6 ਮਹੀਨੇ ਬੀਤਣ ਤੋਂ ਬਾਅਦ ਵੀ ਨਹੀਂ ਹੋਈ ਸੁਖਬੀਰ ਬਾਦਲ ਖ਼ਿਲਾਫ਼ ਕੋਈ ਕਾਰਵਾਈ, ਨੋਟਿਸ ਤੱਕ ਨਹੀਂ ਭੇਜੇ
- ਰਾਣਾ ਗੁਰਜੀਤ ਖ਼ਿਲਾਫ਼ ਮੋਰਚਾ ਖੋਲਣ ਵਾਲੇ ਸੁਖਪਾਲ ਖਹਿਰਾ ਵੀ ਨਹੀਂ ਹੋਏ ਹੁਣ ਤੱਕ ਤਲਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ (Chandigarh News) ਅਮਰਿੰਦਰ ਸਿੰਘ ਖੁਦ ਹੀ ਨਹੀਂ ਚਾਹੁੰਦੇ ਹਨ ਕਿ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਖ਼ਿਲਾਫ਼ ਕਿਸੇ ਵੀ ਤਰਾਂ ਦੀ ਕਾਰਵਾਈ ਹੋਵੇ, ਜਿਸ ਕਾਰਨ ਪਿਛਲੇ 6 ਮਹੀਨੇ ਤੋਂ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸੁਖਬੀਰ ਬਾਦਲ ਖ਼ਿਲਾਫ਼ ਕਾਰਵਾਈ ਕਰਨਾ ਤਾਂ ਦੂਰ ਨੋਟਿਸ ਭੇਜਦੇ ਹੋਏ ਇੱਕ ਵਾਰੀ ਵੀ ਤਲਬ ਤੱਕ ਨਹੀਂ ਕੀਤਾ। ਸੁਖਬੀਰ ਬਾਦਲ ਦੇ ਖ਼ਿਲਾਫ਼ ਕਾਰਵਾਈ ਨਾ ਹੋਣ ਕਰਕੇ ਸਦਨ ਦੀ ਮਰਿਆਦਾ ਭੰਗ ਕਰਨ ਵਾਲੇ ਸੁਖਪਾਲ ਖਹਿਰਾ ਨੂੰ ਵੀ ਤਲਬ ਨਹੀਂ ਕੀਤਾ ਜਾ ਰਿਹਾ ਹੈ, ਕਿਉਂਕਿ ਖਹਿਰਾ ਨੂੰ ਤਲਬ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਲਬ ਕਰਨ ਲਈ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਬਾਅ ਪਾ ਸਕਦੇ ਹਨ।
ਇਹ ਵੀ ਪੜ੍ਹੋ : ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਨੇ ਪਾਵਰਕੌਮ ਦਾ ਮੁੱਖ ਦਫ਼ਤਰ ਘੇਰਿਆ
ਜਾਣਕਾਰੀ (Chandigarh News) ਅਨੁਸਾਰ ਪਿਛਲੇ ਸਾਲ ਜੂਨ ਮਹੀਨੇ ਵਿੱਚ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ 16 ਜੂਨ 2017 ਨੂੰ ਸੁਖਪਾਲ ਖਹਿਰਾ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਆਪਸ ਵਿੱਚ ਚੱਲ ਰਹੀਂ ਬਹਿਸ ਨੂੰ ਫੇਸਬੁੱਕ ‘ਤੇ ਲਾਈਵ ਕਰ ਦਿੱਤਾ ਸੀ, ਜਿਸ ਨੂੰ ਸਦਨ ਦੀ ਮਰਿਆਦਾ ਦੇ ਉਲਟ ਕਰਾਰ ਦਿੰਦੇ ਹੋਏ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਨੇ ਖਹਿਰਾ ਖ਼ਿਲਾਫ਼ ਮਰਿਆਦਾ ਤੋੜਨ ਦਾ ਪ੍ਰਸਤਾਵ ਪੇਸ਼ ਕਰਦੇ ਹੋਏ ਸਦਨ ਵਿੱਚ ਪਾਸ ਕਰਵਾਇਆ ਸੀ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਖਹਿਰਾ ਖ਼ਿਲਾਫ਼ ਕਾਰਵਾਈ ਕਰਨ ਲਈ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੈਡਿੰਗ ਹੈ।
