ਰਜਿੰਦਰਾ ਹਸਪਤਾਲ ‘ਚ ਜੇਰੇ ਇਲਾਜ, ਸਰੀਰ ‘ਤੇ ਪਏ ਡੰਡਿਆਂ ਦੇ ਨਿਸ਼ਾਨ
ਪੁਲਿਸ ਨੇ ਦੋਸ਼ ਨਕਾਰੇ, ਥਾਣੇ ਦੇ ਬਾਹਰ ਹੀ ਦੋਵਾਂ ਧਿਰਾਂ ਵਿਚਕਾਰ ਹੋਈ ਲੜਾਈ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਇੱਕ ਅਕਾਲੀ ਵਰਕਰ ਵੱਲੋਂ ਪੁਲਿਸ ਤੇ ਕਾਂਗਰਸੀ ਆਗੂ ‘ਤੇ ਥਾਣੇ ਵਿੱਚ ਉਸਦੀ ਬੂਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ ਹਨ ਤੇ ਉਹ ਰਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਹੈ। ਇੱਧਰ ਪੁਲਿਸ ਵੱਲੋਂ ਅਜਿਹੀ ਕੁੱਟਮਾਰ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਦੋਵਾਂ ਧਿਰਾਂ ਵਿਚਕਾਰ ਲੜਾਈ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਨੌਰੰਗਵਾਲ ਤੇ ਉਨ੍ਹਾਂ ਦੇ ਪੁੱਤਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦੇ ਹੀ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਮੈਂਬਰ ਕਰਨਵੀਰ ਸਿੰਘ ਵੱਲੋਂ ਉਸ ਦੇ ਪਿਤਾ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਝਗੜਾ ਸੀ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਥਾਣੇ ਸ਼ਿਕਾਇਤ ਵੀ ਦਿੱਤੀ ਸੀ।
ਥਾਣਾ ਸਨੌਰ ਦੇ ਏਐੱਸਆਈ ਇੰਦਰਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਨਾਲ ਪਹਿਲਾਂ ਪਰਸੋਂ ਕੁੱਟਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ 23 ਜੂਨ ਸ਼ਾਮ ਨੂੰ ਉਨ੍ਹਾਂ ਨੂੰ ਸਮਝੌਤੇ ਲਈ ਥਾਣੇ ਬੁਲਾਇਆ ਗਿਆ। ਉੱਥੇ ਹੀ ਥਾਣੇ ਅੰਦਰ ਹੀ ਏਐੱਸਆਈ ਦੇ ਕਮਰੇ ਵਿੱਚ ਉਕਤ ਕਾਂਗਰਸੀ ਆਗੂ ਤੇ ਪੁਲਿਸ ਵੱਲੋਂ ਰਲ ਕੇ ਉਸਦੇ ਪਿਤਾ ਸੁਖਵਿੰਦਰ ਸਿੰਘ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸਦੇ ਸਰੀਰ ‘ਤੇ ਡੰਡੇ ਮਾਰ ਮਾਰ ਕੇ ਨਿਸ਼ਾਨ ਪਾ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਉਸ ਦੀ ਸੁਣਵਾਈ ਕਰਨ ਦੀ ਥਾਂ ਕਾਂਗਰਸੀ ਆਗੂ ਦਾ ਹੀ ਸਾਥ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਸੁਖਵਿੰਦਰ ਸਿੰਘ ਜੇਰੇ ਇਲਾਜ ਹੈ।
ਸੁਖਵਿੰਦਰ ਸਿੰਘ ਦੇ ਬੇਟੇ ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਥਾਣੇ ਅੰਦਰ ਸੀਸੀਟੀਵੀਜ਼ ਕੈਮਰੇ ਗਵਾਹ ਹਨ ਕਿ ਉਸ ਦੇ ਪਿਤਾ ਜੀ ਦੀ ਕਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸਨੌਰ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਧਿਰਾਂ ਆਪਸ ਵਿੱਚ ਥਾਣੇ ਦੇ ਬਾਹਰ ਹੀ ਲੜੀਆਂ ਹਨ ਤੇ ਕਿਸੇ ਵੀ ਪੁਲਿਸ ਮੁਲਾਜ਼ਮ ਵੱਲੋਂ ਸੁਖਵਿੰਦਰ ਸਿੰਘ ਦੀ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵੱਲੋਂ ਲਗਾਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਆਪਸੀ ਪੰਚਾਇਤੀ ਚੋਣਾਂ ਸਮੇਂ ਦੀ ਰੰਜਿਸ਼ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿਘ ਦੇ ਬਿਆਨ ਦਰਜ਼ ਕਰਨ ਲਈ ਏਐੱਸਆਈ ਜਸਮੇਲ ਸਿੰਘ ਨੂੰ ਭੇਜਿਆ ਹੋਇਆ ਹੈ ਅਤੇ ਉਸ ਦੇ ਬਿਆਨਾਂ ਦੇ ਅਧਾਰ ‘ਤੇ ਜਿਸ ਵੀ ਵਿਅਕਤੀ ਖਿਲਾਫ਼ ਕਾਰਵਾਈ ਬਣੇਗੀ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।