ਦਿੱਲੀ ਵਿੱਚ ਸਾਰੇ ਨਿੱਜੀ ਦਫ਼ਤਰ ਬੰਦ, ਸਿਰਫ਼ ਜਰੂਰੀ ਸੇਵਾਵਾਂ ਨੂੰ ਦਿੱਤੀ ਗਈ ਛੋਟ
ਨਵੀਂ ਦਿੱਲੀ। ਰਾਜਧਾਨੀ ਦਿੱਲੀ ਵਿੱਚ ਕਰੋਨਾ ਦੀ ਬੇਕਾਬੂ ਰਫ਼ਤਾਰ ਨੂੰ ਰੋਕਣ ਲਈ ਸਰਕਾਰ ਨੇ ਸਖ਼ਤੀ ਵਧਾ ਦਿੱਤੀ ਹੈ। ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਦੇ ਨਵੇਂ ਆਦੇਸ਼ ਅਨੁਸਾਰ ਦਿੱਲੀ ਦੇ ਸਾਰੇ ਨਿੱਜੀ ਦਫ਼ਤਰ ਹੁਣ ਬੰਦ ਰਹਿਣਗੇ, ਹਰ ਕਿਸੇ ਨੂੰ ਘਰ ਤੋਂ ਕੰਮ ਕਰਨ ਦੀ ਪਾਲਣਾ ਕਰਨੀ ਪਵੇਗੀ। ਹਾਲਾਂਕਿ, ਸਿਰਫ਼ ਉਹਨਾਂ ਨੂੰ ਹੀ ਇਸ ਤੋਂ ਬਾਹਰ ਰੱਖਿਆ ਗਿਆ ਹੈ ਜੋ ਛੋਟ ਪ੍ਰਾਪਤ ਸ਼੍ਰੇਣੀ ਵਿੱਚ ਆਉਂਦੇ ਹਨ। ਸਾਰੇ ਰੈਸਟੋਰੈਂਟ ਅਤੇ ਬਾਰ ਬੰਦ ਰਹਿਣਗੇ, ਟੇਕਵੇਅ ਦੀ ਇਜ਼ਾਜਤ ਹੋਵੇਗੀ।
ਜਾਣਕਾਰੀ ਦੇ ਅਨੁਸਾਰ ਡੀਡੀਐਮਏ ਨੇ ਸੋਮਵਾਰ ਨੂੰ ਕੋਵਿਡ-19 ਸੰਕਰਮਣ ਨੂੰ ਰੋਕਣ ਲਈ ਬਾਰ ਬੰਦ ਕਰਨ ਦੇ ਨਾਲ-ਨਾਲ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ’ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਡੀਡੀਐਮਏ ਨੇ ਅਜੇ ਤੱਕ ਦਿੱਲੀ ਵਿੱਚ ਲਾਕਡਾਉਨ ਲਗਾਉਂਣ ਦਾ ਫੈਸਲਾ ਨਹੀਂ ਲਿਆ ਹੈ। ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਡੀਡੀਐਮਏ ਦੀ ਮੀਟਿੰਗ ਵਿੱਚ ਇਸ ਗੱਲ ’ਤੇ ਚਰਚਾ ਕੀਤੀ ਗਈ ਕਿ ਕਰੋਨਾ ਵਾਇਰਸ ਅਤੇ ਇਸ ਦੇ ਨਵੇਂ ਓਮੀਕਰੋਨ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਮੌਜ਼ੂਦਾ ਪਾਬੰਦੀਆ ਨੂੰ ਸਖ਼ਤੀ ਨਾਲ ਕਿਵੇਂ ਲਾਗੂ ਕੀਤਾ ਜਾਵੇ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ ਕੇਜੀਰੀਵਾਲ ਵੀ ਮੌਜ਼ੂਦ ਸਨ। ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਦਿੱਲੀ ਵਿੱਚ ਲਗਾਈਆ ਗਈਆ ਪਾਬੰਦੀਆਂ ਨੂੰ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (ਐਟਸੀਆਰ) ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