ਕਰਤਾਰਪੁਰ ‘ਗੇ ਸਰਧਾਲੂਆਂ ਤੋਂ ਪੁੱਛਗਿਝ ਨੂੰ ਲੈ ਕੇ ਸਦਨ ‘ਚ ਹੰਗਾਮਾ, ਅਕਾਲੀ ਦਲ ਦਾ ਵਾਕ ਆਉਟ

Akali dal

ਐਸ.ਐਸ.ਪੀ. ਅਤੇ ਐਸਐਚਓ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ, ਸੁਖਜਿੰਦਰ ਰੰਧਾਵਾ ਨੇ ਦਿੱਤਾ ਕਾਰਵਾਈ ਦਾ ਭਰੋਸਾ

ਆਈ.ਬੀ. ਵਲੋਂ ਪੜਤਾਲ ਕਰਨ ਦਾ ਸੀ ਪੱਤਰ, ਫਿਰ ਵੀ ਕਿਸੇ ਅਧਿਕਾਰੀ ਨੇ ਕੀਤੀ ਗਲਤੀ ਤਾਂ ਹੋਏਗੀ ਕਾਰਵਾਈ: ਰੰਧਾਵਾ

ਸ਼ਰਧਾਲੂਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਐ, ਇੰਝ ਨਹੀਂ ਹੋਣਾ ਚਾਹੀਦਾ ਹੈ : ਢਿੱਲੋਂ

ਡੀ.ਜੀ.ਪੀ. ਵਲੋਂ ਦਿੱਤੇ ਗਏ ਬਿਆਨ ਨੂੰ ਹੀ ਲਾਗੂ ਕੀਤਾ ਜਾ ਰਿਹਾ ਐ, ਕਾਰਵਾਈ ਹੋਣੀ ਚਾਹੀਦੀ ਐ : ਚੀਮਾ

ਚੰਡੀਗੜ, (ਅਸ਼ਵਨੀ ਚਾਵਲਾ)। ਕਰਤਾਰਪੁਰ ਗਏ ਸਰਧਾਲੂਆਂ ਤੋਂ ਪੁੱਛ-ਗਿੱਛ ਕਰਨ ਦੇ ਮਾਮਲੇ ਵਿੱਚ ਵਿਧਾਨ ਸਭਾ ਦੇ ਸਦਨ ਦੇ ਅੰਦਰ ਕਾਫ਼ੀ ਜਿਆਦਾ ਬਹਿਸ ਬਾਜੀ ਦੇ ਨਾਲ ਹੀ ਹੰਗਾਮਾ ਵੀ ਹੋਇਆ। ਇਸ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਰੱਜ ਕੇ ਹੰਗਾਮਾ ਕਰਦੇ ਹੋਏ ਸੰਬੰਧਿਤ ਜ਼ਿਲੇ ਦੇ ਐਸ.ਐਸ.ਪੀ. ਅਤੇ ਐਸ.ਐਚ.ਓ. ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਕਰਦੇ ਹੋਏ ਵੈਲ ਵਿੱਚ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਝ ਹੀ ਮਿੰਟਾਂ ਬਾਅਦ ਸਦਨ ਦੀ ਕਾਰਵਾਈ ਦਾ ਵਾਕ ਆਉਟ ਕਰਦੇ ਹੋਏ ਬਾਹਰ ਚਲੇ ਗਏ।

ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਆਪਸ ਵਿੱਚ ਕਾਫ਼ੀ ਜਿਆਦਾ ਬਹਿਸ ਹੋ ਗਈ ਅਤੇ ਕੁਝ ਦੇਰ ਹੰਗਾਮਾ ਵੀ ਹੁੰਦਾ ਰਿਹਾ।

ਸਦਨ ਦੀ ਕਾਰਵਾਈ ਦੌਰਾਨ ਜਦੋਂ ਜ਼ੀਰੋ ਕਾਲ ਸ਼ੁਰੂ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਦਾ ਚੁੱਕਿਆ ਗਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਆਏ ਸਰਧਾਲੂਆਂ ਨੂੰ ਪੁਲਿਸ ਥਾਣੇ ਸੱਦ ਕੇ ਪੁੱਛ-ਗਿੱਛ ਕੀਤੀ ਗਈ ਹੈ ਅਤੇ ਇਹ ਕਾਫ਼ੀ ਜਿਆਦਾ ਗੰਭੀਰ ਮਾਮਲਾ ਹੈ। ਇਸ ਲਈ ਸਰਕਾਰ ਨੂੰ ਮੌਕੇ ਦੇ ਐਸ.ਐਸ.ਪੀ. ਅਤੇ ਐਸ.ਐਚ.ਓ. ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਇੰਜ ਨਾ ਹੋਵੇ।

