ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ ਸਪੱਸ਼ਟ
- ਭਾਜਪਾ ਪ੍ਰਧਾਨ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਗੱਲਬਾਤ ਰਾਹੀਂ ਸੁਲਝਾਉਣ ਦਾ ਭਰੋਸਾ ਦਿੱਤਾ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਹਾਰ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ-ਭਾਜਪਾ ਗੱਠਜੋੜ ਜਾਰੀ ਰਹੇਗਾ ਅਗਲੀਆਂ ਲੋਕ ਸਭਾ ਚੋਣਾਂ ਗੱਠਜੋੜ ਵੱਲੋਂ ਇਕੱਠੀਆਂ ਲੜੀਆਂ ਜਾਣਗੀਆਂ।ਪੰਜਾਬ ਵਿੱਚ ਹਾਰ ਸਬੰਧੀ ਪਾਰਟੀ ਪੱਧਰ ‘ਤੇ ਇਸ ਸਬੰਧੀ ਵਿਚਾਰ ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਹਾਰ ਦੇ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਚੰਡੀਗੜ੍ਹ ਵਿਖੇ ਆਪਣੇ ਦੌਰੇ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਮਿਤ ਸ਼ਾਹ ਆਪਣੇ 95 ਦਿਨਾਂ ਦੇ ਦੌਰੇ ‘ਤੇ ਦੇਸ਼ ਭਰ ਵਿੱਚ ਜਾ ਰਹੇ ਹਨ, ਇਸ ਦੌਰੇ ਤਹਿਤ ਹੀ ਉਹ ਚੰਡੀਗੜ੍ਹ ਵਿਖੇ ਆਏ ਹੋਏ ਸਨ।
ਅਮਿਤ ਸ਼ਾਹ ਨੇ ਇਥੇ ਹਰਿਆਣਾ ਅਤੇ ਪੰਜਾਬ ‘ਚ ਭਾਜਪਾ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸੁਆਲਾਂ ਸਬੰਧੀ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੰਗਾ ਕੰਮ ਕਰ ਰਹੇ ਹਨ ਅਤੇ ਉਨਾਂ ਸਬੰਧੀ ਕੋਈ ਵੀ ਸ਼ਿਕਾਇਤ ਉਨਾਂ ਕੋਲ ਨਹੀਂ ਆ ਰਹੀਂ ਹੈ, ਇਸ ਲਈ ਉਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਬਦਲਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ। ਉਨਾਂ ਕਿਹਾ ਕਿ ਜਿਥੇ ਤੱਕ ਐਸ.ਵਾਈ.ਐਲ. ਦਾ ਮੁੱਦਾ ਹੈ ਤਾਂ ਪਿਛਲੇ ਦਿਨੀਂ ਰਾਜਨਾਥ ਸਿੰਘ ਨੇ ਚੰਡੀਗੜ ਦੇ ਦੌਰੇ ਦਰਮਿਆਨ ਇਸ ਮਾਮਲੇ ਦਾ ਹਲ ਕੱਢਣ ਲਈ ਦੋਵਾਂ ਸੂਬੇ ਦੀਆਂ ਸਰਕਾਰਾਂ ਨੂੰ ਇੱਕ ਟੇਬਲ ਬੈਠਣ ਲਈ ਕਿਹਾ ਹੈ ਅਤੇ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਹਰ ਸੰਭਵ ਕੋਸ਼ਸ਼ ਕਰ ਰਹੀਂ ਹੈ। ਇਸ ਲਈ ਜਲਦ ਹੀ ਇਸ ਦਾ ਹਲ ਕੱਢੇ ਜਾਣ ਦੀ ਸੰਭਾਵਨਾ ਹੈ।
