ਪੰਜਾਬ ਪੁਲਿਸ ਨੇ ਸਾਰੇ ਐੱਸਐੱਸਪੀ ਨੂੰ ਚਾੜ੍ਹੇ ਆਦੇਸ਼
- ਦੋ ਡੇਰਾ ਪ੍ਰੇਮੀਆਂ ਦੇ ਕਤਲ ਤੇ ਗਗਨੇਜਾ ਕਤਲ ਕਾਂਡ ਸਮੇਤ ਕਈ ਮਾਮਲਿਆਂ ਵਿੱਚ ਪੁਲਿਸ ਦੇ ਹੱਥ ਅਜੇ ਵੀ ਖ਼ਾਲੀ
- ਪੰਜਾਬ ਪੁਲਿਸ ਹੁਣ .32 ਅਤੇ 9 ਐਮ.ਐਮ. ਦੀ ਪਿਸਤੌਲ ਰਾਹੀਂ ਲੱਭਣਾ ਚਾਹੁੰਦੀ ਐ ਕਾਤਲਾਂ ਨੂੰ
- ਡੀ.ਆਈ.ਜੀ. ਕਰਨਗੇ ਦੋਰਾਬਾ ਖੁੱਲ੍ਹਣ ਵਾਲੇ ਕੇਸਾਂ ਦੀ ਮੋਨੀਟਰਿੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਪੁਲਿਸ ਨਾਮ ਚਰਚਾ ਘਰ ਸੰਗੇੜਾ ਵਿਖੇ ਹੋਏ ਦੋ ਡੇਰਾ ਪ੍ਰੇਮੀ ਦੇ ਕਤਲ ਦੇ ਨਾਲ ਹੀ ਕਈ ਮੁੱਖ ਸ਼ਖਸੀਅਤਾਂ ਦੇ ਕਤਲ ਦੀਆਂ ਵਾਰਦਾਤਾਂ ਪਿੱਛੇ ਦੋਸ਼ੀਆਂ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਕਰ ਸਕੀ, ਜਿਸ ਕਾਰਨ ਹੁਣ ਪੰਜਾਬ ਪੁਲਿਸ ਨੇ ਮੁੜ ਤੋਂ ਕਾਰਵਾਈ ਜ਼ੀਰੋ ਤੋਂ ਸ਼ੁਰੂ ਕਰਦੇ ਹੋਏ ਸੀ.ਐਫ.ਐਲ. ਦੀ ਰਿਪੋਰਟ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸਾਰੀਆਂ ਵਾਰਦਾਤਾਂ ਪਿੱਛੇ .32 ਅਤੇ 9 ਐਮ.ਐਮ. ਵਰਗੇ ਤੇਜ਼ ਅਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਇਸ ਲਈ ਹੁਣ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਪਿਛਲੇ 5 ਸਾਲਾਂ ਦਰਮਿਆਨ ਹਰ ਉਸ ਵਾਰਦਾਤ ਦੇ ਮਾਮਲੇ ਨੂੰ ਮੁੜ ਤੋਂ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਵਿੱਚ .32 ਅਤੇ 9 ਐਮ.ਐਮ. ਦੇ ਹਥਿਆਰਾਂ ਦੀ ਵਰਤੋਂ ਹੋਈ ਸੀ।
ਜਾਣਕਾਰੀ ਅਨੁਸਾਰ ਪਿਛਲੇ ਦੋ ਸਾਲਾਂ ਦਰਮਿਆਨ ਪੰਜਾਬ ਵਿੱਚ ਜਗਦੀਸ਼ ਗਗਨੇਜਾ, ਕ੍ਰਿਸ਼ਨ ਕੁਮਾਰ ਗੁਪਤਾ, ਲੁਧਿਆਣਾ ਵਿਖੇ ਹਿੰਦੂ ਸੰਗਠਨ ਦੇ ਲੀਡਰਾਂ ‘ਤੇ ਹਮਲਾ ਸਣੇ ਖੰਨਾ ਦੇ ਜੰਗੇੜਾ ਵਿਖੇ ਪਿਓ-ਪੁੱਤ ਡੇਰਾ ਪ੍ਰੇਮੀਆਂ ਦੇ ਕਤਲ ਪਿੱਛੇ ਹੁਣ ਤੱਕ ਕੋਈ ਖੁਲਾਸਾ ਨਾ ਹੋਣ ਕਾਰਨ ਇਹ ਮਾਮਲੇ ਪੰਜਾਬ ਪੁਲਿਸ ਲਈ ਔਖੇ ਹੁੰਦੇ ਨਜ਼ਰ ਆ ਰਹੇ ਹਨ।
