ਬਿਕਰਮ ਮਜੀਠੀਆ ਦਾ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ, ਬਿੱਲਾਂ ਨੂੰ ਦੱਸਿਆ ਮੋਦੀ ਸਰਕਾਰ ਨਾ ‘ਫਿਕਸ ਮੈਚ’
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਕਿਸਾਨਾਂ ਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੁੱਧੂ ਹੀ ਬਣਾ ਕੇ ਰੱਖ ਦਿੱਤਾ। ਨਰਿੰਦਰ ਮੋਦੀ ਨਾਲ ਫਿਕਸ਼ ਮੈਚ ਖੇਡਦੇ ਹੋਏ ਕਿਸਾਨੀ ਅੰਦੋਲਨ ਨੂੰ ਡੀਰੇਲ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਜਿਸ ਨਾਲ ਅਮਰਿੰਦਰ ਸਿੰਘ ਆਪਣੀ ਯਾਰੀ ਨਰਿੰਦਰ ਮੋਦੀ ਨਾਲ ਤਾਂ ਨਿਭਾ ਗਿਆ ਪਰ ਕਿਸਾਨਾਂ ਨਾਲ ਗੱਦਾਰੀ ਕਰ ਗਿਆ, ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਆਸ ਸੀ ਕਿ ਅਮਰਿੰਦਰ ਸਿੰਘ ਵਿਧਾਨ ਸਭਾ ਦੇ ਅੰਦਰ ਕੁਝ ਇਹੋ ਜਿਹਾ ਲੈ ਕੇ ਆਉਣਾ, ਜਿਸ ਨਾਲ ਕੇਂਦਰੀ ਕਾਨੂੰਨਾਂ ਦਾ ਪਰਭਾਵ ਹੀ ਖ਼ਤਮ ਹੋ ਜਾਏਗਾ ਪਰ ਇਨਾਂ ਨੇ ਤਾਂ ਆਪਣੇ ਬਿੱਲ ਪਾਸ ਕਰਕੇ ਵੀ ਕੇਂਦਰ ਦੇ ਹੱਥ ਫੜਾ ਦਿੱਤੇ ਕਿ ਤੁਸੀਂ ਆਪਣੇ ਕੋਲ ਰੱਖ ਲਵੋ ਅਤੇ ਇਸ ਤਰ੍ਹਾਂ ਹੀ 10-15 ਸਾਲ ਬੀਤ ਜਾਣੇ ਹਨ। ਜਿਸ ਤਰੀਕੇ ਨਾਲ ਪਾਣੀ ਦਾ ਮੁੱਦਾ ਪਿਛਲੇ 15 ਸਾਲਾਂ ਤੋਂ ਦਿੱਲੀ ਵਿਖੇ ਰੁਲੀ ਜਾ ਰਿਹਾ ਹੈ।
ਇਹ ਤਿੱਖਾ ਹਮਲਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠਿਆ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ।
ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਧੋਖਾ ਕਿਸਾਨਾਂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਹੈ, ਇਸ ਲਈ ਪੰਜਾਬ ਦਾ ਕਿਸਾਨ ਕਦੇ ਵੀ ਮੁਆਫ਼ ਨਹੀਂ ਕਰੇਗਾ। ਪੰਜਾਬ ਵਿਧਾਨ ਸਭਾ ਵਿੱਚ ਸੰਵਿਧਾਨ ਅਨੁਸਾਰ ਆਪਣਾ ਨਵਾਂ ਕਾਨੂੰਨ ਬਣਾਉਣ ਦੀ ਥਾਂ ‘ਤੇ ਕੇਂਦਰੀ ਕਾਨੂੰਨਾਂ ਨਾਲ ਜੋੜਦੇ ਹੋਏ ਬਿੱਲ ਪਾਸ ਕਰ ਦਿੱਤਾ ਗਿਆ,
ਜਿਸ ਦੀ ਮਨਜ਼ੂਰੀ ਰਾਸ਼ਟਰਪਤੀ ਤੋਂ ਮਿਲੇਗੀ ਜਦੋਂ ਕਿ ਰਾਸ਼ਟਰਪਤੀ ਕਦੇ ਵੀ ਇਨ੍ਹਾਂ ਬਿੱਲਾਂ ‘ਤੇ ਦਸਤਖ਼ਤ ਨਹੀਂ ਕਰਨਗੇ, ਕਿਉਂਕਿ ਉਹ ਪਹਿਲਾਂ ਹੀ ਕੇਂਦਰ ਸਰਕਾਰ ਦੇ ਤਿੰਨ ਬਿੱਲਾਂ ‘ਤੇ ਆਪਣੇ ਦਸਤਖ਼ਤ ਕਰ ਚੁੱਕੇ ਹਨ।
