ਅਕਾਲੀ ਦਲ ਤੇ ਆਪ ਨੇ ਰਲ-ਮਿਲ ਕੇ ਡਰਾਮਾ ਰਚਿਆ : ਜਾਖੜ

Akali Dal, AAP, Sunil Jakhar, Congress leader

ਕਾਂਗਰਸ ਪ੍ਰਧਾਨ ਨੇ ਦੋਵੇਂ ਵਿਰੋਧੀ ਪਾਰਟੀਆਂ ਨੂੰ ਲਾਏ ਰਗੜੇ

ਸੱਚ ਕਹੂੰ ਨਿਊਜ਼, ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ‘ਤੇ ਚੋਣਾਂ ਤੋਂ ਪਹਿਲਾਂ ਰਲ-ਮਿਲ ਕੇ ਮੈਚ ਖੇਡਣ ਦਾ ਦੋਸ਼ ਲਾਉੁਂਦਿਆਂ ਆਖਿਆ ਕਿ ਹੁਣ ਵਿਧਾਨ ਸਭਾ ਵਿੱਚ ਵੀ ਇਨ੍ਹਾਂ ਦੋਵਾਂ ਪਾਰਟੀਆਂ ਨੇ ਆਪਣੀ ਪੁਰਾਣੀ ਸਾਂਝ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਅੰਦਰੂਨੀ ਤੇ ਬਾਹਰੀ ਸੱਤਾ ਪ੍ਰਾਪਤੀ ਦੇ ਸੰਘਰਸ਼ ਨੇ ਪਵਿਤੱਰ ਸਦਨ ਨੂੰ ਜੰਗ ਦਾ ਮੈਦਾਨ ਬਣਾ ਕੇ ਰੱਖ ਦਿੱਤਾ।

ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਵਿਰੋਧੀ ਪਾਰਟੀਆਂ ਵੱਲੋਂ ਵਿਧਾਨ ਸਭਾ ਦੀ ਜਮਹੂਰੀ ਸੰਸਥਾ ਦਾ ਮਾਖੌਲ ਉਡਾਉਣ ਦੀ ਸਖਤ ਅਲੋਚਨਾ ਕਰਦਿਆਂ ਦੋਵਾਂ ਪਾਰਟੀਆਂ ਨੂੰ ਸਦਨ ਤੇ ਸਪੀਕਰ ਦੇ ਅਹੁਦੇ ਦੀ ਪਵਿੱਤਰਤਾ ਨੂੰ ਢਾਹ ਲਾਉਣ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਆਖਿਆ। ਸ੍ਰੀ ਜਾਖੜ ਨੇ ਸੁਖਬੀਰ ਸਿੰਘ ਬਾਦਲ ਨੂੰ ਤਿੰਨ ਸਵਾਲ ਕੀਤੇ। ਪਹਿਲੇ ਸਵਾਲ ‘ਚ ਉਨ੍ਹਾਂ ਕਿਹਾ ਕਿ ਕੀ ਸੁਖਬੀਰ ਆਪ ਲੀਡਰ ਅਰਵਿੰਦ ਕੇਜਰੀਵਾਲ ਖਿਲਾਫ਼ ਮਾਣਹਾਨੀ ਦਾ ਉਹ ਕੇਸ ਵਾਪਸ ਲਵੇਗਾ, ਜਿਸ ‘ਚ ਬਿਕਰਮ ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਦੋਸ਼ ਲਾਏ ਗਏ ਹਨ ਕਿਉਂ ਜੋ ਹੁਣ ਦੋਵਾਂ ਪਾਰਟੀਆਂ ਦੀ ਸਾਂਝ ਜੱਗ-ਜ਼ਾਹਿਰ ਹੋ ਹੀ ਚੁੱਕੀ ਹੈ। ਦੂਜੇ ਸਵਾਲ ‘ਚ ਕੀ ਸੁਖਬੀਰ ਬਾਦਲ ਵਿਧਾਨ ਸਭਾ ਦੇ ਸਪੀਕਰ ਖਿਲਾਫ ਅਪਮਾਨਜਨਕ ਸ਼ਬਦ ਬੋਲਣ ਲਈ ਮੁਆਫੀ ਮੰਗਣਗੇ ਤੇ ਅਖੀਰਲੇ ਸਵਾਲ ‘ਿਚ ਕੀ ਪ੍ਰਕਾਸ਼ ਸਿੰਘ ਬਾਦਲ ਵਿਰੋਧੀ ਧਿਰ ਦੇ ਅਹੁਦੇ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਲਈ ਵਿਧਾਨ ਸਭਾ ਆਉਣਗੇ।

ਰੇਤ ਮਾਫ਼ੀਆ ਖਿਲਾਫ਼  ਸਖ਼ਤ ਕਾਰਵਾਈ ਦੀ ਵਚਨਬੱਧਤਾ ਦੁਹਰਾਈ

ਕਾਂਗਰਸ ਸਰਕਾਰ ਦੇ ਸੱਤਾ ‘ਚ ਆਉਣ ‘ਤੇ ਨਸ਼ਿਆਂ ਦੇ ਕਾਰੋਬਾਰ ਖਿਲਾਫ਼ ਕਾਰਵਾਈ ਦੇ ਵਾਅਦੇ ਦੇ ਬਾਵਜ਼ੂਦ ਮਜੀਠੀਆ ਨੂੰ ਗ੍ਰਿਫਤਾਰ ਕਰਨ ‘ਚ ਨਾਕਾਮ ਰਹਿਣ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਸ੍ਰੀ ਜਾਖੜ ਨੇ ਆਖਿਆ ਕਿ ਅਜਿਹਾ ਸਿਰਫ ਧਾਰਨਾ ਨੂੰ ਆਧਾਰ ਬਣਾ ਕੇ ਆਪਣੀ ਹੀ ਅਦਾਲਤ ਲਾ ਕੇ ਨਹੀਂ ਕੀਤਾ ਜਾ ਸਕਦਾ, ਸਗੋਂ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ।  ਸ੍ਰੀ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਕਾਲੀਆਂ ਦੇ ਸ਼ਾਸਨ ਦੌਰਾਨ ਖੁੰਬਾਂ ਵਾਂਗ ਪੈਦਾ ਹੋਏ ਮਾਫੀਏ ਵਿਰੁੱਧ ਕਾਰਵਾਈ ਤੇ ਜਾਂਚ ਨੂੰ ਯੋਜਨਾਬੱਧ ਤਰੀਕੇ ਨਾਲ ਚਲਾ ਰਹੀ ਹੈ। ਉਨ੍ਹਾਂ ਕਿਹਾ ਥੋੜ੍ਹਾ ਜਿਹਾ ਸਬਰ ਰੱਖੋ, ”ਤੁਹਾਡੇ ਵੱਲੋਂ ਕੀਤੇ ਗਏ ਮਾੜੇ ਕੰਮਾਂ ਦਾ ਹਿਸਾਬ ਜ਼ਰੂਰ ਲਿਆ ਜਾਵੇਗਾ।” ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਦਲਾਖੋਰੀ ਵਾਲਾ ਰਵੱਈਆ ਨਹੀਂ ਅਪਣਾਏਗੀ ਪਰ ਮਾਫੀਏ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