ਇਸੇ ਤਰਾਂ 23 ਜੂਨ 2017 ਨੂੰ ਸਦਨ ਵਿੱਚ ਕਾਲੇ ਚੋਲੇ ਪਾ ਕੇ ਆਉਣ ਅਤੇ ਸਪੀਕਰ ਰਾਣਾ ਕੇ.ਪੀ. ਸਿੰਘ ਖ਼ਿਲਾਫ਼ ਮਾੜੇ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖ਼ਿਲਾਫ਼ ਸਦਨ ਦੀ ਮਰਿਆਦਾ ਹਨਨ ਦਾ ਪ੍ਰਸਤਾਵ ਪਾਸ ਹੋਇਆ ਸੀ। ਇਹ ਮਾਮਲਾ ਵੀ ਕਾਰਵਾਈ ਲਈ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੈਡਿੰਗ ਪਿਆ ਹੈ। ਇਹਨਾਂ ਦੋਹੇ ਮਾਮਲਿਆਂ ਨੂੰ 6 ਮਹੀਨੇ ਤੋਂ ਜਿਆਦਾ ਸਮਾਂ ਬੀਤ ਚੁੱਕਾ ਹੈ ਫਿਰ ਵੀ ਸੁਖਬੀਰ ਬਾਦਲ ਅਤੇ ਸੁਖਪਾਲ ਖਹਿਰਾ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ‘ਤੇ ਉਨ ਨੂੰ ਅਜੇ ਤੱਕ ਪਹਿਲਾਂ ਨੋਟਿਸ ਤੱਕ ਨਹੀਂ ਭੇਜਿਆ ਗਿਆ ਹੈ। ਜਿਸ ਕਾਰਨ ਇਹਨਾਂ ਖ਼ਿਲਾਫ਼ ਕੋਈ ਵੀ ਕਾਰਵਾਈ ਹੋਣ ਦੇ ਆਸਾਰ ਤੱਕ ਨਜ਼ਰ ਨਹੀਂ ਆ ਰਹੇ ਹਨ।
ਵਿਸ਼ੇਸ਼ ਅਧਿਕਾਰ ਕਮੇਟੀ ਦੇ ਹੀ ਇੱਕ ਮੈਂਬਰ ਵੱਲੋਂ ਆਪਣਾ ਨਾਂਅ ਨਾਂ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਹ ਤਾਂ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਦੇ ਖ਼ਿਲਾਫ਼ ਕਾਰਵਾਈ ਹੋਵੇ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਹਨ, ਜਿਸ ਕਾਰਨ ਨਾ ਹੀ ਸੁਖਬੀਰ ਬਾਦਲ ਨੂੰ ਹੁਣ ਤੱਕ ਤਲਬ ਕੀਤਾ ਗਿਆ ਹੈ ਅਤੇ ਨਾ ਹੀ ਖਹਿਰਾ ਨੂੰ ਤਲਬ ਕੀਤਾ ਜਾ ਰਿਹਾ ਹੈ। ਸੁਖਬੀਰ ਬਾਦਲ ਨੂੰ ਤਲਬ ਕਰਨ ਤੋਂ ਰੋਕਣ ਪਿੱਛੇ ਕੀ ਕਾਰਨ ਹਨ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ।
ਮੈ ਖ਼ੁਦ ਚਾਹੁੰਦਾ ਹੋਵੇ ਕਾਰਵਾਈ ‘ਪਰੰਤੂ’ ? : ਸੁਖਜਿੰਦਰ ਰੰਧਾਵਾ
ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਖ਼ੁਦ ਦਿਲੋਂ ਚਾਹੁੰਦੇ ਹਨ ਕਿ ਉਹ ਸੁਖਬੀਰ ਬਾਦਲ ਦੇ ਖ਼ਿਲਾਫ਼ ਇਸ ਮਾਮਲੇ ‘ਚ ਕਾਰਵਾਈ ਕਰਨ ‘ਪਰੰਤੂ’ ? । ਸੁਖਜਿੰਦਰ ਰੰਧਾਵਾ ਨੇ ‘ਪਰੰਤੂ’ ਸ਼ਬਦ ਕਹਿਣ ਤੋਂ ਬਾਅਦ ਰੁਕਦੇ ਹੋਏ ਕਿਹਾ ਕਿ ਇਸ ਦੇ ਕਈ ਕਾਰਨ ਜਿਹੜੇ ਉਹ ਨਹੀਂ ਦੱਸਣਾ ਚਾਹੁੰਦੇ ਹਨ ਪਰ ਹਰ ਕੋਈ ਜਾਣਦਾ ਹੈ। ਉਹਨਾਂ ਕਿਹਾ ਕਿ ਉਹ ਇਸ ਮੰਗਲਵਾਰ ਦੀ ਮੀਟਿੰਗ ਵਿੱਚ ਕੋਸ਼ਿਸ਼ ਕਰਦੇ ਹੋਏ ਸਾਰੇ ਮੈਂਬਰਾਂ ਦੀ ਸਹਿਮਤੀ ਲੈਣਗੇ, ਜੇਕਰ ਸਹਿਮਤੀ ਮਿਲ ਗਈ ਤਾਂ ਹੀ ਨੋਟਿਸ ਭੇਜ ਤਲਬ ਕੀਤਾ ਜਾਏਗਾ।