Agriculture Department Punjab: ਖੇਤੀਬਾੜੀ ਵਿਭਾਗ ਵੱਲੋਂ ਚਿੱਟੀ ਕੂੰਗੀ ਤੇ ਕਾਲੇ ਧੱਬਿਆਂ ਦੇ ਰੋਗ ਬਾਰੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ
- ਕਿਸਾਨਾਂ ਨੂੰ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨ ਦੀ ਸਲਾਹ
Agriculture Department Punjab: ਫਾਜ਼ਿਲਕਾ (ਰਜਨੀਸ਼ ਰਵੀ)। ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਮੇਂ ਸਰੋਂ ਦੀ ਫਸਲ ‘ਤੇ ਚਿੱਟੀ ਕੂੰਗੀ (White Rust) ਅਤੇ ਕਾਲੇ ਧੱਬਿਆਂ ਦਾ ਰੋਗ (Alternaria Blight) ਦਾ ਹਮਲਾ ਹੋ ਸਕਦਾ ਹੈ, ਜਿਸ ਨਾਲ ਉਪਜ ਅਤੇ ਗੁਣਵੱਤਾ ਵਿੱਚ ਕਾਫੀ ਘਾਟ ਆ ਸਕਦੀ ਹੈ। ਇਸ ਲਈ ਕਿਸਾਨ ਸਮੇਂ ਸਿਰ ਰੋਗਾਂ ਦੀ ਪਛਾਣ ਕਰਕੇ ਤੁਰੰਤ ਰੋਕਥਾਮ ਲਈ ਕਦਮ ਚੁੱਕਣ।
ਚਿੱਟੀ ਕੂੰਗੀ ਰੋਗ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ ਬਣ ਜਾਂਦੇ ਹਨ ਅਤੇ ਪੱਤੇ ਮੋਟੇ ਜਾਂ ਮੁੜ ਜਾਂਦੇ ਹਨ। ਕਈ ਵਾਰ ਫੁੱਲਾਂ ਅਤੇ ਫਲੀਆਂ ਦੀ ਬਣਤਰ ਵੀ ਵਿਗੜ ਜਾਂਦੀ ਹੈ। ਇਸ ਤੋਂ ਬਚਾਅ ਲਈ ਬੀਜ ਬੀਜਣ ਤੋਂ ਪਹਿਲਾਂ ਇਸ ਦਾ ਇਲਾਜ ਕਰਨਾ ਲਾਜ਼ਮੀ ਹੈ ਅਤੇ ਖੇਤ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ। ਰੋਗ ਦੇ ਲੱਛਣ ਦਿਖਣ ‘ਤੇ ਮੈਟਾਲੈਕਸਿਲ + ਮੈਨਕੋਜ਼ੇਬ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਲਈ ਛਿੜਕਾਅ ਕੀਤਾ ਜਾਵੇ ਅਤੇ ਲੋੜ ਹੋਣ ‘ਤੇ 10–12 ਦਿਨ ਬਾਅਦ ਦੁਬਾਰਾ ਛਿੜਕਾਅ ਕੀਤਾ ਜਾਵੇ।
Agriculture Department Punjab
ਕਾਲੇ ਧੱਬਿਆਂ ਦੇ ਰੋਗ ਵਿੱਚ ਪੱਤਿਆਂ ‘ਤੇ ਗੋਲ ਕਾਲੇ ਜਾਂ ਭੂਰੇ ਧੱਬੇ ਬਣ ਜਾਂਦੇ ਹਨ ਅਤੇ ਧੱਬਿਆਂ ਦੇ ਆਲੇ-ਦੁਆਲੇ ਪੀਲਾਪਣ ਆ ਸਕਦਾ ਹੈ। ਗੰਭੀਰ ਹਮਲੇ ਦੀ ਸਥਿਤੀ ਵਿੱਚ ਪੱਤੇ ਸੁੱਕ ਕੇ ਝੜ ਸਕਦੇ ਹਨ ਅਤੇ ਫਲੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਇਸ ਰੋਗ ਤੋਂ ਬਚਾਅ ਲਈ ਫਸਲ ਚੱਕਰ ਅਪਣਾਇਆ ਜਾਵੇ ਅਤੇ ਇੱਕੋ ਖੇਤ ਵਿੱਚ ਲਗਾਤਾਰ ਸਰੋਂ ਦੀ ਕਾਸ਼ਤ ਨਾ ਕੀਤੀ ਜਾਵੇ। ਸੰਤੁਲਿਤ ਖਾਦਾਂ ਦੀ ਵਰਤੋਂ ਕੀਤੀ ਜਾਵੇ ਅਤੇ ਰੋਗ ਦੇ ਸ਼ੁਰੂਆਤੀ ਪੜਾਅ ‘ਤੇ ਮੈਨਕੋਜ਼ੇਬ 2–2.5 ਗ੍ਰਾਮ ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਲਈ ਛਿੜਕਾਅ ਕੀਤਾ ਜਾਵੇ।
Read Also : ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ: 40 ਲੱਖ ਗ਼ਰੀਬ ਪਰਿਵਾਰਾਂ ਨੂੰ ਮਿਲੇਗਾ ਫਾਇਦਾ
ਡਾ. ਹਰਪ੍ਰੀਤਪਾਲ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਕਿਸੇ ਵੀ ਰੋਗ ਦੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ। ਸਮੇਂ ਸਿਰ ਰੋਕਥਾਮ ਕਾਰਵਾਈ ਕਰਕੇ ਸਰੋਂ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ।














