ਆਮ ਆਦਮੀ ਪਾਰਟੀ ਅਤੇ ਕਾਂਗਰਸ ਅਤੇ ਭਾਜਪਾ ਨੇ ਜਾਰੀ ਕੀਤੀ ਸੂਚੀ | Akali Dal
- ਹਰ ਪਾਰਟੀ ਨੂੰ 40 ਸਟਾਰ ਪ੍ਰਚਾਰਕਾਂ ਨੂੰ ਐਲਾਨ ਕਰਨ ਦੀ ਛੋਟ, ਉਮੀਦਵਾਰ ਨੂੰ ਖ਼ਰਚੇ ’ਚ ਹੁੰਦੈ ਫਾਇਦਾ | Akali Dal
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਦੇ ਇਸ ਦੰਗਲ ਵਿੱਚ ਸ਼੍ਰੋਮਣੀ ਅਕਾਲੀ ਦਲ ਸਟਾਰ ਪ੍ਰਚਾਰਕਾਂ ਤੋਂ ਹੀ ਖਾਲੀ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਹੀ ਜਾਰੀ ਨਹੀਂ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋਣ ਦੀ ਕੋਈ ਉਮੀਦ ਵੀ ਦਿਖਾਈ ਨਹੀਂ ਦੇ ਰਹੀ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਹਰ ਪਾਰਟੀ ਦੇ ਸਟਾਰ ਪ੍ਰਚਾਰਕ ਵੱਲੋਂ ਪੰਜਾਬ ਵਿੱਚ ਪ੍ਰਚਾਰ ਕਰਨ ਦੀ ਕੋਸ਼ਸ਼ ਵੀ ਕੀਤੀ ਜਾ ਰਹੀ ਹੈ। (Akali Dal)
ਇਹ ਵੀ ਪੜ੍ਹੋ : PM in Patiala: ਮੋਦੀ ਦੀ ਰੈਲੀ ‘ਚ ਨਹੀਂ ਪੁੱਜਣਗੇ ਕੈਪਟਨ ਅਮਰਿੰਦਰ ਸਿੰਘ, ਜਾਣੋ ਕਾਰਨ…
ਜਾਣਕਾਰੀ ਅਨੁਸਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਦੇ ਹੱਕ ਵਿੱਚ ਇੱਕ ਤੋਂ ਜ਼ਿਆਦਾ ਲੀਡਰ ਪ੍ਰਚਾਰ ਕਰਨ ਲਈ ਆਉਂਦੇ ਹਨ ਤਾਂ ਕਈ ਵੱਡੇ ਲੀਡਰਾਂ ਦੇ ਹੈਲੀਕਾਪਟਰ ਜਾਂ ਫਿਰ ਮਹਿੰਗੀਆਂ ਗੱਡੀਆਂ ਵਿੱਚ ਪ੍ਰਚਾਰ ਕਰਨ ਆਉਣ ’ਤੇ ਉਸ ਦਾ ਸਾਰਾ ਖ਼ਰਚ ਉਮੀਦਵਾਰ ਦੇ ਖਾਤੇ ਪੈ ਜਾਂਦਾ ਹੈ, ਜਿਸ ਕਾਰਨ ਉਮੀਦਵਾਰ ਦੇ ਚੋਣ ਸਮੇਂ ਤੈਅ ਕੀਤੀ ਗਈ ਚੋਣ ਖ਼ਰਚੇ ਦੀ ਲਿਮਟ ਵੀ ਖ਼ਤਮ ਹੋਣ ਦਾ ਡਰ ਰਹਿੰਦਾ ਹੈ। ਇਸ ਨੂੰ ਦੇਖਦੇ ਹੋਏ ਹੀ ਦੇਸ਼ ਵਿੱਚ ਹਰ ਚੋਣ ਮੌਕੇ 40 ਸਟਾਰ ਪ੍ਰਚਾਰਕਾਂ ’ਤੇ ਹੋਣ ਵਾਲੇ ਹਰ ਤਰ੍ਹਾਂ ਦੇ ਖ਼ਰਚ ਨੂੰ ਉਮੀਦਵਾਰ ਦੇ ਖਾਤੇ ਵਿੱਚ ਪਾਉਣ ਦੀ ਛੋਟ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀ ਜਾਂਦੀ ਹੈ। (Akali Dal)
