਣੀ ਹੈ, ਇਹ ਫੈਸਲਾ ਵੀ ਅਮਰਿੰਦਰ ਸਿੰਘ ਖ਼ੁਦ ਨਾ ਲੈ ਕੇ ਰਾਹੁਲ ਗਾਂਧੀ ਦੀ ਇਜਾਜ਼ਤ ਤੋਂ ਬਾਅਦ ਹੀ ਕਰਨਾ ਚਾਹੁੰਦੇ ਹਨ ਤਾਂ ਕਿ ਚੇਅਰਮੈਨੀ ਛੋਟੀ ਵੱਡੀ ਦੇ ਚੱਕਰ ਵਿੱਚ ਅਮਰਿੰਦਰ ਸਿੰਘ ਤੋਂ ਕੋਈ ਨਰਾਜ਼ ਨਾ ਹੋਵੇ। ਅਮਰਿੰਦਰ ਸਿੰਘ ਆਪਣੇ ਇੱਕ ਫ਼ਾਰਮੂਲੇ ਅਨੁਸਾਰ ਚੇਅਰਮੈਨੀ ਦੇਣ ਦੀ ਗੱਲ ਰਾਹੁਲ ਗਾਂਧੀ ਕੋਲ ਰੱਖ ਸਕਦੇ ਹਨ, ਜਿਸ ‘ਤੇ ਆਖ਼ਰੀ ਫੈਸਲਾ ਰਾਹੁਲ ਗਾਂਧੀ ਨੇ ਹੀ ਕਰਨਾ ਹੈ। ਇੱਥੇ ਹੀ ਪੰਜਾਬ ‘ਚ ਪੰਚਾਇਤੀ ਚੋਣਾਂ ‘ਚ ਪ੍ਰਾਪਤ ਹੋਈ ਜਿੱਤ ਬਾਰੇ ਵੀ ਅਮਰਿੰਦਰ ਸਿੰਘ ਖ਼ੁਦ ਰਾਹੁਲ ਗਾਂਧੀ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਦੀ ਸਥਿਤੀ ਬਿਆਨ ਕਰਨਗੇ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਹੱਕ ‘ਚ ਡਟੇ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।