ਵਿਧਾਨ ਸਭਾ ‘ਚ ਵਾਪਰੀਆਂ ਘਟਨਾਵਾਂ ‘ਤੇ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਦਨ ‘ਚ ਨਹੀਂ ਆ ਰਹੇ ਸਨ ਕਿਉਂਕਿ ਅਕਾਲੀ ਦਲ ਨੁੱਕਰੇ ਲੱਗ ਗਿਆ ਤੇ ਆਮ ਆਦਮੀ ਪਾਰਟੀ ਵੀ ਆਪਣੀ ਅੰਦਰੂਨੀ ਲੜਾਈ ਦਾ ਸੇਕ ਝੱਲ ਰਹੀ ਹੈ, ਜਿਸ ‘ਚ ਐੱਚ. ਐੱਸ. ਫੂਲਕਾ ਆਪਣੀ ਚੌਧਰ ਜਮਾਉਣ ਲਈ ਹੱਥ-ਪੈਰ ਮਾਰ ਰਹੇ ਸਨ।

ਸਪੀਕਰ ਨੂੰ ਵਿਧਾਇਕਾਂ ਪ੍ਰਤੀ ਨਰਮੀ ਦਿਖਾਉਣ ਦੀ ਅਪੀਲ

ਸ੍ਰੀ ਜਾਖੜ ਨੇ ਵਿਧਾਨ ਸਭਾ ਦੇ ਸਪੀਕਰ ਤੇ ਮੁੱਖ ਮੰਤਰੀ ਨੂੰ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ‘ਆਨਰੇਰੀ ਅਹੁਦਾ’ ਕਾਇਮ ਕਰਨ ਦੀ ਅਪੀਲ ਕੀਤੀ ਤਾਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਅਹੁਦਾ ਦਿੱਤਾ ਜਾਵੇ ਕਿਉਂਕਿ ਸਾਬਕਾ ਮੁੱਖ ਮੰਤਰੀ ਪਛਾਣ ਦੇ ਸੰਕਟ ਤੇ ਆਪਣੀ ਪਾਰਟੀ ਦੇ ਤੀਜੇ ਸਥਾਨ ‘ਚ ਚਲੇ ਜਾਣ ਦੀਆਂ ਤਲਖ ਹਕੀਕਤਾਂ ਕਾਰਨ ਕਾਰਵਾਈ ‘ਚ ਸ਼ਾਮਲ ਹੋਣ ਤੋਂ ਔਖ ਮਹਿਸੂਸ ਕਰ ਰਹੇ ਹਨ।
ਸ੍ਰੀ ਜਾਖੜ ਨੇ ਸਪੀਕਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਪ੍ਰਤੀ ਨਰਮੀ ਦਿਖਾਉਣ ਦੀ ਅਪੀਲ ਕੀਤੀ ਕਿਉਂਕਿ ਉਹ ਵਿਧਾਨ ਸਭਾ ‘ਚ ਪਹਿਲੀ ਵਾਰ ਆਏ ਹਨ। ਉਨ੍ਹਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਸਦਨ ਦੇ ਕੰਮਕਾਜ ਦੀ ਸਿਖਲਾਈ ਦੇਣ ਦੀ ਵੀ ਅਪੀਲ ਕੀਤੀ।

ਸੁਖਬੀਰ ਵੱਲੋਂ ਸਪੀਕਰ ਖਿਲਾਫ਼ ਵਰਤੀ ਭਾਸ਼ਾ ਨੂੰ ਬਹੁਤ ਮੰਦਭਾਗੀ ਦੱਸਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆਖਿਆ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਆਪ ਵਿਧਾਇਕਾਂ ਦੇ ਗੈਰ-ਤਜ਼ਰਬੇਕਾਰ ਹੋਣ ਦਾ ਲਾਭ ਆਪਣੇ ਫਾਇਦੇ ਲਈ ਲਿਆ ਹੈ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਰੋਧੀ ਧਿਰਾਂ ਵੱਲੋਂ ਕੀਤੀ ਹੁੱਲੜਬਾਜ਼ੀ ‘ਚ ਜ਼ਖਮੀ ਹੋਇਆ ਵਾਰਡ ਐਂਡ ਵਾਚ ਦਾ ਕਰਮਚਾਰੀ ਬਾਸਕਟਬਾਲ ਦਾ ਕੌਮੀ ਖਿਡਾਰੀ ਹੈ।