ਪਰ ਚੋਣ ਪ੍ਰਚਾਰ ਤੋਂ ਪਹਿਲਾਂ ਹਰ ਪਾਰਟੀ ਨੂੰ ਆਪਣੇ ਉਨ੍ਹਾਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਨੂੰ ਜਾਰੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਚੋਣ ਕਮਿਸ਼ਨ ਸਣੇ ਆਮ ਲੋਕਾਂ ਨੂੰ ਵੀ ਜਾਣਕਾਰੀ ਮਿਲ ਸਕੇ ਕਿ ਇਹ ਲੀਡਰ ਸਟਾਰ ਪ੍ਰਚਾਰਕ ਹੈ। ਇਸ ਦੌਰਾਨ ਦੇਸ਼ ਵਿੱਚ ਹਰ ਸਿਆਸੀ ਪਾਰਟੀ ਵੱਲੋਂ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਨੂੰ ਜਾਰੀ ਕੀਤਾ ਜਾਂਦਾ ਹੈ। ਹੁਣ ਦੇਸ਼ ਵਿੱਚ ਆਮ ਚੋਣਾਂ ਦੌਰਾਨ ਹਰ ਸਿਆਸੀ ਪਾਰਟੀ ਵੱਲੋਂ ਹਰ ਸੂਬੇ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਵੀ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਇਹ ਸੂਚੀ ਜਾਰੀ ਕਰ ਦਿੱਤੀ ਗਈ ਹੈ। (Akali Dal)
ਪਰ ਸ਼੍ਰੋਮਣੀ ਅਕਾਲੀ ਦਲ ਇਸ ਸੂਚੀ ਨੂੰ ਹੁਣ ਤੱਕ ਜਾਰੀ ਹੀ ਨਹੀਂ ਕਰ ਸਕਿਆ। ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਵੀ ਨਹੀਂ ਕੀਤੀ ਜਾਵੇਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਸਮੇਂ ਸਿਰਫ਼ ਸੁਖਬੀਰ ਬਾਦਲ ਹੀ ਪੰਜਾਬ ਭਰ ਵਿੱਚ ਪ੍ਰਚਾਰ ਕਰ ਰਹੇ ਹਨ, ਜਦੋਂ ਕਿ ਬਾਕੀ ਸਿਆਸੀ ਲੀਡਰ ਇੱਕ ਜਾਂ ਫਿਰ 2 ਲੋਕ ਸਭਾ ਸੀਟਾਂ ਤੱਕ ਹੀ ਸੀਮਤ ਚੱਲ ਰਹੇ ਹਨ। ਇਸ ਲਈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਇਸ ਸੂਚੀ ਨੂੰ ਜਾਰੀ ਨਹੀਂ ਕਰ ਰਿਹਾ ਹੈ। (Akali Dal)
ਸਟਾਰ ਪ੍ਰਚਾਰਕ ਛੱਡ ਚੁੱਕੇ ਹਨ ਪਾਰਟੀ ਜਾਂ ਫਿਰ ਬੈਠੇ ਹਨ ਘਰ | Akali Dal
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੀਆਂ ਚੋਣਾਂ ਮੌਕੇ ਜਾਰੀ ਕੀਤੀ ਜਾਣ ਵਾਲੀ ਸਟਾਰ ਪ੍ਰਚਾਰਕਾਂ ਦੀ ਸੂਚੀ ਨੂੰ ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਸਟਾਰ ਪ੍ਰਚਾਰਕ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਨਹੀਂ ਹਨ। ਪਿਛਲੀਆਂ ਚੋਣਾਂ ਮੌਕੇ ਐਲਾਨੇ ਗਏ ਜ਼ਿਆਦਾਤਰ ਸਟਾਰ ਪ੍ਰਚਾਰਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹੋਰ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ ਜਾਂ ਫਿਰ ਕੁਝ ਸਟਾਰ ਪ੍ਰਚਾਰਕ ਆਪਣੇ ਘਰ ਵਿੱਚ ਹੀ ਬੈਠੇ ਹਨ ਅਤੇ ਪਾਰਟੀ ਲਈ ਆਪਣੇ ਲੋਕ ਸਭਾ ਹਲਕੇ ਵਿੱਚ ਵੀ ਪ੍ਰਚਾਰ ਨਹੀਂ ਕਰ ਰਹੇ ਹਨ। (Akali Dal)