ਪੰਜਾਬ ਦੇ ਪਾਣੀਆਂ ਦੇ ਮੁੱਦੇ ਅਤੇ ਖੇਤੀਬਾੜੀ ਬਿੱਲ ਦੇ ਮੁੱਦੇ ‘ਤੇ ਹੋ ਚੁੱਕੀ ਐ ਆਲ ਪਾਰਟੀ ਮੀਟਿੰਗ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੀ ਅੱਧੀ ਦਰਜਨ ਤੋਂ ਜਿਆਦਾ ਪਾਰਟੀਆਂ ਭਖਵੇਂ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਇੰਤਜ਼ਾਰ ਕਰ ਰਹੀਆਂ ਹਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਵਾਰੀ ਵੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਮਿਲਣ ਲਈ ਸਮਾਂ ਹੀ ਨਹੀਂ ਮੰਗਿਆ ਹੈ। ਹਾਲਾਂਕਿ 3 ਵਾਰੀ ਹੋਈ ਆਲ ਪਾਰਟੀ ਮੀਟਿੰਗ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਲਈ ਸਮਾਂ ਮੰਗਣਗੇ ।
ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚਕਾਰ ਪਿਛਲੇ ਦੋ ਦਹਾਕੇ ਤੋਂ ਐਸ.ਵਾਈ.ਐਲ. ਦੇ ਪਾਣੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਇਸ ਵਿਵਾਦ ਬਾਰੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਆਦੇਸ਼ ਜਾਰੀ ਹੋ ਚੁੱਕੇ ਹਨ, ਜਿਹੜੇ ਕਿ ਹਰਿਆਣਾ ਦੇ ਪੱਖ ਦੇ ਹੀ ਹਨ। ਜਿਸ ਦੇ ਚਲਦੇ ਸਿਆਸੀ ਪਾਰਟੀਆਂ ਦੀ ਮੰਗ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਿਛਲੇ ਇੱਕ ਸਾਲ ਦੌਰਾਨ 3 ਵਾਰੀ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ।
ਆਲ ਪਾਰਟੀ ਮੀਟਿੰਗ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਣੀ ਅਤੇ ਖੇਤੀਬਾੜੀ ਬਿੱਲਾਂ ਨੂੰ ਕੇ ਨਾ ਸਿਰਫ਼ ਸਾਰੀ ਸਿਆਸੀ ਪਾਰਟੀਆਂ ਦੇ ਨੁਮਾਇਦਿਆਂ ਨੂੰ ਸੰਬੋਧਨ ਕੀਤਾ ਗਿਆ, ਸਗੋਂ ਪੰਜਾਬ ਦੇ ਇਨਾਂ ਮੁੱਦਿਆਂ ਨੂੰ ਦਿੱਲੀ ਤੋਂ ਹਲ ਕਰਵਾਉਣ ਦਾ ਹੁੰਗਾਰਾ ਵੀ ਭਰਿਆ ਗਿਆ। ਸਿਆਸੀ ਪਾਰਟੀਆਂ ਵੀ ਦਿੱਲੀ ਦਰਬਾਰ ਵਿੱਚ ਮਿਲ ਕੇ ਚਲਣ ਨੂੰ ਤਿਆਰ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਲਈ ਸਮਾਂ ਲੈਣ ਦੀ ਜਿੰਮੇਵਾਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਦਿੱਤੀ ਗਈ।
ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਵੀ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂ ਲੈਂਦੇ ਹੋਏ ਦਿੱਲੀ ਕੂਚ ਕਰਨ ਦਾ ਇਨਾਂ ਤਿੰਨੇ ਆਲ ਪਾਰਟੀਆਂ ਵਿੱਚ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂ ਮੰਗਣ ਦੇ ਬਾਵਜੂਦ ਸਮਾਂ ਨਾ ਦੇਣ ਦਾ ਕਾਰਨ ਪਤਾ ਕਰਨ ਲਈ ਸੂਚਨਾ ਅਧਿਕਾਰ ਐਕਟ ਦਾ ਇਸਤੇਮਾਲ ‘ਸੱਚ ਕਹੂੰ’ ਵੱਲੋਂ ਕੀਤਾ ਗਿਆ। ਜਿਸ ਵਿੱਚ ਮੁੱਖ ਮੰਤਰੀ ਦਫ਼ਤਰ ਪੰਜਾਬ ਵੱਲੋਂ ਦਿੱਤੇ ਗਏ ਜੁਆਬ ਵਿੱਚ ਲਿਖਿਆ ਹੋਇਆ ਹੈ ਕਿ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਤੋਂ ਸਮਾਂ ਲੈਣ ਲਈ ਕਦੇ ਵੀ ਪੱਤਰ ਵਿਹਾਰ ਨਹੀਂ ਕੀਤਾ ਗਿਆ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਆਏ ਇਸ ਜੁਆਬ ਤੋਂ ਸਾਫ ਹੋ ਗਿਆ ਕਿ ਆਲ ਪਾਰਟੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਮਾਂ ਲੈਣ ਲਈ ਲਿਖਤੀ ਰੂਪ ਵਿੱਚ ਕਦੇ ਪੱਤਰ ਹੀ ਭੇਜਣ ਦੀ ਕੋਸ਼ਸ਼ ਨਹੀਂ ਕੀਤੀ ਗਈ।
ਸਿਆਸੀ ਪਾਰਟੀਆਂ ਸਣੇ ਜਨਤਾ ਨੂੰ ਦਿੱਤੈ ਅਮਰਿੰਦਰ ਨੇ ਧੋਖਾ : ਹਰਪਾਲ ਚੀਮਾ
ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਇਹ ਸੱਚ ਬਾਹਰ ਆਉਣ ਤੋਂ ਬਾਅਦ ਸਾਬਤ ਹੋ ਗਿਆ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਿੱਲੀ ਦੀ ਭਾਜਪਾ ਸਰਕਾਰ ਨਾਲ ਮਿਲੇ ਹੋਏ ਹਨ। ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਸਣੇ ਪੰਜਾਬ ਦੀ ਜਨਤਾ ਨੂੰ ਧੋਖਾ ਦਿੱਤਾ ਹੈ। ਜੇਕਰ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਸਮਾਂ ਹੀ ਨਹੀਂ ਲੈਣਾ ਸੀ ਤਾਂ ਆਲ ਪਾਰਟੀ ਮੀਟਿੰਗ ਸੱਦ ਕੇ ਇਹ ਡਰਾਮਾ ਕਿਉਂ ਕੀਤਾ ਗਿਆ।
ਉਨਾਂ ਕਿਹਾ ਕਿ ਕਿਸਾਨੀ ਕਾਨੂੰਨ ਦੇ ਮਾਮਲੇ ਵਿੱਚ ਵੀ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲੇ ਹੋਏ ਹਨ। ਜਿਸ ਕਾਰਨ ਹੁਣ ਤੱਕ ਇਨਾਂ ਕਾਨੂੰਨ ਖ਼ਿਲਾਫ਼ ਪ੍ਰਧਾਨ ਮੰਤਰੀ ਤੋਂ ਮਿਲਣ ਲਈ ਨਹੀਂ ਮੰਗਿਆ ਗਿਆ ਹੈ। ਉਨਾਂ ਕਿਹਾ ਕਿ ਆਮ ਜਨਤਾ ਅਤੇ ਕਿਸਾਨਾਂ ਦਾ ਧਿਆਨ ਭਟਕਾਉਣ ਲਈ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਖ਼ਿਲਾਫ਼ ਤਾਂ ਧਰਨਾ ਲਗਾ ਦਿੱਤਾ ਪਰ ਪ੍ਰਧਾਨ ਮੰਤਰੀ ਤੋਂ ਨਾ ਹੀ ਮਿਲਣ ਦਾ ਸਮਾਂ ਮੰਗਿਆ ਅਤੇ ਨਾ ਹੀ ਉਨਾਂ ਖ਼ਿਲਾਫ਼ ਧਰਨਾ ਲਗਾਇਆ ਜਾ ਰਿਹਾ ਹੈ।
ਸਮਾਂ ਕਿਉਂ ਨਹੀਂ ਮੰਗਿਆ, ਅਧਿਕਾਰੀ ਹੀ ਦੇਣਗੇ ਜੁਆਬ : ਸੰਦੀਪ ਸੰਧੂ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਆਲ ਪਾਰਟੀ ਮੀਟਿੰਗ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲਿਖਤੀ ਰੂਪ ਵਿੱਚ ਸਮਾਂ ਕਿਉਂ ਨਹੀਂ ਮੰਗਿਆ ਗਿਆ ਹੈ, ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਹੀ ਜੁਆਬ ਦੇ ਸਕਦੇ ਹਨ ਪਰ ਉਨਾਂ ਦੀ ਜਾਣਕਾਰੀ ਅਨੁਸਾਰ ਸਮਾਂ ਫੋਨ ਰਾਹੀਂ ਜਿਆਦਾ ਮੰਗਿਆ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.