ਅਮਿਤ ਸ਼ਾਹ ਨੇ ਇਥੇ ਕਸ਼ਮੀਰ ‘ਚ ਵਿਗੜੀ ਸਥਿਤੀ ਬਾਰੇ ਕਿਹਾ ਕਿ ਇਹ ਗੱਲ ਨਹੀਂ ਹੈ ਕਿ ਕਸ਼ਮੀਰ ਵਿੱਚ ਇਸ ਤਰਾਂ ਦੀ ਸਥਿਤੀ ਪਹਿਲੀ ਵਾਰ ਆਈ ਹੈ। ਕਸ਼ਮੀਰ ਵਿੱਚ ਕਈ ਦਹਾਕਿਆਂ ‘ਚ ਕਈ ਵਾਰ ਇਹੋ ਜਿਹੀ ਸਥਿਤੀ ਆਈ ਹੈ ਪਰ ਹਰ ਵਾਰ ਕਾਬੂ ਕਰ ਲਿਆ ਗਿਆ ਹੈ। ਉਨਾਂ ਸਰਕਾਰ ਦੀ ਵਿਦੇਸ਼ ਨੀਤੀ ਬਾਰੇ ਕਿਹਾ ਕਿ ਇਸ ਸਰਕਾਰ ਵਿੱਚ ਭਾਰਤ ਦੀ ਵਿਦੇਸ਼ ਨੀਤੀ ਸਭ ਤੋਂ ਜਬਰਦਸਤ ਰਹੀ ਹੈ ਅਤੇ ਇਸ ਸਬੰਧੀ ਉਹ ਲਗਾਤਾਰ 4 ਦਿਨ ਤੱਕ ਬੋਲ ਸਕਦੇ ਹਨ ।
ਪਰ ਸਮਾਂ ਘੱਟ ਹੋਣ ਦੇ ਕਾਰਨ ਸਿਰਫ਼ ਇੰਨਾ ਹੀ ਕਹਿਣਗੇ ਕਿ ਵਿਸ਼ਵ ਵਿੱਚ ਭਾਰਤ ਦਾ ਕੱਦ ਪਹਿਲਾਂ ਨਾਲੋਂ ਕਾਫ਼ੀ ਜਿਆਦਾ ਉੱਚਾ ਹੋਣ ਦੇ ਨਾਲ ਹੀ ਭਾਰਤ ਨੂੰ ਜਿਆਦਾ ਤਵੱਜੋ ਮਿਲਣੀ ਸ਼ੁਰੂ ਹੋ ਗਈ ਹੈ, ਜਿਹੜੀ ਕਿ ਪਹਿਲਾਂ ਨਹੀਂ ਮਿਲਦੀ ਸੀ। ਉਨਾਂ ਅੱਗੇ ਕਿਹਾ ਕਿ 2019 ਵਿੱਚ ਭਾਜਪਾ ਪਹਿਲਾਂ ਨਾਲੋਂ ਜਿਆਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੋ ਗੁਣਾਂ ਤੱਕ ਸੀਟਾਂ ਵਿੱਚ ਵਾਧਾ ਕਰੇਗੀ। ਉਨਾਂ ਕਿਹਾ ਕਿ ਮਿਸ਼ਨ 400 ਦੇ ਤਹਿਤ ਹੁਣ ਤੱਕ ਦਾ ਸਭ ਤੋਂ ਵੱਧ ਸੀਟਾਂ ਹਾਸਲ ਕਰਦੇ ਹੋਏ 2019 ਵਿੱਚ ਭਾਜਪਾ ਦੂਜੀ ਵਾਰ ਆਪਣੀ ਸਰਕਾਰ ਬਣਾਏਗੀ।
‘ਆਪ’ ਦਾ ਕੋਈ ਵਿਧਾਇਕ ਨਹੀਂ ਸੰਪਰਕ ‘ਚ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਨਹੀਂ ਹੈ ਅਤੇ ਨਾ ਹੀ ਕਿਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਭਾਜਪਾ ਆਗੂ ਦਾ ਨਿੱਜੀ ਤੌਰ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਸੰਪਰਕ ਹੋ ਸਕਦਾ ਹੈ ਪਰ ਭਾਜਪਾ ਦੇ ਸੰਪਰਕ ਵਿੱਚ ਕੋਈ ਵੀ ਵਿਧਾਇਕ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਹੈ। ਇੱਥੇ ਹੀ ਅਮਿਤ ਸ਼ਾਹ ਨੇ ਕਿਹਾ ਕਿ ਈ. ਵੀ. ਐਮ. ‘ਤੇ ਲਗਾਤਾਰ ਸੁਆਲ਼ੀਆ ਨਿਸ਼ਾਨ ਲਗਾ ਰਹੀ ਆਮ ਆਦਮੀ ਪਾਰਟੀ ਨੂੰ ਕੋਈ ਨਹੀਂ ਪੁੱਛਦਾ ਹੈ ਕਿ ਜੇਕਰ ਈ.ਵੀ.ਐਮ. ਮਸ਼ੀਨ ਵਿੱਚ ਇਸ ਤਰ੍ਹਾਂ ਦੀ ਗੜਬੜੀ ਹੋ ਸਕਦੀ ਹੈ ਤਾਂ ਦਿੱਲੀ ਵਿਖੇ ਕਿਹੜੀ ਇਹੋ ਜਿਹੀ ਈ.ਵੀ.ਐਮ. ਮਸ਼ੀਨ ਲੱਗੀ ਹੋਈ ਸੀ ਜਿੱਥੇ ਕਿ ਉਨ੍ਹਾਂ ਨੂੰ 70 ਵਿੱਚੋਂ 67 ਸੀਟਾਂ ਮਿਲੀਆਂ ਹਨ।