ਸੰਗਰੂਰ ਜ਼ਿਲ੍ਹੇ ਦੇ ਪਿੰਡ ਆਲਮਪੁਰ ਦਾ ਵਸਨੀਕ ਸੀ ਮਨਦੀਪ ਸਿੰਘ
- ਐਤਵਾਰ ਨੂੰ ਪੁੱਜੇਗੀ ਸ਼ਹੀਦ ਦੀ ਮ੍ਰਿਤਕ ਦੇਹ
ਸੰਗਰੂਰ (ਗੁਰਪ੍ਰੀਤ ਸਿੰਘ)। ਜੰਮੂ-ਕਸ਼ਮੀਰ ਦੇ ਪੁੰਛ ਖੇਤਰ ‘ਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਭਾਰੀ ਗੋਲੀਬਾਰੀ ਦੌਰਾਨ ਭਾਰਤੀ ਫੌਜ ਦੇ ਜਵਾਨ ਸ੍ਰ. ਮਨਦੀਪ ਸਿੰਘ ਸ਼ਹੀਦ ਹੋ ਗਏ। ਮਨਦੀਪ ਸਿੰਘ, ਸੰਗਰੂਰ ਜ਼ਿਲ੍ਹੇ ਦੇ ਪਿੰਡ ਆਲਮਪੁਰ ਦੇ ਵਸਨੀਕ ਸਨ ਤੇ ਭਾਰਤੀ ਫੌਜ ਦੀ ਬਟਾਲੀਅਨ 22 ਸਿੱਖ ਰੈਜੀਮੈਂਟ ‘ਚ ਸਿਪਾਹੀ ਵਜੋਂ ਤਾਇਨਾਤ ਸਨ। ਜਿਵੇਂ ਹੀ ਅੱਜ ਸ੍ਰ. ਮਨਦੀਪ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਉਨ੍ਹਾਂ ਦੇ ਜੱਦੀ ਪਿੰਡ ਆਲਮਪੁਰ ‘ਚ ਪੁੱਜੀ ਤਾਂ ਪੂਰੇ ਪਿੰਡ ‘ਚ ਮਾਤਮ ਛਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਕਿਹਾ ਕਿ ਮਨਦੀਪ ਸਿੰਘ ਨੇ ਦੇਸ਼ ਦੀ ਰਾਖੀ ਲਈ ਆਪਣੀ ਕੀਮਤੀ ਜਾਨ ਵਾਰ ਦਿੱਤੀ, ਜਿਸ ਨੂੰ ਦੇਸ਼ ਵਾਸੀਆਂ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ‘ਤੇ ਸਭ ਨੂੰ ਫਖ਼ਰ ਕਰਨਾ ਚਾਹੀਦਾ ਹੈ। ਪਿੰਡ ਆਲਮਪੁਰ ਦੇ ਵਸਨੀਕ ਸ੍ਰ. ਗੁਰਨਾਮ ਸਿੰਘ ਦਾ ਲਗਭਗ 23 ਵਰ੍ਹਿਆਂ ਦਾ ਸਪੁੱਤਰ ਸ੍ਰ. ਮਨਦੀਪ ਸਿੰਘ, ਆਪਣੇ ਭਰਾ ਤੇ ਭੈਣ ਤੋਂ ਵੱਡਾ ਸੀ। ਉਹ ਪਿਛਲੇ ਲਗਭਗ ਢਾਈ ਸਾਲਾਂ ਤੋਂ ਭਾਰਤੀ ਫੌਜ ‘ਚ ਤਾਇਨਾਤ ਸੀ।
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਐੱਸਡੀਐੱਮ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ, ਥਾਣਾ ਮੁਖੀ ਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸਮੇਤ ਹੋਰ ਅਧਿਕਾਰੀਆਂ ਨੇ ਪਿੰਡ ਆਲਮਪੁਰ ਵਿਖੇ ਪੁੱਜ ਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।