ਅਕਾਲੀ ਦਲ ਵਿਧਾਇਕ ਦਲ ਦੇ ਲੀਡਰ ਸ਼ਰਨਜੀਤ ਢਿੱਲੋਂ ਕਿਹਾ ਕਿ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਪਰ ਇਹ ਮਾਮਲਾ ਕਾਫ਼ੀ ਜਿਆਦਾ ਗੰਭੀਰ ਹੈ। ਇਸ ਮਾਮਲੇ ਵਿੱਚ ਬ੍ਰਹਮਮਹਿੰਦਰਾਂ ਜੀ ਨੂੰ ਬਿਆਨ ਦੇਣਾ ਚਾਹੀਦਾ ਕਿ ਅੱਗੇ ਤੋਂ ਸਰਧਾਲੂਆਂ ਨੂੰ ਤੰਗ ਨਹੀਂ ਕੀਤਾ ਜਾਏਗਾ। ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਮੰਗ ਕੀਤੀ ਕਿ ਸੰਬੰਧਿਤ ਜ਼ਿਲੇ ਦੇ ਐਸ.ਐਸ.ਪੀ. ਅਤੇ ਐਸ.ਐਚ.ਓ. ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ‘ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨਾਂ ਨੇ ਸਵੇਰੇ ਹੀ ਜਾਣਕਾਰੀ ਪ੍ਰਾਪਤ ਕਰ ਲਈ ਸੀ। ਐਸ.ਐਸ.ਪੀ. ਨੂੰ ਆਈ.ਬੀ. ਵੱਲੋਂ ਇੱਕ ਪੱਤਰ ਆਇਆ ਸੀ ਕਿ ਇਨਾਂ ਕੁਝ ਵਿਅਕਤੀਆਂ ਤੋਂ ਪੁੱਛ-ਗਿੱਛ ਕਰਕੇ ਰਿਪੋਰਟ ਭੇਜੀ ਜਾਵੇ ਅਤੇ ਆਈ.ਬੀ. ਵੱਲੋਂ ਇੰਜ ਲਿਖ ਕੇ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ। ਉਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਵੀ ਪੁਲਿਸ ਵਾਲਾ ਦੋਸ਼ੀ ਪਾਇਆ ਗਿਆ ਕਿ ਉਨਾਂ ਨੇ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਹੈ ਤਾਂ ਉਹ ਉਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਥੇ ਹੀ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਬਿਆਨ ਦੇਣ ਤੋਂ ਬਾਅਦ ਹੀ ਇਸ ਤਰਾਂ ਦੀ ਪੁੱਛ ਪੜਤਾਲ ਹੋਈ ਹੈ, ਇਸ ਲਈ ਇਸ ਸਬੰਧੀ ਵਿੱਚ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਵਿੱਚ ਮੰਤਰੀ ਬ੍ਰਹਮ ਮਹਿੰਦਰਾਂ ਨੂੰ ਬਿਆਨ ਦੇਣ ਲਈ ਕਿਹਾ ਪਰ ਸੁਖਜਿੰਦਰ ਰੰਧਾਵਾ ਵੱਲੋਂ ਜਦੋਂ ਬਿਆਨ ਦੇਣ ਦੀ ਕੋਸ਼ਸ਼ ਕੀਤੀ ਗਈ ਤਾਂ ਹਰਪਾਲ ਚੀਮਾ ਉਨਾਂ ਨਾਲ ਉਲਝ ਗਏ ਕਿ ਉਹ ਗ੍ਰਹਿ ਮੰਤਰੀ ਨਹੀਂ ਹਨ, ਇਸ ਲਈ ਉਨਾਂ ਦਾ ਬਿਆਨ ਦੇਣ ਦਾ ਮਤਲਬ ਨਹੀਂ ਬਣਦਾ। ਇਸੇ ਦੌਰਾਨ ਵੈੱਲ ਵਿੱਚ ਹੰਗਾਮਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਾਕ ਆਊਟ ਕਰਦੇ ਹੋਏ ਸਦਨ ਤੋਂ ਬਾਹਰ ਚਲੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here