ਕੈਪਟਨ ਅਮਰਿੰਦਰ ਨਾ ਦੋ ਸਾਲ ਪੰਜਾਬ ਦੇ ਹਲਕੇ ‘ਚ ਵੜੇ ਤੇ ਨਾ ਹੀ ਆਉਣਗੇ ਅਗਲੇ ਤਿੰਨ ਸਾਲ

Amarinder, Constituency, Punjab,

ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਸੁਣ ਕੇ ਖ਼ੁਦ ਹੈਰਾਨ ਰਹਿ ‘ਗੇ ਕੈਪਟਨ ਅਮਰਿੰਦਰ ਸਿੰਘ

ਚੰਡੀਗੜ (ਅਸ਼ਵਨੀ ਚਾਵਲਾ) । ‘ਕੈਪਟਨ ਅਮਰਿੰਦਰ ਸਿੰਘ ਨਾ ਹੀ ਪਿਛਲੇ 2 ਸਾਲ ਤੋਂ ਪੰਜਾਬ ਦੇ ਹਲਕੇ ਵਿੱਚ ਆਏ ਹਨ ਅਤੇ ਨਾ ਹੀ ਅਗਲੇ 3 ਸਾਲ ਆਉਣਗੇ, ਕਿਉਂਕਿ ਉਹ ਪੰਜਾਬ ਨਹੀਂ ਸਗੋਂ ਚੰਡੀਗੜ ਵਿਖੇ ਹੀ ਰਹਿੰਦੇ ਹਨ। ਉਹ ਪ੍ਰਕਾਸ਼ ਸਿੰਘ ਬਾਦਲ ਵਾਂਗ ਨਹੀਂ ਹਨ, ਜਿਹੜਾ ਕਿ ਹਰ ਦੂਜੇ ਦਿਨ ਪੰਜਾਬੀਆਂ ਨੂੰ ਮਿਲਣ ਲਈ ਸੰਗਤ ਦਰਸ਼ਨ ਲਗਾਈ ਬੈਠੇ ਰਹਿਣ, ਉਹ ਤਾਂ ਆਪਣੇ ਦਫ਼ਤਰ ਜਾਂ ਫਿਰ ਘਰ ਤੋਂ ਬਾਹਰ ਹੀ ਨਹੀਂ ਨਿਕਲਦੇ ਹਨ।’

ਇਹ ਹੈਰਾਨੀ ਭਰੇ ਸ਼ਬਦ ਕਿਸੇ ਵਿਰੋਧੀ ਪਾਰਟੀ ਦੇ ਵਿਧਾਇਕ ਨੇ ਨਹੀਂ ਸਗੋਂ ਕਾਂਗਰਸ ਦੇ ਹੀ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਭਰੀ ਵਿਧਾਨ ਸਭਾ ਵਿੱਚ ਕਹੇ। ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਹ ਸ਼ਬਦ ਕਹੇ ਜਾਣ ਤੋਂ ਬਾਅਦ ਅਚਾਨਕ ਹੀ ਸਦਨ ਦਾ ਮਾਹੌਲ ਬਦਲ ਗਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਹੈਰਾਨ ਸਨ ਤਾਂ ਵਿਰੋਧੀ ਧਿਰ ਦੇ ਵਿਧਾਇਕ ਜੰਮ ਕੇ ਹੱਸ ਰਹੇ ਸਨ। ਇਹ ਨਜ਼ਾਰਾ ਉਸ ਸਮੇਂ ਦਾ ਹੈ, ਜਦੋਂ ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਦੀ ਬਹਿਸ ਮੌਕੇ ਰਾਜਾ ਵੜਿੰਗ ਬੋਲ ਰਹੇ ਸਨ। Amarinder

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਨ੍ਹਾਂ ਸ਼ਬਦਾਂ ਨੂੰ ਕਹੇ ਜਾਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਪਿੱਛੇ ਮੁੜ ਕੇ ਉਨ੍ਹਾਂ ਵੱਲ ਹੈਰਾਨੀ ਨਾਲ ਦੇਖ ਰਹੇ ਸਨ ਤਾਂ ਵਿਰੋਧੀ ਧਿਰਾਂ ਦਾ ਹਾਸਾ ਦੇਖ ਕੇ ਰਾਜਾ ਵੜਿੰਗ ਨੂੰ ਵੀ ਅਹਿਸਾਸ ਹੋਇਆ ਕਿ ਉਹ ਕੀ ਕਹਿ ਗਏ। Amarinder