ਪੰਜਾਬ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਕਈ ਪਹਿਲੂਆਂ ਦੀ ਜਾਂਚ ਤੋਂ ਬਾਅਦ ਵੀ ਪੁਲਿਸ ਸਿੱਟੇ ‘ਤੇ ਨਹੀਂ ਪੁੱਜ ਸਕੀ, ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਹੁਣ ਪੁਲਿਸ ‘ਤੇ ਭਾਰੀ ਦਬਾਅ ਪਾਇਆ ਰਿਹਾ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਸਾਰੇ ਮਾਮਲਿਆਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਸੁਲਝਾਏ ਜਾਣ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਐਫ.ਐਲ. ਦੀ ਰਿਪੋਰਟ ਅਨੁਸਾਰ ਇੱਕ ਗੱਲ ਸਾਫ਼ ਹੈ ਕਿ ਇਨ੍ਹਾਂ ਸਾਰੀਆਂ ਵਾਰਦਾਤਾਂ ਪਿੱਛੇ ਇੱਕੋ ਹੀ ਗੁੱਟ ਦਾ ਹੱਥ ਹੈ, ਕਿਉਂਕਿ ਸਾਰੀ ਵਾਰਦਾਤਾਂ ਵਿੱਚ .32 ਅਤੇ 8 ਐਮ.ਐਮ. ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ।
ਇਸ ਲਈ ਹੁਣ ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਥਾਈਂ ਛੋਟਾ ਵੱਡਾ ਇਹੋ ਜਿਹਾ ਮਾਮਲਾ ਹੋਵੇ, ਜਿਸ ਵਿੱਚ ਇਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਉਸ ਮਾਮਲੇ ਨੂੰ ਦੋਬਾਰਾ ਖੋਲ੍ਹ ਕੇ ਉਸ ਦੀ ਪੜਤਾਲ ਕਰਕੇ ਸਾਰੀ ਜਾਣਕਾਰੀ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਦਿੱਤੀ ਜਾਵੇ ਤਾਂ ਕਿ ਇਨ੍ਹਾਂ ਦੋਸ਼ੀਆਂ ਤੱਕ ਪਹੁੰਚ ਕਰਨ ਲਈ ਕੋਈ ਸੁਰਾਗ ਉਨ੍ਹਾਂ ਦੇ ਹੱਥ ਲੱਗ ਸਕੇ। ਇਨ੍ਹਾਂ ਆਦੇਸ਼ਾਂ ਵਿੱਚ ਸਾਫ਼ ਕਿਹਾ ਗਿਆ ਹੈ ਕਿ ਇਹ ਜਾਂਚ ਖ਼ੁਦ ਡੀਆਈਜੀ ਆਪਣੇ ਪੱਧਰ ‘ਤੇ ਦੇਖਣਗੇ, ਜਦੋਂ ਕਿ ਜ਼ੋਨਲ ਆਈ.ਜੀ. ਇਨ੍ਹਾਂ ਆਦੇਸ਼ਾਂ ਨੂੰ ਅਮਲ ਕਰਵਾਉਣ ਬਾਰੇ ਕਾਰਵਾਈ ਕਰਨਗੇ।