ਅਮਰਿੰਦਰ ਵੱਲੋਂ ਕਾਂਗਰਸ ਪ੍ਰਧਾਨ ਲਈ ਪ੍ਰਿਯੰਕਾ ਦੀ ਵਕਾਲਤ

Amarinder, Advocates, Priyanka, Congress, President

ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪ੍ਰਿਯੰਕਾ ਆਦਰਸ਼ ਉਮੀਦਵਾਰ ਪਰ ਫੈਸਲਾ ਸੀ.ਡਬਲਯੂ.ਸੀ. ਨੇ ਲੈਣਾ: ਕੈਪਟਨ ਅਮਰਿੰਦਰ ਸਿੰਘ

ਸੱਚ ਕਹੂੰ ਬਿਊਰੋ, ਚੰਡੀਗੜ੍ਹ

ਪਾਰਟੀ ਦੀ ਜਨਰਲ ਸਕੱਤਰ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਦੀ ਪ੍ਰਧਾਨ ਚੁਣੇ ਜਾਂਦੇ ਹਨ ਤਾਂ ਉਨਾਂ ਨੂੰ ਸਮੁੱਚਾ ਸਮੱਰਥਨ ਪ੍ਰਾਪਤ ਹੋਵੇਗਾ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਰਾਹੁਲ ਗਾਂਧੀ ਵੱਲੋਂ ਪਿਛੇ ਹਟਣ ਦੇ ਲਏ ਗਏ ਫੈਸਲੇ ‘ਤੇ ਦੁਖ ਪ੍ਰਗਟ ਕੀਤਾ। ਉਨਾਂ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਅਤੇ ਨੌਜਵਾਨ ਆਗੂ ਹੀ ਇਸ ਦੀ ਅਗਵਾਈ ਕਰਨ ਦੇ ਅਨੁਕੂਲ ਹੈ। ਕਾਂਗਰਸ ਦੇ ਆਗੂ ਸ਼ਸ਼ੀ ਥਰੂਰ ਦੇ ਬਿਆਨ ਦੇ ਸਬੰਧ ਵਿੱਚ ਪੁਛੇ ਜਾਣ ‘ਤੇ ਉਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੇ ਮੁਖੀ ਵਾਸਤੇ ਬਹੁਤ ਵਧੀਆ ਪਸੰਦ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੀ ਵਾਗਡੋਰ ਸੰਭਾਲਨ ਲਈ ਢੁਕਵੇਂ ਪਸੰਦੀਦਾ ਉਮੀਦਵਾਰ ਹੋਣਗੇ ਪਰ ਇਹ ਫੈਸਲਾ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ) ‘ਤੇ ਨਿਰਭਰ ਕਰਦਾ ਹੈ ਜੋ ਕਿ ਇਸ ਮਾਮਲੇ ‘ਤੇ ਫੈਸਲਾ ਲੈਣ ਲਈ ਅਧਿਕਾਰਿਤ ਹੈ। ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਵੀ ਇਸ ਅਹਿਮ ਮੌਕੇ ‘ਤੇ ਪਾਰਟੀ ਦੀ ਵਾਗਡੋਰ ਕਿਸੇ ਨੌਜਵਾਨ ਆਗੂ ਨੂੰ ਦੇਣ ਦੀ ਵਕਾਲਤ ਕੀਤੀ ਸੀ। ਉਨਾਂ ਕਿਹਾ ਸੀ ਕਿ ਇਸ ਵੇਲੇ ਭਾਰਤ ਦੀ ਵੱਡੀ ਅਬਾਦੀ ਨੌਜਵਾਨਾਂ ਦੀ ਹੈ ਅਤੇ ਇਕ ਨੌਜਵਾਨ ਆਗੂ ਹੀ ਲੋਕਾਂ ਨਾਲ ਸੰਪਰਕ ਪੈਦਾ ਕਰ ਸਕਦਾ ਹੈ ਅਤੇ ਉਨਾਂ ਦੀ ਖਾਹਿਸ਼ਾਂ ਦੀ ਪੂਰਤੀ ਕਰ ਸਕਦਾ ਹੈ। ਉਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਬੁੱਧੀਮਾਨ ਹੈ ਅਤੇ ਦੇਸ਼ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਤੁਰੰਤ ਉਨਾਂ ਦਾ ਪ੍ਰਗਟਾਵਾ ਕਰਨ ਲਈ ਸਮਰੱਥ ਹੈ। ਉਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਵਿੱਚ ਕਿਸੇ ਵੀ ਚੁਣੌਤੀ ਨੂੰ ਲੈਣ ਅਤੇ ਜਿੱਤ ਵਾਸਤੇ ਸੰਘਰਸ਼ ਕਰਨ ਦਾ ਹੌਸਲਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।