ਰਾਜਾ ਵੜਿੰਗ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਰੋਕਦੇ ਹੋਏ ਕਿਹਾ ਕਿ, ‘ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਤਾਂ ਪੂਰੀ ਕਰ ਲੈਣ ਦਿਓ। ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਵਿੱਚ ਜਾ ਕੇ ਸੰਗਤ ਦਰਸ਼ਨ ਕਰਨ ‘ਤੇ ਵਿਸ਼ਵਾਸ ਨਹੀਂ ਕਰਦੇ ਹਨ, ਸਗੋਂ ਚੰਡੀਗੜ੍ਹ ਵਿਖੇ ਬੈਠ ਕੇ ਪ੍ਰਸ਼ਾਸਨਿਕ ਕੰਮ ਚਲਾਉਣ ਵਿੱਚ ਵਿਸ਼ਵਾਸ ਰੱਖਦੇ ਹਨ।’

ਭਾਵੇਂ ਅਮਰਿੰਦਰ ਸਿੰਘ ਉਨ੍ਹਾਂ ਦੇ ਹਲਕੇ ਗਿੱਦੜਬਾਹਾ ਵਿੱਚ ਪਿਛਲੇ ਦੋ ਸਾਲਾਂ ਵਿੱਚ ਇੱਕ ਵਾਰ ਵੀ ਨਹੀਂ ਆਏ ਪਰ ਉਨ੍ਹਾਂ ਨੇ ਉਥੋਂ ਦੇ ਹਸਪਤਾਲ ਦੀ ਹਾਲਤ ਵਿੱਚ ਇੰਨਾ ਜਿਆਦਾ ਸੁਧਾਰ ਲਿਆ ਦਿੱਤਾ ਕਿ ਉਹ ਪੰਜਾਬ ਦਾ ਨੰਬਰ ਇੱਕ ਹਸਪਤਾਲ ਬਣ ਗਿਆ ਹੈ। ਇੱਥੇ ਹੀ ਕਈ ਹੋਰ ਚੰਗੇ ਪ੍ਰੋਜੈਕਟ ਅਤੇ ਕੰਮ ਗਿੱਦੜਬਾਹਾ ਲਈ ਉਨ੍ਹਾਂ ਨੇ ਕੀਤੇ ਹਨ।

ਰਾਜਾ ਵੜਿੰਗ ਨੇ ਕਿਹਾ ਕਿ ਅਮਰਿੰਦਰ ਸਿੰਘ ਅਗਲੇ 3 ਸਾਲ ਵੀ ਗਿੱਦੜਬਾਹਾ ਵਿਖੇ ਨਹੀਂ ਆਉਣਗੇ ਪਰ ਚੰਡੀਗੜ੍ਹ ਬੈਠ ਕੇ ਉਨ੍ਹਾਂ ਦੇ ਹਲਕੇ ਦੇ ਵਿਕਾਸ ਲਈ ਕੰਮ ਜਰੂਰ ਕਰਨਗੇ। ਜਿਸ ਤਰੀਕੇ ਨਾਲ ਮਨਮੋਹਣ ਸਿੰਘ ਨੇ ਆਪਣੇ ਕਾਰਜਕਾਲ ਵਿੱਚ ਬੋਲਣ ‘ਤੇ ਵਿਸ਼ਵਾਸ ਨਾ ਰੱਖਦੇ ਹੋਏ ਕੰਮ ਕਰਨ ‘ਤੇ ਵਿਸ਼ਵਾਸ ਕੀਤਾ ਸੀ, ਇਸੇ ਤਰ੍ਹਾਂ ਅਮਰਿੰਦਰ ਸਿੰਘ ਵੀ ਸੰਗਤ ਦਰਸ਼ਨ ਕਰਨ ‘ਤੇ ਵਿਸ਼ਵਾਸ ਕਰਨ ਦੀ ਥਾਂ ਕੰਮ ਕਰਨ ‘ਤੇ ਵਿਸ਼ਵਾਸ ਰੱਖਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।