ਮਜੀਠੀਆ ਨੇ ਕਿਹਾ ਕਿ ਅਸਲ ਵਿੱਚ ਕਿਸਾਨਾਂ ਦਾ ਦਬਾਅ ਇੰਨਾ ਜਿਆਦਾ ਸੀ ਕਿ ਅਮਰਿੰਦਰ ਸਿੰਘ ਨੂੰ ਮਜਬੂਰਨ ਇਹ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਪਿਆ ਹੈ,
ਜਦੋਂਕਿ ਖਟਕੜਕਲਾਂ ਵਿਖੇ ਇਸੇ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਸੂਬੇ ਕਦੇ ਵੀ ਕੇਂਦਰ ਦੇ ਕਾਨੂੰਨ ਨੂੰ ਰੱਦ ਨਹੀਂ ਕਰ ਸਕਦੇ ਹਨ ਅਤੇ ਇਨਾਂ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਕੁਝ ਵੀ ਨਹੀਂ ਕਰ ਸਕਦੀ ਹੈ, ਇਸ ਲਈ ਵਿਧਾਨ ਸਭਾ ਦਾ ਸੈਸ਼ਨ ਨਹੀਂ ਸੱਦਿਆ ਜਾਏਗਾ। ਮਜੀਠੀਆ ਨੇ ਕਿਹਾ ਜਦੋਂ ਕਿਸਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦਬਾਅ ਪਿਆ ਤਾਂ ਅਮਰਿੰਦਰ ਸਿੰਘ ਨੇ ਸੈਸ਼ਨ ਤਾਂ ਸੱਦ ਲਿਆ ਪਰ ਇਹੋ ਜਿਹੇ ਬਿੱਲ ਤਿਆਰ ਕਰ ਦਿੱਤੇ, ਜਿਨਾਂ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਹੀ ਨਹੀਂ ਹੋਣਾ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਤਾਂ ਇਸ ਕਿਸਾਨੀ ਅੰਦੋਲਨ ਵਿੱਚ ਵੀ ਦਿੱਲੀ ਖੁਸ਼ ਕਰਨੀ ਸੀ, ਜਿਸ ਕਾਰਨ ਹੀ ਨਰਿੰਦਰ ਮੋਦੀ ਦੇ ਕਹਿਣ ‘ਤੇ ਇਹੋ ਜਿਹੇ ਕਾਨੂੰਨ ਤਿਆਰ ਕਰ ਦਿੱਤੇ ਗਏ ਹਨ, ਜਿਨਾਂ ਨੇ ਕਿਥੇ ਵੀ ਜਾ ਕੇ ਨਹੀਂ ਟਿਕਣਾ ਹੈ।
ਪੰਜਾਬ ਨੂੰ ਮੰਡੀ ਐਲਾਨ ਦਿੰਦੇ ਤਾਂ ਰਾਸ਼ਟਰਪਤੀ ਦੇ ਦਸਤਖ਼ਤ ਦੀ ਨਹੀਂ ਸੀ ਲੋੜ
ਬਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਪੰਜਾਬ ਨੂੰ ਮੰਡੀ ਘੋਸ਼ਿਤ ਕਰਦੇ ਹੋਏ ਬਿੱਲ ਪੇਸ਼ ਕਰ ਦਿੰਦੇ ਤਾਂ ਇਹ ਸੂਬੇ ਦਾ ਅਧਿਕਾਰ ਖੇਤਰ ਹੋਣ ਕਰਕੇ ਸਿਰਫ਼ ਰਾਜਪਾਲ ਕੋਲ ਹੀ ਦਸਤਖ਼ਤ ਲਈ ਜਾਣਾ ਸੀ, ਅਤੇ ਰਾਸ਼ਟਰਪਤੀ ਤੱਕ ਭੇਜਣ ਦੀ ਜਰੂਰਤ ਨਹੀਂ ਸੀ
ਫਿਰ ਸੈਸ਼ਨ, ਪੰਜਾਬ ਦਾ ਪਾਸ ਹੋਵੇ ਬਿੱਲ
ਬਿਕਰਮ ਮਜੀਠਿਆ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਮੁੜ ਤੋਂ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਚਾਹੀਦਾ ਹੈ, ਜਿਸ ਵਿੱਚ ਸਟੇਟ ਸਬਜੈਕਟ ਅਨੁਸਾਰ ਬਿੱਲ ਪਾਸ ਕਰਨਾ ਚਾਹੀਦਾ ਹੈ, ਜਿਹੜਾ ਕਿ ਰਾਜਪਾਲ ਕੋਲ ਜਾ ਕੇ ਹੀ ਪਾਸ ਹੋ ਜਾਏਗਾ। ਇਸ ਤੋਂ ਇਲਾਵਾ ਪੰਜਾਬ ਦੇ ਕੋਲ ਕੋਈ ਵੀ ਰਾਹ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.